ਇੰਗਲੈਂਡ ਦਾ ਯੂਰਪੀ ਸੰਘ ਨਾਲੋਂ ਵੱਖ ਹੋਣ ਲਈ ਸਮਝੌਤਾ ਹੋ ਗਿਆ -ਬੌਰਿਸ ਜੌਹਨਸਨ

ਜੇ ਇਸ ਸਮਝੌਤੇ ਨੂੰ 19 ਅਕਤੂਬਰ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ 31 ਅਕਤੂਬਰ ਨੂੰ ਯੂ ਕੇ ਤੇ ਯੂਰਪ ਦਾ ਤਲਾਕ ਹੋ ਜਾਵੇਗਾ

ਲੇਬਰ ਪਾਰਟੀ ਵਲੋਂ ਸਮਝੌਤੇ ਨੂੰ ਸਮਰਥਨ ਦੇਣ ਤੋਂ ਨਾਂਹ-ਜਰਮੀ ਕੋਵਿਨ

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਇੰਗਲੈਂਡ ਦਾ ਯੂਰਪੀ ਸੰਘ ਨਾਲੋਂ ਵੱਖ ਹੋਣ ਲਈ ਸਮਝੌਤਾ ਹੋ ਗਿਆ ਹੈ | ਹੁਣ ਬਰਤਾਨੀਆਂ ਦੀ ਸੰਸਦ 'ਚ ਸ਼ਨਿਚਰਵਾਰ ਨੂੰ ਬ੍ਰੈਗਜ਼ਿਟ ਹੋ ਜਾਵੇਗਾ | ਬੌਰਿਸ ਜੌਹਨਸਨ ਨੇ ਕਿਹਾ ਕਿ ਹੁਣ ਸਿਹਤ ਸੇਵਾਵਾਂ, ਹਿੰਸਕ ਅਪਰਾਧ, ਵਾਤਾਵਰਨ ਅਤੇ ਰਹਿਣ ਸਹਿਣ ਦੇ ਖਰਚੇ ਨੂੰ ਲੈ ਕੇ ਅੱਗੇ ਵਧਾਂਗੇ | ਇਸ ਸਮਝੌਤੇ ਲਈ ਸੰਸਦ ਤੋਂ ਸ਼ਨਿਚਰਵਾਰ ਨੂੰ ਪ੍ਰਵਾਨਗੀ ਲਈ ਜਾਵੇਗੀ, ਜੋ ਬਿਨ ਐਕਟ ਅਧੀਨ ਜ਼ਰੂਰੀ ਹੈ, ਤਾਂ ਕਿ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਇੰਗਲੈਂਡ ਵੱਖ ਹੋ ਸਕੇ ਪਰ ਇਸ ਸਮਝੌਤੇ ਤੋਂ ਸੱਤਾਧਾਰੀ ਪਾਰਟੀ ਦੀ ਭਾਈਚਾਲ ਪਾਰਟੀ ਡੂ. ਯੂ. ਪੀ. ਸਹਿਮਤ ਨਹੀਂ ਵਿਖਾਈ ਦੇ ਰਹੀ, ਜਿਸ ਕਰਕੇ ਵੇਖਣਾ ਇਹ ਹੋਵੇਗਾ ਕਿ ਕੀ ਬੌਰਿਸ ਜੌਹਨਸਨ ਲੋੜੀਂਦੀਆਂ ਵੋਟਾਂ ਹਾਸਿਲ ਕਰਕੇ ਬ੍ਰੈਗਜ਼ਿਟ ਸਮਝੌਤੇ ਨੂੰ ਪ੍ਰਵਾਨਗੀ ਦਿਵਾ ਸਕਣਗੇ ਜਾਂ ਨਹੀਂ | ਪ੍ਰਧਾਨ ਮੰਤਰੀ ਇਸ ਸਮਝੌਤੇ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਖੁਸ਼ ਵਿਖਾਈ ਦੇ ਰਹੇ ਹਨ | ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਜੀਅਨ ਕਲਾਊਡੀ ਜੰਕਰ ਨੇ ਕਿਹਾ ਹੈ ਕਿ ਇਹ ਸਮਝੌਤਾ ਦੋਵਾਂ ਧਿਰਾਂ ਲਈ ਬਰਾਬਰ ਦੇ ਭਲਾਈ ਵਾਲਾ ਹੈ | ਜੇ ਇਸ ਸਮਝੌਤੇ ਨੂੰ 19 ਅਕਤੂਬਰ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ 31 ਅਕਤੂਬਰ ਨੂੰ ਯੂ ਕੇ ਤੇ ਯੂਰਪ ਦਾ ਤਲਾਕ ਹੋ ਜਾਵੇਗਾ |
ਲੇਬਰ ਪਾਰਟੀ ਨੇ ਪ੍ਰਧਾਨ ਜਰਮੀ ਕੋਵਿਨ ਵਲੋਂ ਈ. ਯੂ. ਨਾਲ ਕੀਤੇ ਸਮਝੌਤੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਸੰਸਦ 'ਚ ਉਹ ਇਸ ਦਾ ਸਮਰਥਨ ਨਹੀਂ ਕਰਨਗੇ | ਜਦਕਿ ਲਿਬਰਲ ਡੈਮੋਕ੍ਰੈਟਿਕ ਪਾਰਟੀ ਵਲੋਂ ਪਹਿਲਾਂ ਵੀ ਯੂਰਪੀ ਸੰਘ 'ਚ ਟਿਕੇ ਰਹਿਣ ਦਾ ਸਮਰਥਣ ਕੀਤਾ ਜਾ ਰਿਹਾ ਹੈ, ਸੱਤਾਧਾਰੀ ਪਾਰਟੀ ਦੀ ਭਾਈਵਾਲ ਪਾਰਟੀ ਡੀ. ਯੂ. ਪੀ. ਵਲੋਂ ਵੀ ਸਮਝੌਤੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ ਮੁੜ ਬ੍ਰੈਗਜ਼ਿਟ ਸਮਝੌਤਾ ਉਲਝ ਸਕਦਾ ਹੈ |