ਅਲਤਾਫ ਹੁਸੈਨ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸ਼ਰਨ ਮੰਗਦਿਆਂ ਕੀਤੀ ਵਿੱਤੀ ਮਦਦ ਦੀ ਗੁਜ਼ਾਰਿਸ਼

ਲੰਡਨ, ਨਵੰਬਰ  2019-(ਏਜੰਸੀ) 

ਬਰਤਾਨੀਆ 'ਚ ਜਲਾਵਤਨੀ ਦੀ ਜਿੰਦਗੀ ਬਤੀਤ ਕਰ ਰਹੇ ਮੁੱਤਾਹਿਦਾ ਕੌਮੀ ਮੂਵਮੈਂਟ (ਐਮ.ਕਿਊ.ਐਮ.) ਦੇ ਸਰਪ੍ਰਸਤ ਅਲਤਾਫ ਹੁਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ 'ਚ ਖੁਦ ਤੇ ਆਪਣੇ ਸਾਥੀਆਂ ਲਈ ਸ਼ਰਨ ਦੀ ਮੰਗ ਕਰਦਿਆਂ ਘੱਟੋ-ਘੱਟ ਕੁਝ ਵਿੱਤੀ ਮਦਦ ਕਰਨ ਦੀ ਗੁਜਾਰਿਸ਼ ਕੀਤੀ ਹੈ ਤਾਂ ਜੋ ਉਹ ਆਪਣੇ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ 'ਚ ਲਿਜਾ ਸਕੇ | ਅਲਤਾਫ ਹੁਸੈਨ (67) ਨੇ ਸ਼ੋਸ਼ਲ ਮੀਡੀਆ 'ਤੇ ਦਿੱਤੇ ਆਪਣੇ ਨਵੇਂ ਭਾਸ਼ਣ 'ਚ ਪਿਛਲੇ ਹਫ਼ਤੇ ਸੁਪਰੀਮ ਕੋਰਟ ਵਲੋਂ ਅਯੁੱਧਿਆ ਮਾਮਲੇ ਬਾਰੇ ਦਿੱਤੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਹੁਸੈਨ ਦਾ ਕਹਿਣਾ ਹੈ ਕਿ ਉਹ ਸ਼ਾਂਤੀ-ਪ੍ਰੇਮੀ ਇਨਸਾਨ ਹੈ ਜੇਕਰ ਪ੍ਰਧਾਨ ਮੰਤਰੀ ਮੋਦੀ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਭਾਰਤ 'ਚ ਸ਼ਰਨ ਦਿੰਦੇ ਹਨ ਤਾਂ ਉਹ ਭਰੋਸਾ ਦਿੰਦਾ ਹੈ ਕਿ ਉਹ ਕਿਸੇ ਵੀ ਕਿਸਮ ਦੀ ਸਿਆਸਤ 'ਚ ਦਖਲ ਨਹੀਂ ਦੇਵੇਗਾ | ਆਪਣੇ 9 ਨਵੰਬਰ ਦੇ ਭਾਸ਼ਣ 'ਚ ਉਸ ਨੇ ਕਿਹਾ ਹੈ ਕਿ ਉਸ ਦਾ ਦਾਦਾ, ਦਾਦੀ ਤੇ ਹਜ਼ਾਰਾਂ ਰਿਸ਼ਤੇਦਾਰ ਭਾਰਤ 'ਚ ਦਫਨ ਹਨ ਅਤੇ ਉਹ ਉਨ੍ਹਾਂ ਦੀਆਂ ਕਬਰਾਂ 'ਤੇ ਜਾ ਕੇ ਪ੍ਰਾਰਥਨਾ ਕਰਨਾ ਚਾਹੁੰਦਾ ਹੈ | ਉਸ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਨਿਆਂਇਕ ਅਦਾਲਤ 'ਚ ਬਲੋਚ, ਸਿੰਧੀ ਤੇ ਮੁਹਾਜਿਰਾਂ ਤੇ ਹੋਰ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਹੈ, ਇਸ ਲਈ ਉਸ ਦੀ ਵਿੱਤੀ ਮਦਦ ਕੀਤੀ ਜਾਵੇ | ਦੱਸਣਯੋਗ ਹੈ ਕਿ ਅਲਤਾਫ ਹੁਸੈਨ ਆਪਣੇ ਭਾਸ਼ਣਾਂ ਰਾਹੀਂ ਪਾਕਿਸਤਾਨ 'ਚ ਆਪਣੇ ਪੈਰੋਕਾਰਾਂ ਨੂੰ ਅੱਤਵਾਦ ਵੱਲ ਉਕਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ | ਉਹ ਯੂ.ਕੇ. ਦੀ ਮੈਟਰੋਪਾਲੀਟਨ ਪੁਲਿਸ ਦੀ ਅੱਤਵਾਦ-ਰੋਕੂ ਕਮਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਸਮੇਂ ਸਖ਼ਤ ਹਿਦਾਇਤਾਂ ਤਹਿਤ ਜ਼ਮਾਨਤ 'ਤੇ ਹੈ |