ਦਾਖਾ ਜ਼ਿਮਨੀ ਚੋਣ-ਗੁਰੂਸਰ ਸੁਧਾਰ ਦੇ ਖਾਲਸਾ ਕਾਲਜ ਵਿਖੇ ਗਿਣਤੀ 24 ਅਕਤੂਬਰ ਨੂੰ

ਸਮੁੱਚੀ ਗਿਣਤੀ ਪ੍ਰਕਿਰਿਆ ਦੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ-ਜ਼ਿਲਾ ਚੋਣ ਅਫ਼ਸਰ

ਸੁਰੱਖਿਆ ਅਤੇ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ-ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ

ਸੁਧਾਰ/ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਮਿਤੀ 24 ਅਕਤੂਬਰ ਦਿਨ ਵੀਰਵਾਰ ਨੂੰ ਗੁਰੂਸਰ ਸੁਧਾਰ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਦੇ ਆਡੀਟੋਰੀਅਮ ਵਿਖੇ ਹੋਵੇਗੀ। ਗਿਣਤੀ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਗਿਣਤੀ ਸਵੇਰੇ 8.00 ਵਜੇ ਸ਼ੁਰੂ ਹੋਵੇਗੀ। ਇਸ ਸੰਬੰਧੀ ਤਿਆਰੀਆਂ ਦਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਜਾਇਜ਼ਾ ਲਿਆ ਅਤੇ ਤਸਲੀ ਪ੍ਰਗਟਾਈ। ਇਸ ਮੌਕੇ ਉਨਾਂ ਨਾਲ ਜਨਰਲ ਆਬਜ਼ਰਵਰ ਮਹਾਂਵੀਰ ਪ੍ਰਸ਼ਾਦ, ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ, ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਮੱਲੀ, ਐੱਸ. ਪੀ. ਜਸਵਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਵੀ ਹਾਜ਼ਰ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਗਿਣਤੀ ਲਈ 20 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ 4 ਟੀਮਾਂ ਰਿਜ਼ਰਵ ਰੱਖੀਆਂ ਗਈਆਂ ਹਨ। ਇੱਕ ਟੀਮ ਵਿੱਚ ਸੇਵਾਦਾਰ ਸਮੇਤ 4 ਮੈਂਬਰ ਰੱਖੇ ਗਏ ਹਨ। ਗਿਣਤੀ ਕੇਂਦਰ ਵਿੱਚ ਗਿਣਤੀ ਸਟਾਫ਼ ਤੋਂ ਬਿਨਾ ਜਨਰਲ ਆਬਜ਼ਰਵਰ, ਰਿਟਰਨਿੰਗ ਅਫ਼ਸਰ, ਉਮੀਦਵਾਰ ਜਾਂ ਉਨਾਂ ਦਾ ਚੋਣ ਏਜੰਟ ਅਤੇ ਹਰੇਕ ਉਮੀਦਵਾਰ ਦੇ ਪ੍ਰਤੀ ਟੇਬਲ ਇੱਕ ਗਿਣਤੀ ਏਜੰਟ ਰਹਿ ਸਕਣਗੇ। ਉਮੀਦਵਾਰ ਜਾਂ ਉਸਦਾ ਚੋਣ ਏਜੰਟ (ਕੋਈ ਇੱਕ) ਰਿਟਰਨਿੰਗ ਅਫ਼ਸਰ ਦੇ ਟੇਬਲ ਦੇ ਪਿੱਛੇ ਬੈਠ ਸਕਣਗੇ। ਗਿਣਤੀ ਪ੍ਰਕਿਰਿਆ ਦੀ ਕਵਰੇਜ ਲਈ ਮੀਡੀਆ ਕਰਮੀ ਗਿਣਤੀ ਕੇਂਦਰ ਵਿੱਚ ਆਪਣੇ ਕੈਮਰੇ ਸਮੇਤ ਜਾ ਸਕਣਗੇ ਪਰ ਉਹ ਉਥੇ ਬੈਠ ਨਹੀਂ ਸਕਣਗੇ। ਅਗਰਵਾਲ ਨੇ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਬਿਜਲਈ ਵੋਟਿੰਗ ਮਸ਼ੀਨਾਂ (ਈ. ਵੀ. ਐੱਮਜ਼) ਲਈ 14 ਟੇਬਲ ਜਦਕਿ ਪੋਸਟਲ ਬੈੱਲਟ ਪੇਪਰਾਂ ਦੀ ਗਿਣਤੀ ਲਈ ਚਾਰ ਟੇਬਲ ਲਗਾਏ ਗਏ ਹਨ। ਗਿਣਤੀ ਕੇਂਦਰ ਵਿੱਚ ਜਨਰਲ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਤੋਂ ਬਿਨਾ ਕੋਈ ਅਧਿਕਾਰੀ ਜਾਂ ਸਟਾਫ਼ ਆਪਣਾ ਮੋਬਾਈਲ ਫੋਨ ਆਦਿ ਨਹੀਂ ਲਿਜਾ ਸਕੇਗਾ। ਮੀਡੀਆ ਕਰਮੀ ਵੀ ਆਪਣਾ ਕੈਮਰਾ ਹੀ ਅੰਦਰ ਲਿਜਾ ਸਕਣਗੇ ਜਦਕਿ ਮੋਬਾਈਲ ਫੋਨ ਬਾਹਰ ਹੀ ਰੱਖਣਾ ਪਵੇਗਾ। ਮੀਡੀਆ ਕਰਮੀਆਂ ਦੀ ਸਹੂਲਤ ਲਈ ਕਾਲਜ ਵਿੱਚ ਸਥਿਤ ਸੈਂਟਰਲ ਲਾਇਬਰੇਰੀ ਵਿੱਚ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ। ਸਮੁੱਚੀ ਗਿਣਤੀ ਪ੍ਰਕਿਰਿਆ ਦੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਗਿਣਤੀ ਦੇ ਰੀਅਲ ਟਾਈਮ ਰੁਝਾਨ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ www.results.eci.in 'ਤੇ ਦੇਖੇ ਜਾ ਸਕਣਗੇ।

ਇਸ ਮੌਕੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਗਿਣਤੀ ਕੇਂਦਰ ਦੇ ਆਲੇ-ਦੁਆਲੇ ਤਿੰਨ ਧਿਰੀ ਸੁਰੱਖਿਆ ਵਿਵਸਥਾ ਕੀਤੀ ਜਾ ਰਹੀ ਹੈ। ਸੁਰੱਖਿਆ ਲਈ ਐੱਸ. ਪੀ. ਸਮੇਤ 5-6 ਡੀ. ਐੱਸ. ਪੀਜ਼, ਲੋੜੀਂਦੀ ਗਿਣਤੀ ਵਿੱਚ ਗਜਟਿਡ ਅਫ਼ਸਰਾਂ ਤੋਂ ਇਲਾਵਾ 250 ਤੋਂ ਵਧੇਰੇ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ। ਉਨਾਂ ਕਿਹਾ ਕਿ ਸੁਰੱਖਿਆ ਪੱਖੋਂ ਕਿਸੇ ਵੀ ਤਰਾਂ ਢਿੱਲ ਨਹੀਂ ਰੱਖੀ ਜਾਵੇਗੀ। ਖੱਟੜਾ ਨੇ ਦੱਸਿਆ ਕਿ ਗਿਣਤੀ ਵਿੱਚ ਪਹੁੰਚਣ ਵਾਲੇ ਉਮੀਦਵਾਰਾਂ ਅਤੇ ਉਨਾਂ ਦੇ ਚੋਣ ਏਜੰਟਾਂ ਅਤੇ ਗਿਣਤੀ ਏਜੰਟਾਂ ਦੀ ਪਾਰਕਿੰਗ ਘੁਮਾਣ ਸੜਕ ਨਜ਼ਦੀਕ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਦੁਸ਼ਹਿਰਾ ਮੈਦਾਨ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਿਣਤੀ ਨਾਲ ਸੰਬੰਧਤ ਸਟਾਫ਼ ਅਤੇ ਮੀਡੀਆ ਕਰਮੀਆਂ ਦੀ ਪਾਰਕਿੰਗ ਕਾਲਜ ਦੇ ਅੰਦਰ ਕੀਤੀ ਜਾ ਸਕੇਗੀ। ਗਿਣਤੀ ਪ੍ਰਕਿਰਿਆ ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ ਗਿਣਤੀ ਖ਼ਤਮ ਹੋਣ ਤੱਕ ਕਾਲਜ ਦੇ ਸਾਹਮਣੇ ਵਾਲੀ ਸੜਕ ਦੇ ਇੱਕ ਪਾਸੇ ਨੂੰ ਆਮ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ।