13 ਮਾਰਚ ਦਾ ਦਿਨ ਬਦਲਾ ਲੈਣ ਵਾਲੇ ਮਹਾਨ ਇਨਕਲਾਬੀ ਦੇ ਨਾ ✍️ ਅਮਨਜੀਤ ਸਿੰਘ ਖਹਿਰਾ 

 ਅੱਜ ਦੇ ਦਿਨ ਊਧਮ ਸਿੰਘ ਨੇ ਲਿਆ ਸੀ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ

ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਾਉਣ ਲਈ ਸੈਂਕੜੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਜਿਹੇ ਹੀ ਮਹਾਨ ਇਨਕਲਾਬੀ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। ਬਦਲਾ ਲੈਣ ਲਈ ਉਹ ਲੰਡਨ ਆਇਆ ਤੇ ਇੱਥੇ ਆ ਕੇ ਪੰਜਾਬ ਦੇ ਤੱਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਮਾਰ ਮੁਕਾਇਆ। ਆਜ਼ਾਦੀ ਦੇ ਇਸ ਦੀਵਾਨੇ ਤੇ ਭਾਰਤ ਦੇ ਮਹਾਨ ਸਪੂਤ ਨੇ 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਮਾਈਕਲ ਉਡਵਾਇਰ ਉਹ ਇਨਸਾਨ ਸੀ ਜਿਸ ਨੇ ਆਪਣੀ ਤਾਕਤ ਦੇ ਜ਼ੋਰ ਤੇ ਉੱਤੇ ਨਹਾਤੇ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ।

 

(ਫੋਟੋ ਸ਼ਹੀਦ ਊਧਮ ਸਿੰਘ ਅਤੇ ਗਵਰਨਰ ਮਾਈਕਲ ਓਡਵਾਇਰ  )