You are here

9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਚ ਇਕੱਤੀ ਕਵੀ ਸ਼ਾਮਿਲ ਕੀਤੇ ਜਾਣਗੇ- ਬੱਪੀਆਣਾ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਕਵੀ ਦਰਬਾਰ ਵਿੱਚ 31 ਸਿਰਕੱਢ ਪੰਜਾਬੀ ਕਵੀ ਭਾਗ ਲੈਣਗੇ। ਇਹ ਜਾਣਕਾਰੀ ਅੱਜ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ ਚਾਰ ਘੰਟੇ ਚੱਲੀ ਮੀਟਿੰਗ ਉਪਰੰਤ ਮੀਡੀਆ ਨਾਲ ਲਿਖਤੀ ਬਿਆਨ ਰਾਹੀਂ ਸਾਂਝੀ ਕਰਦਿਆਂ ਸ਼੍ਰੋਮਣੀ ਕਮੇਟੀ ਤੇ ਧਰਮ ਪਰਚਾਰ ਕਮੇਟੀ ਵੱਲੋਂ ਨਾਮਜ਼ਦ ਕਵੀ ਦਰਬਾਰ ਕਮੇਟੀ ਦੇ ਸੀਨੀਅਰ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਦੱਸਿਆ ਕਿ ਇਹ ਕਵੀ ਦਰਬਾਰ 9 ਨਵੰਬਰ ਰਾਤੀਂ 10 ਵਜੇ ਤੋਂ ਪ੍ਰਭਾਤ ਵੇਲੇ ਤੀਕ ਮੁੱਖ ਪੰਡਾਲ ਚ ਹੋਵੇਗਾ ਜਿਸ ਨੂੰ ਦੇਸ਼ ਬਦੇਸ਼ ਦੇ ਚੈਨਲ ਲਾਈਵ ਪ੍ਰਸਾਰਿਤ ਕਰਨਗੇ। ਬੱਪੀਆਣਾ ਨੇ ਦੱਸਿਆ ਕਿ ਇਸ ਕਵੀ ਦਰਬਾਰ ਤੋਂ ਪਹਿਲਾਂ ਤਿੰਨ ਖੇਤਰੀ ਕਵੀ ਦਰਬਾਰ ਕੀਰਤਪੁਰ ਸਾਹਿਬ(ਰੋਪੜ) ਡੇਰਾ ਬਾਬਾ ਨਾਨਕ(ਗੁਰਦਾਸਪੁਰ) ਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਏ ਗਏ ਸਨ ਜਿੰਨ੍ਹਾਂ ਦੀ ਪਾਰਖੂਆਂ ਨੇ ਬੜੀ ਬਾਰੀਕੀ ਨਾਲ ਚੋਣ ਕੀਤੀ ਹੈ। ਇਨ੍ਹਾਂ ਕਵੀ ਦਰਬਾਰਾਂ ਦੀ ਨਿਗਰਾਨੀ ਕਵੀ ਦਰਬਾਰ ਸਬ ਕਮੇਟੀ ਦੇ ਮੈਂਬਰਾਂ ਨੇ ਕੀਤੀ ਅਤੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਜੱਜ ਰੱਖ ਕੇ ਨਿਰਣਾ ਲਿਆ ਗਿਆ। ਇਨ੍ਹਾਂ ਕਵੀਆਂ ਤੋਂ ਇਲਾਵਾ ਕੁਝ ਸਿਰਕੱਢ ਕਵੀ ਹੋਰ ਵੀ ਦੇਸ਼ ਬਦੇਸ਼ ਤੋਂ ਸ਼ਾਮਿਲ ਕਰਕੇ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿੱਚ ਗੁਲਦਸਤਾ ਪਿਰੋਇਆ ਹੈ। ਲਗ ਪਗ ਸਾਰੇ ਸਿਰਕੱਢ ਕਵੀਆਂ ਦੀ ਸਹਿਮਤੀ ਲੈ ਲਈ ਗਈ ਹੈ। ਮੀਟਿੰਗ ਉਪਰੰਤ ਗੁਰਦਵਾਰਾ ਆਲਮਗੀਰ ਸਾਹਿਬ ਦੇ ਮੁੱਖ ਪ੍ਰਬੰਧਕ ਸ: ਰੇਸ਼ਮ ਸਿੰਘ ਨੇ ਕਵੀ ਦਰਬਾਰ ਸਬ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਗੁਰ ਘਰ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਕਰ ਕੇ ਕਿਰਤਾਰਥ ਕੀਤਾ। ਕਵੀ ਦਰਬਾਰ ਸਬ ਕਮੇਟੀ ਦੀ ਅੱਜ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ ਇਕੱਤਰਤਾ ਹੋਈ ਜਿਸ ਚ ਡੂੰਘੀ ਵਿਚਾਰ ਚਰਚਾ ਉਪਰੰਤ ਇਕੱਤੀ ਕਵੀਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ। ਅੱਜ ਦੀ ਇਕੱਤਰਤਾ ਵਿੱਚ ਸ: ਮਨਜੀਤ ਸਿੰਘ ਬੱਪੀਆਣਾ ਤੋਂ ਇਲਾਵਾ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਉੱਘੇ ਲੇਖਕ ਤੇ ਗਾਇਕ ਸ: ਰਛਪਾਲ ਸਿੰਘ ਪਾਲ ਜਲੰਧਰ ਤੇ ਕਵਵੀਨਰ ਪ੍ਰੋ: ਸੁਖਦੇਵ ਸਿੰਘ ਐਡੀਸ਼ਨਲ ਸਕੱਤਰ ਧਰਮ ਪਰਚਾਰ ਕਮੇਟੀ ਸ਼ਾਮਿਲ ਹੋਏ।