ਪੰਜਾਬੀ ਗ਼ਜ਼ਲ ਮੰਚ ਯੂ.ਕੇ. ਵੱਲੋਂ ਗੁਰਸ਼ਰਨ ਸਿਘ ਅਜੀਬ ਦੇ ਗ਼ਜ਼ਲ ਸੰਗ੍ਰਹਿ “ਗ਼ਜ਼ਲਾਂਜਲੀ” ਦਾ ਲੋਕ ਅਰਪਣ ਤੇ ਗ਼ਜ਼ਲ / ਕਵੀ ਦਰਬਾਰ

ਇਲਫੋਰਡ/ਲੰਡਨ, ਅਕਤੂਬਰ 2019-(ਭੁਪਿੰਦਰ ਸੱਗੂ)- ਪਿਛਲੇ ਦਿਨੀਂ ਲੰਡਨ ਵਿੱਚ ਪੰਜਾਬੀ ਗ਼ਜ਼ਲ ਮੰਚ ਯੂ.ਕੇ. ਵਲੋਂ ਨਿਊਬਰੀ ਪਾਰਕ, ਇਲਫੋਰਡ ਵਿਖੇ ਇੱਕ ਸ਼ਾਨਦਾਰ ਸਮਾਗਮ ਅਯੋਜਿਤ ਕੀਤਾ ਗਿਆ ਜਿਸ ਵਿੱਚ ਇੰਗਲੈਂਡ ਭਰ ਦੇ ਸਾਹਿਤਕਾਰਾਂ, ਕਵੀਆਂ, ਕਵਿਤਰੀਆਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ  ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਬਰਤਾਨੀਆ ਦੇ ਮਸ਼ਹੂਰ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੇ ਤੀਸਰੇ ਵਡ-ਅਕਾਰੀ ਗ਼ਜ਼ਲ ਸੰਗ੍ਰਹਿ 'ਗ਼ਜਲਾਂਜਲੀ’ ਨੂੰ ਬਰਤਾਨੀਆਂ ਦੇ ਮੈਂਬਰ ਪਾਰਲੀਮੈਂਟ, ਸ਼੍ਰੀ ਵਰਿੰਦਰ ਸ਼ਰਮਾ ਜੀ ਨੇ ਲੋਕ ਅਰਪਣ ਕੀਤਾ। ਪ੍ਰੋਗਰਾਮ ਦੇ ਪਹਿਲੇ ਭਾਗ ਦੀ ਪ੍ਰਧਾਨਗੀ ਪ੍ਰਸਿੱਧ ਬਰਤਾਨਵੀ ਲੇਖਕ / ਅਲੋਚਕ ਕੌਂਸਲਰ ਜਨਾਬ ਰਣਜੀਤ ਧੀਰ ਜੀ ਨੇ ਕੀਤੀ।  ਪ੍ਰਧਾਨਗੀ ਮੰਡਲ ਵਿੱਚ ਗ਼ਜ਼ਲਗੋ ਭੁਪਿੰਦਰ ਸਿੰਘ ਸੱਗੂ, ਗ਼਼ਜ਼ਲਗੋ ਅਜ਼ੀਮ ਸ਼ੇਖਰ, ਕੇ. ਸੀ.ਮੋਹਨ, ਡਾ.ਪ੍ਰੀਤਮ ਸਿੰਘ ਕੈਂਬੋ, ਬੁਹਪੱਖੀ ਸ਼ਖਸੀਅਤ ਜਨਾਬ ਪ੍ਰਕਾਸ਼ ਸੋਹਲ, ਗ਼਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਅਤੇ ਯੂ.ਕੇ. ਦੇ ਮਸ਼ਹੂਰ ਵਿਦਵਾਨ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ, ਸ਼ਸ਼ੋਭਿਤ ਹੋਏ। 

ਪੰਜਾਬ ਦੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਨੇ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਵਿਸ਼ੇਸ਼ ਤੌਰ ‘ਤੇ ਆਪਣਾ ਵਧਾਈ ਸੰਦੇਸ਼ ਭੇਜਿਆ, ਜਿਸ ਨੂੰ ਜਨਾਬ ਬਲਵੰਤ ਸਿੰਘ ਬੈਂਸ ਨੇ ਸਰੋਤਿਆਂ ਦੇ ਸਾਹਮਣੇ ਪੜ੍ਹ ਕੇ ਸੁਣਾਇਆ। 

 ਉਪਰੰਤ ਪ੍ਰੋਫ਼ੈਸਰ ਸ਼ਿੰਗਾਰਾ ਸਿੰਘ ਢਿੱਲੋਂ ਨੇ ‘ਗ਼ਜਲਾਂਜਲੀ’ ਗ਼ਜ਼ਲ-ਸੰਗ੍ਰਹਿ ‘ਤੇ  “ਗੁਰਸ਼ਰਨ ਸਿੰਘ ਅਜੀਬ ਦੀ ਗ਼ਜ਼ਲ ਜੁਗਤ - ਗ਼ਜ਼ਲਾਂਜਲੀ ਦੇ ਅਧਾਰ ‘ਤੇ ਇਕ ਅਧਿਐਨ” ਨਾਮੀ  ਆਪਣਾ ਪਰਚਾ ਪੜ੍ਹਿਆ ਜਿਸ ਵਿਚ ਸਰਵਸ਼੍ਰੀ ਰਣਜੀਤ ਧੀਰ, ਡਾ. ਪ੍ਰੀਤਮ ਸਿੰਘ ਕੈਂਬੋ, ਪਰਕਾਸ਼ ਸੋਹਲ, ਕੇ.ਸੀ. ਮੋਹਣ ਆਦਿ ਨੇ ਭਾਗ ਲਿਆ। ਇਸ ਸਮਾਗਮ ਵਿੱਚ ਗ਼ਜ਼ਲ ਦਰਬਾਰ ਤੋਂ ਪਹਿਲਾਂ ਬਰਤਾਨੀਆਂ ਵਿੱਚ ਪੰਜਾਬੀ ਮਾਂ ਬੋਲੀ ਦੀ ਵੱਖ ਵੱਖ ਤਰੀਕਿਆਂ ਨਾਲ ਸੇਵਾ ਕਰ ਰਹੀਆਂ ਤਿੰਨ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿੱਥੇ ਚਿੱਤਰਕਾਰ ਸਰਦਾਰ ਸਰੂਪ ਸਿੰਘ ਜੀ ਨੇ ਆਪਣੇ ਰੰਗੀਨ ਚਿੱਤਰਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਵਾਸਤੇ ਦਿਨ ਰਾਤ ਕੰਮ ਕੀਤਾ। ਉੱਥੇ ਗ਼ਜਲਗੋ ਅਜ਼ੀਮ ਸ਼ੇਖਰ ਨੇ ਪ੍ਰਦੇਸ਼ ਰਹਿੰਦਿਆਂ ਚੰਗੀ ਗ਼ਜ਼ਲ ਲਿਖ ਕੇ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਿਆ। ਪਿੱਛਲੇ ਦੋ ਦਹਾਕਿਆਂ ਤੋਂ ਟੀ ਵੀ ਵਕਤਾ ਸਰਦਾਰਨੀ ਰੂਪ ਦਵਿੰਦਰ ਕੋਰ ਨਾਹਿਲ ਜੀ ਨੇ ਸੰਚਾਰ ਮਾਧਿਅਮ ਰਾਹੀਂ ਸਾਨੂੰ ਆਪਣੇ ਸਭਿਆਚਾਰ ਤੇ ਵਿਰਸੇ ਨਾਲ ਜੋੜੀ ਰੱਖਿਆ ਹੈ। ਇਨ੍ਹਾਂ ਸਾਰਿਆਂ  ਦੀਆਂ ਵੱਡਮੁਲੀਆਂ ਕੋਸ਼ਿਸ਼ਾਂ, ਸੇਵਾਵਾਂ ਕਰਕੇ ਗ਼ਜ਼ਲ ਮੰਚ ਵਲੋਂ ਇਨ੍ਹਾਂ ਸ਼ਖਸੀਅਤਾਂ ਨੂੰ ਵਿਸੇਸ਼ ਸਨਮਾਨ ਪੱਤਰ ਰਾਹੀਂ  ਸਨਮਾਨਿਤ ਕੀਤਾ ਗਿਆ। ਇਸ ਮੋਕੇ ‘ਤੇ ਚਿਤਰਕਾਰ ਸਰੂਪ ਸਿੰਘ ਜੀ ਨੇ ਰੂਪ ਦਵਿੰਦਰ ਕੌਰ ਨਾਹਿਲ ਜੀ ਦਾ ਉਹਨਾਂ (ਸਰੂਪ ਸਿੰਘ) ਵਲੋਂ ਬਣਾਇਆ ਖੂਬਸੂਰਤ ਚਿੱਤਰ ਵੀ ਰੂਪ ਦੇਵਿੰਦਰ ਕੌਰ ਜੀ ਨੂੰ ਭੇਟ ਕੀਤਾ। ਸਰਦਾਰ ਮੁਸ਼ਤਾਕ ਸਿੰਘ 'ਮੁਸ਼ਤਾਕ' ਨੂੰ ਅਚਾਨਕ ਸਿਹਤ ਦੀ ਖਰਾਬੀ ਕਰਕੇ ਜਲਦੀ ਘਰ ਵਾਪਸ ਜਾਣਾ ਪੈ ਗਿਆ। ਸਾਨੂੰ ਇਸ ਦਾ ਬਹੁਤ ਅਫਸੋਸ ਹੈ, ਕਿ ਅਸੀਂ ਉਨ੍ਹਾਂ ਦਾ ਕਲਾਮ ਸੁਣ ਨਹੀਂ ਸਕੇ।

ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਸ਼ਾਨਦਾਰ ਗ਼ਜਲ / ਕਵੀ ਦਰਬਾਰ ਹੋਇਆ। ਜਿਸ ਦੀ ਪ੍ਰਧਾਨਗੀ ਮੰਡਲ ਵਿਚ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਕੇ. ਸੀ. ਮੋਹਨ, ਗੁਰਪਾਲ ਸਿੰਘ ਕਹਾਣੀਕਾਰ, ਗੁਰਸ਼ਰਨ ਸਿੰਘ ਅਜੀਬ, ਬਲਵੰਤ ਸਿੰਘ ਬੈਂਸ, ਅਜ਼ੀਮ ਸ਼ੇਖਰ ਸਟੇਜ ਤੇ ਸ਼ਸ਼ੋਭਤ ਹੋਏ। ਸਟੇਜ ਸਕੱਤਰ ਦੀ ਸੇਵਾ ਬੀਬੀ ਰੂਪ ਦੇਵਿੰਦਰ ਕੌਰ  ਘੁੰਮਣ ਨਾਹਿਲ ਜੀ ਨੇ  ਬੜੀ ਬਾਖ਼ੂਬੀ ਨਾਲ ਨਿਭਾਈ। ਕਵੀਆਂ ਵਿੱਚ ਗ਼ਜ਼ਲਗੋ ਭੁਪਿੰਦਰ ਸੱਗੂ, ਗ਼ਜਲਗੋ ਗੁਰਸ਼ਰਨ ਸਿੰਘ ਅਜੀਬ, ਗ਼ਜ਼ਲਗੋ ਅਜ਼ੀਮ ਸ਼ੇਖਰ, ਗ਼ਜ਼ਲਗੋ ਸੰਤੋਖ ਭੁੱਲਰ ਬਾਬਾ ਬਕਾਲਾ, ਗ਼ਜ਼ਲਗੋ ਸ਼੍ਰੀ ਪ੍ਰਕਾਸ਼ ਸੋਹਲ, ਕੇ. ਸੀ. ਮੋਹਣ, ਰੂਪ ਦਵਿੰਦਰ ਕੌਰ ਨਾਹਿਲ, ਹਰਦੇਸ਼ ਬਸਰਾ, ਅਮਰੀਕ ਸੋਫੀ, ਦਰਸ਼ਨ ਬੁਲੰਦਵੀਂ, ਦਲਬੀਰ ਸਿੰਘ ਪੱਤੜ, ਗੀਤਕਾਰ ਸਿੰਕਦਰ ਬਰਾੜ, ਬਲਵੰਤ ਸਿੰਘ ਬੈਂਸ, ਜਗਜੀਤ ਸਿੰਘ ਸੋਹਤਾ ,ਬਲਬੀਰ ਪ੍ਰਵਾਨਾ, ਬਲਵਿੰਦਰ ਖਹਿਰਾ, ਹਰਪਾਲ ਸੱਪਲ, ਰਸ਼ਪਾਲ ਸਿੰਘ ਕੰਗ ਨੇ ਭਾਗ ਲਿਆ। ਪ੍ਰੋਗਰਾਮ ਦੀ ਸਮਾਪਤੀ ਤੇ ਅਜੀਬ ਸਾਹਿਬ ਨੇ ਆਏ ਸਾਰੇ ਮਹਿਮਾਨਾਂ ਦਾ ਪ੍ਰੋਗਰਾਮ ਨੂੰ ਸ਼ਾਤਮਈ ਢੰਗ ਨਾਲ ਸੁਣਨ ਤੇ ਮਾਨਣ ਲਈ ਹਾਰਦਿਕ ਧੰਨਵਾਦ ਕੀਤਾ।  ਇਸ ਪ੍ਰੋਗਰਾਮ ਨੂੰ ਇੰਗਲੈਂਡ ਦੇ ਸਾਹਿਤਕਾਰ ਗ਼ਜ਼ਲਗੋ ਸੰਤੋਖ ਭੁੱਲਰ ਅਤੇ ਅਜੀਬ ਜੀ ਨੇ ਬੜੀ ਬਾ-ਖੂਬੀ ਨਾਲ ਨਿਭਾਇਆ। ਪਜਾਬੀ ਗ਼ਜ਼ਲ ਮੰਚ ਯੂ.ਕੇ. ਵਲੋਂ ਦੂਰੋਂ ਨੇੜਿਓਂ ਆਏ ਮਹਿਮਾਨਾਂ ਨੂੰ ਸਾਰਾ ਦਿਨ ਚਾਹ ਪਾਣੀ ਅਤੇ ਵਿਦਾਇਗੀ ਵੇਲੇ ਸ਼ਰਧਾ-ਪੂਰਵਕ ਪ੍ਰੀਤੀ ਭੋਜਨ ਵੀ ਛਕਾਇਆ ਗਿਆ।