ਗੁਜਰਾਲ ਦੀ ਸਲਾਹ ਮੰਨ ਕੇ ਫ਼ੌਜ ਬੁਲਾਉਣ ਦਾ ਫ਼ੈਸਲਾ ਕੀਤਾ ਹੰੁਦਾ ਤਾਂ ਸ਼ਾਇਦ '84 ਦੇ ਦੰਗੇ ਨਾ ਹੁੰਦੇ-ਡਾ: ਮਨਮੋਹਨ ਸਿੰਘ

ਡਾ: ਮਨਮੋਹਨ ਸਿੰਘ ਨੇ ਆਈ.ਕੇ. ਗੁਜਰਾਲ ਨੂੰ 100ਵੇਂ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ 

ਨਵੀਂ ਦਿੱਲੀ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਲਗਾਤਾਰ ਵਿਗੜ ਰਹੇ ਹਾਲਾਤ ਨੂੰ ਵੇਖਦਿਆਂ ਇੰਦਰ ਕੁਮਾਰ ਗੁਜਰਾਲ ਨੇ ਉਸੇ ਦਿਨ ਹੀ ਸ਼ਾਮ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਨਰਸਿਮਾ ਰਾਓ ਨੂੰ ਸੁਚੇਤ ਕਰਦਿਆਂ ਫ਼ੌਜ ਬੁਲਾਉਣ ਦੀ ਸਲਾਹ ਦਿੱਤੀ ਸੀ | ਜੇਕਰ ਉਸ ਵੇਲੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲਈ ਹੁੰਦੀ ਤਾਂ ਉਸ ਵੇਲੇ ਦੰਗਿਆਂ ਤੋਂ ਬਚਿਆ ਜਾ ਸਕਦਾ ਸੀ | ਉਕਤ ਵਿਚਾਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਦਿੱਲੀ 'ਚ ਕਰਵਾਏ ਇਕ ਸਮਾਗਮ 'ਚ ਪ੍ਰਗਟ ਕੀਤੇ | ਡਾ: ਮਨਮੋਹਨ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ 'ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ | ਡਾ: ਮਨਮੋਹਨ ਸਿੰਘ ਨੇ ਆਈ.ਕੇ. ਗੁਜਰਾਲ ਨੂੰ ਦਿੱਤੀ ਸ਼ਰਧਾਂਜਲੀ 'ਚ ਉਨ੍ਹਾਂ ਦੇ ਪੰਜਾਬ ਸਬੰਧੀ ਵਿਸ਼ੇਸ਼ ਮੋਹ ਦਾ ਵੀ ਜ਼ਿਕਰ ਕੀਤਾ | ਡਾ: ਸਿੰਘ ਨੇ ਗੁਜਰਾਲ ਦੇ ਮਾਸਕੋ ਵਿਖੇ ਭਾਰਤ ਦੇ ਰਾਜਦੂਤ ਰਹਿੰਦੇ ਸਮੇਂ ਦੌਰਾਨ ਕੁਝ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੰਜਾਬ 'ਚ ਵੱਧ ਰਹੇ ਅੱਤਵਾਦ ਨੂੰ ਲੈ ਕੇ ਅਕਸਰ ਫ਼ਿਕਰਮੰਦ ਰਹਿੰਦੇ ਸਨ ਅਤੇ ਹਰ ਆਉਣ-ਜਾਣ ਵਾਲੇ ਤੋਂ ਪੰਜਾਬ 'ਚ ਹੀ ਰਹੀਆਂ ਸਰਗਰਮੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਸਨ | ਇੰਦਰ ਕੁਮਾਰ ਗੁਜਰਾਲ ਦੇ ਬੇਟੇ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵਲੋਂ ਕਰਵਾਏ ਗਏ ਇਸ ਸਮਾਗਮ 'ਚ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਆਈ.ਕੇ.ਗੁਜਰਾਲ ਵਲੋਂ ਵਿਦੇਸ਼ ਨੀਤੀ 'ਤੇ ਦਿੱਤੇ ਮੂਲ ਮੰਤਰ, ਜਿਸ ਨੂੰ 'ਗੁਜਰਾਲ ਸਿਧਾਂਤ' ਕਿਹਾ ਜਾਂਦਾ ਹੈ, 'ਤੇ ਚਰਚਾ ਕੀਤੀ ਗਈ | ਕੀ ਗੁਜਰਾਲ ਸਿਧਾਂਤ ਜਿਸ ਨੂੰ ਭਾਰਤ ਦੀ ਵਿਦੇਸ਼ ਨੀਤੀ ਦਾ ਮੀਲ ਪੱਥਰ ਵੀ ਕਿਹਾ ਜਾਂਦਾ ਹੈ, ਅਜੋਕੇ ਸਮੇਂ 'ਚ ਵੀ ਢੁਕਵਾਂ ਹੈ | ਇਸ ਮੌਕੇ ਮੌਜੂਦ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਸਮੇਂ ਆਈ. ਕੇ. ਗੁਜਰਾਲ ਵਲੋਂ ਇਹ ਸਿਧਾਂਤ ਉਲੀਕਿਆਂ ਸੀ | ਉਸ ਵੇਲੇ ਵਿਦੇਸ਼ਾਂ ਅਤੇ ਖ਼ਾਸ ਤੌਰ 'ਤੇ ਗੁਆਂਢੀ ਮੁਲਕ ਨਾਲ ਸਾਡੇ ਸਬੰਧਾਂ 'ਚ ਉਮੀਦ ਦੀ ਕਾਫ਼ੀ ਸੰਭਾਵਨਾ ਸੀ | ਵਿਦੇਸ਼ ਮੰਤਰੀ ਨੇ ਅਸਿੱਧੇ ਤੌਰ 'ਤੇ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਸਮੇਂ ਦੇ ਨਾਲ ਹੋਏ ਬਦਲਾਅ ਦਾ ਵੀ ਜ਼ਿਕਰ ਕੀਤਾ, ਜਿਸ 'ਚ ਸੰਸਦ 'ਚ ਹੋਏ ਅਤੇ ਮੁੰਬਈ 'ਚ ਹੋਇਆ ਅੱਤਵਾਦੀ ਹਮਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸੀ | ਵਿਦੇਸ਼ ਮੰਤਰੀ ਨੇ ਪਾਕਿਸਤਾਨ 'ਚੋਂ ਇਲਾਵਾ ਬਾਕੀ ਗੁਆਂਢੀ ਦੇਸ਼ਾਂ ਜਿਸ 'ਚ ਸ੍ਰੀਲੰਕਾ ਦਾ ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ, ਨਾਲ ਸਬੰਧਾਂ ਬਾਰੇ ਬੋਲਦਿਆਂ ਜੈ ਸ਼ੰਕਰ ਨੇ ਕਿਹਾ ਕਿ ਉਨ੍ਹਾਂ (ਗੁਜਰਾਲ) ਦੀਆਂ ਨੀਤੀਆਂ ਨੇ ਸਾਨੂੰ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਦੇ ਸਹੀ ਫ਼ੈਸਲੇ ਲੈਣ 'ਚ ਮਦਦ ਕੀਤੀ | ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਆਈ.ਕੇ. ਗੁਜਰਾਲ ਦੇ ਘੱਟ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਲਈ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਸੀਤਾ ਰਾਮ ਕੇਸਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇਕਰ ਉਸ ਸਮੇਂ ਕਾਂਗਰਸ ਨੇ ਸਮਰਥਨ ਵਾਪਸ ਨਾ ਲਿਆ ਹੁੰਦਾ ਤਾਂ ਗੁਜਰਾਲ ਸਰਕਾਰ ਆਪਣੀ ਕਾਰਜਕਾਲ ਦੀ ਮਿਆਦ ਪੂਰੀ ਕਰਦੀ | ਇਸ ਮੌਕੇ 'ਤੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਡਾ: ਕਰਨ ਸਿੰਘ, ਪਿਊਸ਼ ਗੋਇਲ ਸਮੇਤ ਕਈ ਰਾਜ ਸਭਾ ਅਤੇ ਲੋਕ ਸਭਾ ਮੈਂਬਰ ਮੌਜੂਦ ਸਨ |