ਸਾਊਥਾਲ/ਲੰਡਨ, ਨਵੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-
ਬੀਤੇ ਦਿਨੀਂ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਲੰਡਨ ਦੇ ਸਟੈਨਸਟੇਡ ਹਵਾਈ ਅੱਡੇ ਲਈ ਸ਼ੁਰੂ ਹੋਈ ਸਿੱਧੀ ਉਡਾਣ ਦੇ ਸ਼ੁਕਰਾਨੇ ਵਜੋਂ ਵੱਖ-ਵੱਖ ਆਗੂ ਜਿਨ੍ਹਾਂ ਵਿਚ ਤਨਮਨਜੀਤ ਸਿੰਘ ਢੇਸੀ, ਸੰਮੀਪ ਸਿੰਘ ਗੁਮਟਾਲਾ ਆਦਿ ਸ਼ਾਮਲ ਸਨ, ਸ਼ੁਕਰਾਨੇ ਵਜੋਂ ਲੰਡਨ ਦੇ ਸ੍ਰੀ ਗੁਰੁ ਸਿੰਘ ਸਭਾ ਸਾਉਥਹਾਲ ਗੁਰੂ ਘਰ ਨਤਮਸਤਕ ਹੋਏ। ਯੂ.ਕੇ. ਦੇ ਬਹੁਤ ਸਾਰੇ ਗੁਰੂ ਘਰਾਂ ਜਿਸ ਵਿਚ ਸ੍ਰੀ ਗੁਰੁ ਸਿੰਘ ਸਭਾ ਵੀ ਸ਼ਾਮਲ ਹੈ, ਵੱਲੋਂ ਲੰਡਨ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਭਰਵੀਂ ਹਮਾਇਤ ਕੀਤੀ ਗਈ ਸੀ।ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਲੰਡਨ ਦੀ ਸੰਗਤ ਬਹੁਤ ਹੀ ਲੰਮੇ ਸਮੇਂ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੋਣ ਲਈ ਆਸਵੰਦ ਸੀ।
ਦੇਸ਼-ਵਿਦੇਸ਼ ਤੋਂ ਇਸ ਉਡਾਣ ਨੂੰ ਸ਼ੁਰੂ ਕਰਾਉਣ ਲਈ ਬਹੁਤ ਹੀ ਲੰਮੇ ਸਮੇਂ ਤੋਂ ਉਪਰਾਲੇ ਕੀਤੇ ਗਏ, ਜਿਸ ਵਿੱਚ ਸਲੋਅ ਦੇ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ, ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਰਸੀਜ਼ ਸਕੱਤਰ ਸੰਮੀਪ ਸਿੰਘ ਗੁਮਟਾਲਾ, ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਕੋਂਸਲਰ ਸ. ਚਰਨ ਕੰਵਲ ਸਿੰਘ ਸੇਖੋਂ ਦਾ ਵੀ ਖਾਸ ਯੋਗਦਾਨ ਰਿਹਾ।ਉਹਨਾਂ ਇਹਨਾਂ ਆਗੂਆਂ ਸਮੇਤ ਭਾਰਤ ਸਰਕਾਰ ਦਾ ਵੀ ਧੰਨਵਾਦ ਕੀਤਾ ਅਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਵੀ ਉਡਾਣ ਦੇ ਸ਼ੁਰੂ ਹੋਣ ਲਈ ਵੀ ਉਮੀਦ ਜਤਾਈ।
ਸਲੋਅ ਦੇ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਲੰਮੇ ਸਮੇਂ ਤੋਂ ਯਤਨਸ਼ੀਲ ਹਨ ਕਿ ਲੰਡਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੋਵੇ। ਬਜ਼ੁਰਗਾਂ ਤੇ ਬੱਚਿਆਂ ਖ਼ਾਸ ਕਰਕੇ ਤੇ ਆਮ ਯਾਤਰੂਆਂ ਨੂੰ ਇਸ ਨਾਲ ਹੁਣ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਪੰਜਾਬ ਆਉਣ ਜਾਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਇਹ ਮੰਗ ਸੀ ਕਿ ਹੀਥਰੋ ਤੋਂ ਸਿੱਧੀ ਉਡਾਣ ਸ਼ੁਰੂ ਹੋਵੇ ਪਰ ਇਹ ਜਾਣਕਾਰੀ ਮਿਲੀ ਹੈ ਕਿ ਉੱਥੇ ਸਲਾਟ ਨਾ ਮਿਲਣ ਕਰਕੇ ਉਡਾਣ ਸ਼ੁਰੂ ਨਹੀਂ ਹੋ ਸਕੀ।ਉਹਨਾਂ ਭਾਰਤ ਸਰਕਾਰ, ਏਅਰ ਇੰਡੀਆਂ ਦਾ ਧੰਨਵਾਦ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿੱਚ ਲੰਡਨ ਹੀਥਰੋ ਲਈ ਵੀ ਉਡਾਣ ਸ਼ੁਰੂ ਹੋ ਸਕੇਗੀ।
ਇਸ ਲਈ ਉਹਨਾਂ ਨੇ ਯੂ.ਕੇ. ਦੀ ਸਰਕਾਰ ਦੇ ਮੰਤਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੰਮੀਪ ਸਿੰਘ ਗੁਮਟਾਲਾ, ਚਰਨ ਕੰਵਲ ਸਿੰਘ ਸੇਖੋਂ ਤੇ ਕਈ ਹੋਰਨਾਂ ਦੀਆਂ ਕੋਸ਼ਿਸ਼ਾਂ ਸਦਕਾ ਪਹਿਲਾਂ ਬਰਮਿੰਘਮ ਉਡਾਣ ਸ਼ੁਰੂ ਹੋਈ ਸੀ ਤੇ ਹੁਣ ਇਹ ਉਡਾਣ ਸ਼ੁਰੂ ਹੋਈ ਹੈ।ਅੰਮ੍ਰਿਤਸਰ ਵਿਕਾਸ ਮੰਚ ਦੇ ਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਉਪਰਾਲੇ) ਦੇ ਗਲੋਬਲ ਕਨਵੀਨਰ ਸੰਮੀਪ ਸਿੰਘ ਗੁਮਟਾਲਾ ਜੋ ਕਿ ਅਮਰੀਕਾ ਵਾਸੀ ਹਨ ਨੇ ਇਸ ਉਡਾਣ ਲਈ ਲੰਡਨ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਡਾਣ ਨੂੰ ਵੱਧ ਤੋਂ ਵੱਧ ਸਫ਼ਲ ਬਨਾਉਣ ਤਾਂ ਜੋ ਇਨ੍ਹਾਂ ਵਧੀਆ ਅੰਕੜਿਆਂ ਨਾਲ ਹੀਥਰੋ ਉਡਾਣ ਲਈ ਹਵਾਈ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਸਕੇ।ਉਹਨਾਂ ਲੰਡਨ ਦੀ ਫੇਰੀ ਸਮੇਂ ਸੰਗਤ ਵਲੋਂ ਮਿਲੇ ਪਿਆਰ ਤੇ ਮਾਨ ਸਤਿਕਾਰ ਲਈ ਉਹਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ. ਤਨਮਨਜੀਤ ਸਿੰਘ ਢੇਸੀ ਤੇ ਸਮੀਪ ਸਿੰਘ ਗੁਮਟਾਲਾ ਦੇ ਇਸ ਉਡਾਣ ਨੂੰ ਸ਼ੁਰੂ ਕਰਾਉਣ ਦੇ ਉਪਰਾਲਿਆਂ ਲਈ ਸਿਰੋਪੇੳਨਾਲ ਸਨਮਾਨ ਕੀਤਾ ਗਿਆ।