ਪੰਜ ਦਿਨਾਂ ਬਾਅਦ ਲਾਸ਼ ਮਿਲਣ ’ਤੇ ਪਰਿਵਾਰ ਤੇ ਸ਼ਹਿਰ ਵਾਸੀਆਂ ਵੱਲੋਂ ਧਰਨਾ

ਸਰਦੂਲਗੜ੍ਹ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-  ਸਰਦੂਲਗੜ੍ਹ ਪੁਲੀਸ ਵੱਲੋ ਵਾਰਡ ਨੰਬਰ 5 ’ਚ ਨਸ਼ੇ ਦੀ ਰੋਕਥਾਮ ਲਈ ਪਿਛਲੇ ਦਿਨੀ ਛਾਪਾ ਮਾਰਿਆ ਸੀ। ਇਸ ਦੌਰਾਨ ਅੰਮ੍ਰਿਤਪਾਲ ਪੁੱਤਰ ਜਗਸੀਰ ਸਿੰਘ ਨੇ ਪੁਲੀਸ ਤੋ ਡਰਦੇ ਹੋਏ ਵਾਰਡ ਦੇ ਨਾਲ ਲੰਘਦੇ ਘੱਗਰ ਦਰਿਆ ’ਚ ਪੁਲੀਸ ਦੇ ਸਾਹਮਣੇ ਹੀ ਛਾਲ ਮਾਰ ਦਿੱਤੀ ਜਿਸ ਦੀ ਡੁੱਬਣ ਕਾਰਨ ਮੋਤ ਹੋ ਗਈ ਸੀ।
ਇਸ ਨੂੰ ਲੈ ਕੇ ਪਰਿਵਾਰ ਅਤੇ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਅੱਜ ਮਿ੍ਤਕ ਅੰਮਿ੍ਤਪਾਲ ਦੀ ਲਾਸ਼ ਮਿਲਣ ਕਾਰਨ ਪਰਿਵਾਰ ਅਤੇ ਵਾਰਡ ਵਾਸੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ, ਸੈਂਟਰਲ ਬਾਲਮੀਕੀ ਸਭਾ ਪੰਜਾਬ ਦੇ ਉੱਪ ਪ੍ਰਧਾਨ ਰਣਜੀਤ ਸਿੰਘ ਅਤੇ ਵਾਰਡ ਨੰਬਰ 5 ਦੇ ਐਮ.ਸੀ. ਭਰਪੂਰ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਉਕਤ ਆਗੂ ਨੇ ਮੰਗ ਕੀਤੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, ਆਰਥਿਕ ਸਹਾਇਤਾ ਅਤੇ ਪੁਲੀਸ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪਹੁੰਚੇ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ। ਇਸ ਵਿਸ਼ਵਾਸ ਤੇ ਪਰਿਵਾਰ ਅਤੇ ਲੋਕਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ।