ਰਾਏਕੋਟ/ਜਗਰਾਉਂ/ਲੁਧਿਆਣਾ, ਅਕਤੂਬਰ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਹਲਕਾ ਰਾਏਕੋਟ ਦੀਆਂ ਦੋ ਅਹਿਮ ਸੜਕਾਂ ਦੀ ਮੁਰੰਮਤ ਲਈ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਇਸ ਮੁਰੰਮਤ ਕਾਰਜ 'ਤੇ 12 ਕਰੋੜ 64 ਲੱਖ 64 ਹਜ਼ਾਰ ਰੁਪਏ ਖਰਚੇ ਜਾਣਗੇ। ਇਸ ਸੰਬੰਧੀ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਹਲਕਾ ਫਤਹਿਗੜ ਸਾਹਿਬ ਤੋਂ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਜਗਰਾਂਉ ਤੋਂ ਵਾਇਆ ਰਾਏਕੋਟ ਮਲੇਰਕੋਟਲਾ ਜਾਣ ਵਾਲੀ ਸੜਕ (ਜ਼ਿਲਾ ਲੁਧਿਆਣਾ ਦੀ ਹੱਦ ਤੱਕ) ਦੀ ਕੁੱਲ 13.05 ਕਿਲੋਮੀਟਰ ਸੜਕ ਦੀ ਮੁਰੰਮਤ ਲਈ 4 ਕਰੋੜ 49 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਪਿੰਡ ਛਪਾਰ ਤੋਂ ਭੈਣੀ ਬੜਿੰਗਾਂ ਦੀ 19.20 ਕਿਲੋਮੀਟਰ ਸੜਕ ਦੀ ਮੁਰੰਮਤ 'ਤੇ 8 ਕਰੋੜ 15 ਲੱਖ 64 ਹਜ਼ਾਰ ਰੁਪਏ ਖਰਚੇ ਜਾਣਗੇ। ਇਨਾਂ ਦੋਵੇਂ ਕੰਮਾਂ ਲਈ ਟੈਂਡਰ ਪ੍ਰਕਿਰਿਆ ਜਲਦ ਸ਼ੁਰੂ ਹੋਣ ਜਾ ਰਹੀ ਹੈ। ਡਾ. ਅਮਰ ਸਿੰਘ ਨੇ ਇਨਾਂ ਦੋਵੇਂ ਸੜਕਾਂ ਦੀ ਮੁਰੰਮਤ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਕੰਮ ਮੁਕੰਮਲ ਹੋਣ ਨਾਲ ਹਲਕਾ ਰਾਏਕੋਟ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਲਾਭ ਮਿਲੇਗਾ। ਇਸ ਮੌਕੇ ਡਾ. ਅਮਰ ਸਿੰਘ ਦੇ ਨਾਲ ਓ. ਐੱਸ. ਡੀ. ਜਗਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਸਨ।