ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ੁਰੂ ਹੋਏ ਦੀਵਾਲੀ ਮੇਲੇ ਨੂੰ ਭਰਵਾਂ ਹੁੰਗਾਰਾ

ਸਵੈ-ਸਹਾਇਤਾ ਗਰੁੱਪਾਂ ਵੱਲੋਂ ਦੀਵੇ, ਕੁਦਰਤੀ ਵਸਤਾਂ, ਕੱਪੜੇ ਦੇ ਬੈਗ ਅਤੇ ਹੋਰ ਉਤਪਾਦਾਂ ਦੀਆਂ ਲਗਾਈਆਂ ਗਈਆਂ ਦੁਕਾਨਾਂ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੇਂਡੂ ਕਿਰਤੀਆਂ ਦੇ ਉਤਪਾਦਾਂ ਨੂੰ ਵੇਚਣ ਲਈ ਸ਼ੁਰੂ ਕੀਤੇ ਗਏ 'ਪੇਂਡੂ ਕਿਰਤੀਆਂ ਦੇ ਬਾਜ਼ਾਰ' ਦੌਰਾਨ ਹੁਣ ਸਵੈ-ਸਹਾਇਤਾ ਗਰੁੱਪ ਦੀਵਾਲੀ ਅਤੇ ਹੋਰ ਤਿਉਹਾਰਾਂ ਨਾਲ ਸੰਬੰਧਤ ਸਮਾਨ ਵੀ ਵੇਚ ਸਕਣਗੇ। ਇਸ ਲਈ ਮਿਤੀ 22 ਅਕਤੂਬਰ ਤੋਂ 26 ਅਕਤੂਬਰ ਤੱਕ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਦੀਵਾਲੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਵੱਖ-ਵੱਖ ਖਾਧ ਪਦਾਰਥਾਂ ਦੇ ਨਾਲ-ਨਾਲ ਹੋਰ ਸਮਾਨ ਵੀ ਵੇਚਿਆ ਜਾ ਰਿਹਾ ਹੈ। ਇਸ ਮੇਲੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਮਿਤੀ 23 ਅਕਤੂਬਰ ਦੀ ਦੁਪਹਿਰ ਤੱਕ 65 ਹਜ਼ਾਰ ਰੁਪਏ ਤੋਂ ਵਧੇਰੇ ਦੀ ਵਿਕਰੀ ਕੀਤੀ ਜਾ ਚੁੱਕੀ ਸੀ। ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਨਾਬਾਰਡ, ਆਤਮਾ ਅਤੇ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਅਤੇ ਹੋਰ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੇ ਉਤਪਾਦ ਵੇਚੇ ਜਾ ਰਹੇ ਹਨ। ਇਨਾਂ ਉਤਪਾਦਾਂ ਵਿੱਚ ਦੀਵੇ, ਮੋਮਬੱਤੀਆਂ, ਕੁਦਰਤੀ ਮਸਾਲੇ, ਟੈਡੀ ਬੀਅਰ, ਵੂਲਨ ਕੱਪੜੇ, ਬੇਕਰੀ ਉਤਪਾਦ, ਆਚਾਰ, ਮੁਰੱਬੇ, ਕੱਪੜੇ ਦੇ ਬੈਗ, ਆਂਵਲਾ ਕੈਂਡੀ, ਚਵਨਪ੍ਰਾਸ਼, ਹਰਬਲ ਚਾਹ, ਮੁਫਿਨ, ਗੁੜ, ਕੇਕ, ਸ਼ੱਕਰ, ਸ਼ਹਿਰ, ਦਾਲਾਂ ਅਤੇ ਹੋਰ ਹੱਥੀਂ ਤਿਆਰ ਵਸਤਾਂ ਸ਼ਾਮਿਲ ਹਨ। ਉਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੇਲੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਖਰੀਦਦਾਰੀ ਕਰਨ ਤਾਂ ਜੋ ਹੱਥ ਕਿਰਤੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਆਈ. ਸੀ. ਆਈ. ਸੀ. ਆਈ. ਵੱਲੋਂ ਸਪਾਂਸਰ ਕੀਤੇ ਅਤੇ ਹੁਨਰ ਵਿਕਾਸ ਕੇਂਦਰਾਂ ਵਿੱਚ ਤਿਆਰ ਕੀਤੇ ਕੱਪੜੇ ਦੇ ਬੈਗ ਇਨਾਂ ਦੁਕਾਨਦਾਰਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ। ਮੇਲੇ ਦੌਰਾਨ ਕੁੱਲ 12 ਸਟਾਲਾਂ ਲਗਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਇਸ ਨਿਵੇਕਲੇ ਉਪਰਾਲੇ ਤਹਿਤ ਡੀ.ਆਰ.ਡੀ.ਏ ਅਧੀਨ ਸੈੱਲਫ ਹੈੱਲਪ ਗਰੁੱਪਾਂ ਲਈ ਤਿੰਨ ਰੰਗ ਦੀਆਂ ਬਣਾਈਆਂ ਗਈਆਂ ਕਨੋਪੀਆਂ ਰਾਹੀਂ ਬਾਜ਼ਾਰ ਵਿੱਚ ਸੈੱਲਫ ਹੈੱਲਪ ਗਰੁੱਪਾਂ ਵੱਲੋਂ ਹਰੇਕ ਸ਼ਨਿੱਚਰਵਾਰ ਨੂੰ ਸ਼ਮੂਲੀਅਤ ਕੀਤੀ ਜਾਂਦੀ ਹੈ। ਇਸ ਮੌਕੇ ਅਵਤਾਰ ਸਿੰਘ, ਸਹਾਇਕ ਪ੍ਰੋਜੈਕਟ ਅਫਸਰ (ਐਮ) ਦਫ਼ਤਰ ਏ.ਡੀ.ਸੀ.(ਡੀ), ਜਸਪ੍ਰੀਤ ਸਿੰਘ ਖੇੜਾ ਪ੍ਰੋਜੈਕਟ ਡਾਇਰੈਕਟਰ ਆਤਮਾ, ਮਨਦੀਪ ਸਿੰਘ ਅਤੇ ਹੋਰ ਵੀ ਮੌਜੂਦ ਸਨ।