ਰਾਏਪੁਰ ਦੇ ਪਾਰਟੀ ਛੱਡਣ ਨਾਲ ਸੁਖਬੀਰ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠੇ

ਮਾਨਚੈਸਟਰ,ਅਕਤੂਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)- 

ਐਮਰਜੈਂਸੀ ਅਤੇ ਧਰਮਯੁੱਧ ਮੋਰਚੇ ’ਚ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਦੇ ਕਾਂਗਰਸ ’ਚ ਜਾਣ ਨਾਲ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪਰਮਜੀਤ ਸਿੰਘ ਰਾਏਪੁਰ ਦਾ ਭਤੀਜਾ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਵਿਚ ਪਹਿਲਾ ਪਗੜੀਧਾਰੀ ਮੈਂਬਰ ਪਾਰਲੀਮੈਂਟ ਹੈ। ਤਨਮਨਜੀਤ ਸਿੰਘ ਦੇ ਪਿਤਾ ਜਸਪਾਲ ਸਿੰਘ ਢੇਸੀ ਇੰਗਲੈਂਡ ਵਿਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਦੇ ਲੰਮਾ ਸਮਾਂ ਪ੍ਰਧਾਨ ਰਹੇ ਹਨ। ਢੇਸੀ ਪਰਿਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਕੋ ਗੱਲ ਹੀ ਅੰਦਰੋ ਅੰਦਰੀ ਖਾ ਗਈ। ਜਦੋਂ ਜ਼ਮੀਨ ਦੇ ਝਗੜੇ ਨੂੰ ਲੈ ਕੇ ਪਰਮਜੀਤ ਸਿੰਘ ਰਾਏਪੁਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਗਏ ਸਨ ਕਿ ਉਨ੍ਹਾਂ ਦਾ ਅਕਾਲੀ ਆਗੂ ਸਰਬਜੀਤ ਮੱਕੜ ਨਾਲ ਜਿਹੜੇ ਪਲਾਟ ਦਾ ਰੌਲਾ ਹੈ ਉਸ ਨੂੰ ਹੱਲ ਕਰਵਾ ਦਿੱਤਾ ਜਾਵੇ। ਉਨ੍ਹਾਂ ਨੂੰ ਉਦੋਂ ਸਦਮਾ ਲੱਗਾ ਜਦੋਂ ਸੁਖਬੀਰ ਨੇ ਇਹ ਆਖ ਦਿੱਤਾ ਕਿ, ‘ਉਹ ਕਿਹੜਾ ਪਟਵਾਰੀ ਲੱਗਾ ਹੈ ਜਿਹੜਾ ਤੁਹਾਡੀ ਜ਼ਮੀਨ ਦਾ ਮਸਲਾ ਹੱਲ ਕਰਵਾਉਂਦਾ ਫਿਰੇ।’ ਸ੍ਰੀ ਰਾਏਪੁਰ ਨੇ ਦੱਸਿਆ ਕਿ ਸੁਖਬੀਰ ਨੂੰ ਅਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਇੰਗਲੈਂਡ ਦੀ ਤਾਜ਼ਾ ਫੇਰੀ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸਿੱਖਾਂ ਦੇ ਮਨ ਵਿਚ ਬਾਦਲਾਂ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ ਕਿ ਉਨ੍ਹਾਂ ਨੇ ਬੇਅਦਬੀ ਕਰਵਾਉਣ ਵਾਲੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਈ।