ਪੰਜਾਬੀ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਇਕ ਵਿਸ਼ੇਸ਼ ਪੋਸਟਰ ਤਿਆਰ ਕਰਕੇ ਵੰਡੇਗੀ

ਸਾਨੂ ਪੰਜਾਬੀ ਬੋਲੀ ਨੂੰ ਪਰਿਵਾਰ ਦਾ ਸਿਗਾਰ ਬਣਾਉਣ ਲਈ ਯਤਨ ਕਰਨ ਦੀ ਲੋੜ-  ਪ੍ਰੋ ਗੁਰਭਜਨ ਸਿੰਘ ਗਿੱਲ 

ਲੰਡਨ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਇੰਗਲੈਂਡ ਭਰ 'ਚ ਪੰਜਾਬੀ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਇਕ ਵਿਸ਼ੇਸ਼ ਪੋਸਟਰ ਤਿਆਰ ਕਰਕੇ ਵੰਡੇਗੀ, ਜਿਸ ਨੂੰ ਹਰ ਪੰਜਾਬੀ ਪਰਿਵਾਰ ਦੇ ਘਰ ਦਾ ਸ਼ਿੰਗਾਰ ਬਣਾਉਣ ਲਈ ਯਤਨ ਕੀਤੇ ਜਾਣਗੇ । ਇਹ ਵਿਚਾਰ ਮੇਲ ਗੇਲ ਮਲਟੀ ਕਚਲਰਲ ਪ੍ਰਾਜੈਕਟ ਸਾਊਥਾਲ ਵਿਖੇ ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਸਭਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਸਾਥੀਆਂ ਨੇ ਉਨ੍ਹਾਂ ਦੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਹੈ । ਪ੍ਰੋ: ਗਿੱਲ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਸਿੱਖੀ ਪਹਿਚਾਣ ਬਚਾਉਣ ਲਈ ਊੜੇ ਅਤੇ ਜੂੜੇ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਯਤਨ ਕਰਨ ਦੀ ਲੋੜ ਹੈ । ਇਸ ਮੌਕੇ ਪ੍ਰੋ: ਗੁਰਭਜਨ ਸਿੰਘ ਗਿੱਲ ਵਲੋਂ ਪੈਂਤੀ ਅੱਖਰੀ ਦਾ ਤਿਆਰ ਕੀਤਾ ਪੋਸਟਰ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਮੀਤ ਪ੍ਰਧਾਨ ਸੋਹਣ ਸਿੰਘ ਸਮਰਾ, ਲੇਬਰ ਪਾਰਟੀ ਆਗੂ ਸੀਮਾ ਮਲਹੋਤਰਾ, ਗੁਰਬਚਨ ਸਿੰਘ ਅਟਵਾਲ, ਨਸੀਬ ਕੌਰ ਜਗਦੇਵ, ਹਰਬੰਸ ਕੌਰ, ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਸ਼ਿਵਚਰਨ ਗਿੱਲ ਮੈਮੋਰੀਅਲ ਵਲੋਂ ਸ਼ਿਵਦੀਪ ਕੌਰ ਢੇਸੀ, ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵਲੋਂ ਡਾ: ਤਾਰਾ ਸਿੰਘ ਆਲਮ, ਨਰਪਾਲ ਸਿੰਘ ਸ਼ੇਰਗਿੱਲ, ਬਲਕਾਰ ਸਿੰਘ ਢਿੱਲੋਂ, ਨਰਿੰਦਰ ਸਿੰਘ ਧਾਰੀਵਾਲ, ਗੁਰਦਿਆਲ ਸਿੰਘ ਧਾਲੀਵਾਲ ਆਦਿ ਵਲੋਂ ਜਾਰੀ ਕੀਤਾ ਗਿਆ ।