10 ਲੱਖ ਪੌਡ ਯੂ.ਕੇ. ਤੋਂ ਡੁਬਈ ਲਿਜਾਣ ਵਾਲੇ ਗਰੋਹ ਨੂੰ ਅਦਾਲਤ 'ਚ ਕੀਤਾ ਪੇਸ਼

5 ਭਾਰਤੀ ਅਤੇ 5 ਹੋਰ ਨੈਸਨਲਟੀ ਦੇ ਲੋਕ ਹਨ

ਆਕਸਬਿ੍ਜ਼​/ਲੰਡਨ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

 ਸੂਟਕੇਸ 'ਚ ਪਾ ਕੇ 10 ਲੱਖ ਪੌਡ ਯੂ.ਕੇ. ਤੋਂ ਡੁਬਈ ਲਿਜਾਣ ਵਾਲੇ ਬੁੱਧਵਾਰ ਨੂੰ ਗਿ੍ਫ਼ਤਾਰ ਕੀਤੇ ਗਏ ਗਰੋਹ ਨੂੰ ਆਕਸਬਿ੍ਜ਼ ਮੈਜਿਸਟਰੇਟ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਿਆ ਹੈ | ਯੂ.ਕੇ. ਦੀ ਰਾਸ਼ਟਰੀ ਅਪਰਾਧ ਏਜੰਸੀ ਵਲੋਂ ਬੁੱਧਵਾਰ ਨੂੰ 5 ਭਾਰਤੀਆਂ ਸਮੇਤ 10 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ 'ਤੇ ਹਵਾਲਾ ਨਕਦੀ, ਮਹਿੰਗੀਆਂ ਕਾਰਾਂ, ਡਰਗ ਅਤੇ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਯੂ.ਕੇ. ਲਿਆਉਣ ਦਾ ਧੰਦਾ ਵੀ  ਕਰਨ ਦੇ ਦੋਸ਼ ਹਨ । ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਚਰਨ ਸਿੰਘ, ਬਲਜੀਤ ਸਿੰਘ, ਜਸਬੀਰ ਸਿੰਘ ਸਹਾਲ, ਸੁੰਦਰ ਵੈਂਜ਼ਾਦਾਸਲਮ, ਜਸਬੀਰ ਸਿੰਘ ਮਲਹੋਤਰਾ, ਮਨਮੋਹਨ ਸਿੰਘ ਕਪੂਰ ਅਤੇ ਪਿੰਕੀ ਕਪੂਰ ਹਨ, ਜਿਨ੍ਹਾਂ 'ਤੇ ਅਪਰਾਧੀ ਗਰੋਹ ਦਾ ਮੈਂਬਰ ਬਣ ਕੇ ਪੈਸੇ ਦੇ ਲੈਣ ਦੇਣ ਦੇ ਦੋਸ਼ ਲਗਾਏ ਗਏ ਹਨ | ਜਦ ਕਿ ਸਵਿੰਦਰ ਸਿੰਘ ਦਹਾਲ, ਜਸਬੀਰ ਸਿੰਘ ਕਪੂਰ ਅਤੇ ਦਿਲਜਾਨ ਮਲਹੋਤਰਾ ਨੂੰ ਉਕਤ ਦੋਸ਼ਾਂ ਦੇ ਨਾਲ-ਨਾਲ ਇੰਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵੀ ਲਗਾਏ ਹਨ | ਐਨ.ਸੀ.ਏ. ਅਨੁਸਾਰ ਉਕਤ ਵਿਅਕਤੀਆਂ 'ਚੋਂ 5 ਭਾਰਤੀ ਨਾਗਰਿਕ ਹਨ, ਜਦ ਕਿ ਦੂਜੇ ਬਰਤਾਨਵੀ ਅਤੇ ਫਰੈਂਚ ਹਨ | ਐਨ.ਸੀ.ਏ. ਅਨੁਸਾਰ ਉਕਤ ਗਰੋਹ ਵਲੋਂ 155 ਲੱਖ ਪੌਡ ਯੂ.ਕੇ ਤੋਂ ਡੁਬਈ ਸੂਟਕੇਸਾਂ 'ਚ ਪਾ ਕੇ ਲਿਜਾਇਆ ਗਿਆ, ਇਸ ਜਾਂਚ ਲਈ ਡੁਬਈ ਪੁਲਿਸ, ਸੀਮਾ ਫੋਰਸ ਅਤੇ ਸਕਾਟਲੈਂਡ ਯਾਰਡ ਦੇ ਸਾਂਝੇ ਯਤਨਾਂ ਨਾਲ ਕਾਮਯਾਬੀ ਮਿਲੀ ਹੈ |