ਹਫਤਾਵਾਰੀ ਅਖਬਾਰ 'ਦੇਸ਼ ਪ੍ਰਦੇਸ' ਦੇ  ਮੁੱਖ ਸੰਪਾਦਕ ਗੁਰਬਖਸ਼ ਸਿੰਘ ਵਿਰਕ ਸੁਰਗਵਾਸ 

ਇੰਗਲੈਂਡ ਦੀ ਪੰਜਾਬੀ ਪੱਤਰਕਾਰੀ 'ਚ ਪਿਆ ਵੱਡਾ ਘਾਟਾ

ਲੰਡਨ,01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ ) ਇੰਗਲੈਂਡ ਦੇ ਪ੍ਰਸਿੱਧ ਹਫ਼ਤਾਵਾਰੀ ਅਖ਼ਬਾਰ 'ਦੇਸ ਪ੍ਰਦੇਸ਼' ਦੇ ਮੁੱਖ ਸੰਪਾਦਕ ਗੁਰਬਖ਼ਸ਼ ਸਿੰਘ ਵਿਰਕ (86) ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਸ. ਵਿਰਕ ਆਪਣੇ ਪਿੱਛੇ ਬੇਟਾ ਸਰਬਜੀਤ ਸਿੰਘ ਵਿਰਕ ਅਤੇ ਦੋ ਬੇਟੀਆਂ ਸਮੇਤ ਆਪਣਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ । ਸ.ਵਿਰਕ ਦਾ ਜਨਮ 1937 'ਚ ਅਣਵੰਡੇ ਪੰਜਾਬ ਦੇ ਸ਼ੇਖ਼ੂਪੁਰਾ 'ਚ ਹੋਇਆ ਸੀ, ਜਦ ਕਿ ਵੰਡ ਤੋਂ ਬਾਅਦ ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਰੇਰੂ ਵਿਖੇ ਆ ਕੇ ਰਹਿਣ ਲੱਗੇ ।ਉਨ੍ਹਾਂ ਆਪਣੇ ਜੀਵਨ ਵਿਚ ਵੱਖ-ਵੱਖ ਅਖ਼ਬਾਰਾਂ ਨਾਲ ਕੰਮ ਕਰਦਿਆਂ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਜਲੰਧਰ ਤੋਂ ਛਪਦੇ ਅਕਾਲੀ ਪੱਤਰਕਾ ਅਖਬਾਰ 'ਚ 1962 ਤੋਂ 1985 ਤੱਕ ਕੰਮ ਕੀਤਾ ।ਦੇਸ ਪ੍ਰਦੇਸ ਦੇ ਬਾਨੀ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਦੇ ਕਹਿਣ ਸ. ਵਿਰਕ ਨੇ 1985 'ਚ ਯੂ.ਕੇ. 'ਚ ਆ ਕੇ ਹਫ਼ਤਾਵਾਰੀ ਅਖ਼ਬਾਰ ਦੇਸ ਪ੍ਰਦੇਸ ਲਈ ਕੰਮ ਸ਼ੁਰੂ ਕੀਤਾ ।ਗੁਰਬਖ਼ਸ਼ ਸਿੰਘ ਵਿਰਕ 1995 ਤੋਂ ਹੁਣ ਤੱਕ ਬਤੌਰ ਮੁੱਖ ਸੰਪਾਦਕ ਸੇਵਾਵਾਂ ਨਿਭਾਉਂਦੇ ਆ ਰਹੇ ਸਨ । ਉਨ੍ਹਾਂ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ 'ਚ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਆਪਣੀ ਅਗਵਾਈ ਹੇਠ ਬਹੁਤ ਸਾਰੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ । ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ 8 ਫ਼ਰਵਰੀ ਬੁੱਧਵਾਰ 12 ਵਜੇ ਹੈਨਵਰਥ ਸ਼ਮਸ਼ਾਨ-ਘਾਟ ਵਿਖੇ ਹੋਵੇਗਾ ਅਤੇ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਵਿਖੇ ਅੰਤਿਮ ਅਰਦਾਸ ਹੋਵੇਗੀ । 

ਗੁਰਬਖ਼ਸ਼ ਸਿੰਘ ਵਿਰਕ ਦੇ ਅਕਾਲ ਚਲਾਣਾ 'ਤੇ ਡਾ ਕੁਲਵੰਤੁ ਸਿੰਘ ਧਾਲੀਵਾਲ, ਐਮ.ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਸੀਮਾ ਮਲਹੋਤਰਾ, ਲੰਡਨ ਅਸੈਂਬਲੀ ਮੈਂਬਰ ਡਾ. ਉਂਕਾਰ ਸਿੰਘ ਸਹੋਤਾ, ਈਲਿੰਗ ਦੀ ਮੇਅਰ ਮਹਿੰਦਰ ਕੌਰ ਮਿੱਡਾ, ਹੰਸਲੋ ਮੇਅਰ ਰਘਵਿੰਦਰ ਸਿੰਘ ਸਿੱਧੂ, ਕੌਂਸਲਰ ਕੰਮਲਪ੍ਰੀਤ ਕੌਰ, ਕੌਂਸਲਰ ਰਾਜੂ ਸੰਸਾਰਪੁਰੀ, ਦਲਜੀਤ ਸਿੰਘ ਸਹੋਤਾ, ਵਾਹਿਗੁਰੂ ਪਾਲ ਸਿੰਘ ਔਲਖ, ਅਮਰਜੀਤ ਸਿੰਘ ਢਿੱਲੋਂ, ਮਨਜੀਤ ਸਿੰਘ ਲਿੱਟ, ਸੁਖਦੇਵ ਸਿੰਘ ਵੇਲਜ, ਪਰਮਜੀਤ ਸਿੰਘ ਪੰਮੀ ਰੰਧਾਵਾ, ਸੰਤੋਖ ਸਿੰਘ ਢੇਸੀ , ਸੁਖਦੇਵ ਸਿੰਘ ਔਜਲਾ , ਗਿਆਨੀ ਅਮਰੀਕ ਸਿੰਘ ਰਠੌਰ , ਅਮਨਜੀਤ ਸਿੰਘ ਖਹਿਰਾ ਮੁਖ ਸੰਪਾਦਕ ਜਨ ਸਕਤੀ ਨਿਊਜ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |