ਯਥਾਰਥ ਦੀ ਪਗਡੰਡੀ-ਗੋਬਿੰਦਰ ਸਿੰਘ ਬਰੜ੍ਹਵਾਲ

ਗੋਬਿੰਦਰ ਸਿੰਘ ਬਰੜ੍ਹਵਾਲ,ਈਮੇਲ-bardwal.gobinder@gmail.com

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕੁਦਰਤ ਨੇ ਮਨੁੱਖ ਨੂੰ ਵਿਸ਼ੇਸ਼ ਬਣਾਇਆ ਹੈ ਅਤੇ ਇਸ ਨੂੰ ਅਕਲ ਦੀ ਅਨਮੋਲ ਦਾਤ ਬਖ਼ਸ਼ੀ ਹੈ। ਬੁੱਧੀ ਦੀ ਵਰਤੋਂ ਸਦਕਾ ਹੀ ਮਨੁੱਖ ਸਮੇਂ ਦੇ ਨਾਲ ਨਾਲ ਆਪਣੇ ਸ਼ੁਰੂਆਤੀ ਸਫਰ ਤੋਂ ਬਹੁਤ ਅੱਗੇ ਤੱਕ ਆ ਚੁੱਕਾ ਹੈ, ਸਮੇਂ ਦੇ ਨਾਲ ਨਾਲ ਕ੍ਰਾਂਤੀਕਾਰੀ ਜੀਵਨ ਪੱਧਰ ਦੇ ਸੁਧਾਰਾਂ ਅਤੇ ਬਦਲਾਵਾਂ ਦੇ ਨਾਲ ਅਨੇਕਾਂ ਖੋਜਾਂ, ਧਰਤੀਂ ਤੋਂ ਪੁਲਾੜ, ਚੰਦਰਮਾ ਤੱਕ ਝੰਡੇ ਗੱਡ ਚੁੱਕਾ ਹੈ।

ਸਾਡੇ ਆਮ ਕਾਰ ਵਿਹਾਰ ਵਿੱਚ, ਸਾਡੀ ਜੀਵਨਸ਼ੈਲੀ ਵਿੱਚ ਅਸੀਂ ਰੋਜਾਨਾਂ ਹੀ ਸੈਂਕੜੇ ਲੋਕਾਂ ਨੂੰ ਮਿਲਦੇ ਹਾਂ, ਉਹਨਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਚਰਦੇ ਹਾਂ। ਇਹਨਾਂ ਲੋਕਾਂ ਵਿੱਚ ਕੁਝ ਸਾਡੀ ਜਾਣ ਪਛਾਣ ਦੇ ਹੁੰਦੇ ਹਨ ਅਤੇ ਕੁਝ ਅਣਪਛਾਤੇ ਜਿੰਨਾਂ ਨੂੰ ਅਸੀਂ ਪਹਿਲੀ ਵਾਰ ਮਿਲਦੇ ਹਾਂ। ਇਹ ਮਨੁੱਖੀ ਸੁਭਾਅ ਹੈ ਕਿ ਹਰ ਵਿਅਕਤੀ ਵਿਸ਼ੇਸ਼ ਜਰੂਰ ਹੈ ਪਰੰਤੂ ਕੋਈ ਵੀ ਪੂਰਨ ਨਹੀਂ ਹੈ ਜੋ ਗਲਤੀ ਰਹਿਤ ਹੋਵੇ ਜਾਂ ਜਿਸ ਦਾ ਕੋਈ ਵਿਰੋਧ ਨਾ ਹੋਵੇ। ਸੰਸਾਰ ਵਿੱਚ ਜਿਆਦਾਤਰ ਲੋਕ ਆਸਤਿਕ ਹਨ ਅਤੇ ਕਿਸੇ ਨਾ ਕਿਸੇ ਧਰਮ ਜਾਂ ਸੰਪਰਦਾ ਨਾਲ ਜੁੜੇ ਹੋਏ ਹਨ ਅਤੇ ਰੱਬ ਨੂੰ ਵੱਖੋ ਵੱਖਰੇ ਨਾਵਾਂ ਨਾਲ ਸਰਵਉੱਚ ਮੰਨਦੇ ਹਨ। ਪਰ ਜਿੱਥੋਂ ਤੱਕ ਗਲਤੀ ਜਾਂ ਵਿਰੋਧ ਦੀ ਗੱਲ ਹੈ ਤਾਂ ਲੋਕਾਂ ਨੂੰ ਰੱਬ ਤੋਂ ਵੀ ਸ਼ਿਕਾਇਤਾਂ ਹਨ, ਰੱਬ ਦਾ ਵੀ ਵਿਰੋਧ ਹੈ। ਸੋ ਜੇ ਕਹਿ ਲਿਆ ਜਾਵੇ ਕਿ ਰੱਬ ਵੀ ਪੂਰਨ ਨਹੀਂ ਤਾਂ ਕੋਈ ਅੱਤ ਕੱਥਨੀ ਨਹੀਂ ਹੋਵੇਗੀ।

ਹਰ ਵਿਅਕਤੀ ਦੀ ਉਸਦੀ ਪਰਿਵਾਰਿਕ ਸਥਿਤੀ, ਸੰਗਤ, ਪਿਛੋਕੜ, ਖੇਤਰ, ਗਿਆਨ, ਆਸਥਾ, ਰੁਚੀ ਆਦਿ ਦੇ ਆਧਾਰ ਤੇ ਸੀਮਿਤ ਜਾਣਕਾਰੀ ਹੁੰਦੀ ਹੈ। ਹਰ ਵਿਅਕਤੀ ਦੀ ਆਪਣੇ ਸਾਧਨਾਂ ਅਨੁਸਾਰ ਵੱਖੋ ਵੱਖਰੇ ਵਿਸ਼ਿਆਂ ਤੇ ਵੱਖੋ ਵੱਖਰੀ ਧਾਰਨਾ ਹੁੰਦੀ ਹੈ, ਇੱਕ ਬੰਦਾ ਆਪਣੀ ਧਾਰਨਾ ਅਨੁਸਾਰ ਇੱਕ ਤੱਥ ਨੂੰ ਸਹੀ ਮੰਨਦਾ ਹੈ ਤੇ ਉਸੇ ਤੱਥ ਨੂੰ ਦੂਜਾ ਵਿਅਕਤੀ ਰੱਦ ਕਰ ਸਕਦਾ ਹੈ ਤੇ ਤੀਜਾ ਉਸੇ ਤੱਥ ਦੀ ਆਪਣੇ ਅਨੁਸਾਰ ਵਿਆਖਿਆ ਕਰ ਸਕਦਾ ਹੈ। ਇਹ ਕਦੇ ਵੀ ਸੰਭਵ ਨਹੀਂ ਕਿ ਸਾਰੇ ਵਿਅਕਤੀਆਂ ਨੂੰ ਇਕੋ ਜਿਹੀ ਜਾਣਕਾਰੀ ਹੋਵੇ। ਜਾਣਕਾਰੀ ਹਾਸਿਲ ਕਰਨ ਦੀ ਬਿਰਤੀ ਹਰ ਅਗਾਂਹਵਧੂ ਵਿਅਕਤੀ ਦੀ ਨਿਸ਼ਾਨੀ ਹੁੰਦੀ ਹੈ ਅਤੇ ਯੋਗ ਕਿਤਾਬਾਂ ਇਸ ਵਿੱਚ ਬਹੁਤ ਸਹਾਈ ਹੋ ਸਕਦੀਆਂ ਹਨ, ਪੜ੍ਹਨ ਦੀ ਆਦਤ ਆਦਰਸ਼ ਸਮਾਜ ਦੇ ਨਾਗਰਿਕ ਦਾ ਪਹਿਲਾ ਗੁਣ ਹੈ।

ਐਨੇ ਵਖਰੇਵੇਂ ਹੋਣ ਤੇ ਸਹੀ ਦੀ ਚੋਣ ਕਰਨਾ ਕਠਿਨ ਜਰੂਰ ਹੈ ਪਰੰਤੂ ਅਸੰਭਵ ਨਹੀਂ। ਕਿਸੇ ਵਿਸ਼ੇ ਤੇ ਹੁੰਦੀ ਗੱਲ ਨੂੰ ਪਰਖਣ, ਸਹੀ ਦੀ ਚੋਣ ਲਈ, ਯਥਾਰਥ ਦੇ ਰੂਬਰੂ ਹੋਣ ਲਈ ਇਨਸਾਨੀਅਤ ਨੂੰ ਸਰਵਉੱਚ ਰੱਖਦੇ ਹੋਏ, ਮੱਦੇਨਜਰ ਰੱਖਦੇ ਹੋਏ ਨਿੱਰਪੱਖਤਾ ਨਾਲ ਤਰਕ ਦੀ ਸੂਈ ਦੇ ਨੱਕੇ ਰਾਹੀਂ ਹੀ ਚੁਣਿਆ ਜਾ ਸਕਦਾ ਹੈ ਅਤੇ ਜੋ ਵਿਅਕਤੀ ਇਸ ਤੱਥਨੂੰ ਅਮਲੀ ਰੂਪ ਦਿੰਦਾ ਹੈ ਅਸਲ ਚ ਓਹੀ ਇਨਸਾਨ ਅਖਵਾਉਣ ਦਾ ਅਸਲ ਹੱਕਦਾਰ ਹੈ। ਕਿਸੇ ਵਿਸ਼ੇ, ਮਸਲੇ ਤੇ ਇਨਸਾਨੀਅਤ, ਨਿਰਪੱਖਤਾ ਅਤੇ ਤਰਕ ਦੇ ਮੂਲ ਮੰਤਰ ਨੂੰ ਲਾਂਭੇ ਕਰ ਆਪਣੀ ਵਿਸ਼ੇਸ਼ ਧਾਰਨਾ ਦੇ ਲਕੀਰ ਦੇ ਫਕੀਰ ਬਣਨਾ ਕਿਸੇ ਵੀ ਰੂਪ ਵਿੱਚ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਹ ਸਮੁੱਚੀ ਮਨੁੱਖਤਾ ਲਈ ਨੁਕਸਾਨਦਾਇਕ ਹੈ।

ਮਨੁੱਖਤਾ, ਨਿਰਪੱਖਤਾ ਅਤੇ ਤਰਕ ਦਾ ਲੜ ਫੜ ਯਥਾਰਥ ਦੀ ਪਗਡੰਡੀ ਤੇ ਚੱਲਣਾ ਸੌਖਾ ਨਹੀਂ, ਇਸ ਲੀਹ ਤੇ ਰੁੱਸਣ ਵਾਲੇ, ਵਿਰੋਧ ਵਾਲੇ, ਚਿੱਕੜ ਸੁੱਟਣ ਵਾਲੇ, ਵੱਟੇ ਮਾਰਨ ਵਾਲੇ ਵਾਧੂ ਮਿਲਣਗੇ, ਹੋ ਸਕਦਾ ਸਫ਼ਰ ਤੇ ਆਖ਼ੀਰ ਤੇ ਤੁਸੀਂ ਇਕੱਲੇ ਹੀ ਬਚੋਂ। ਯਥਾਰਥ ਜਾਂ ਸੱਚ ਕੱਚ ਵਰਗਾ ਹੁੰਦਾ ਹੈ ਜੋ ਬਹੁਤਿਆਂ ਦੇ ਚੁੱਭਦਾ ਹੈ, ਨਮਕ ਵਰਗਾ ਹੁੰਦਾ ਹੈ ਜੋ ਬਹੁਤਿਆਂ ਦੇ ਜਖਮ ਤੇ ਲੜਦਾ ਹੈ, ਕਟਾਰ ਵਰਗਾ ਹੁੰਦਾ ਹੈ ਜੋ ਸੀਨੇ ਤੇ ਸਿੱਧਾ ਵਾਰ ਕਰਦਾ ਹੈ।

ਅਕਸਰ ਵੇਖਿਆਂ ਜਾਂਦਾ ਹੈ ਕਿ ਕੋਈ ਸਾਡੀ ਗੱਲ ਦਾ ਬੁਰਾ ਨਾ ਮੰਨ ਜਾਵੇ, ਸਾਡੇ ਤੋਂ ਰੁੱਸ ਨਾ ਜਾਵੇ, ਸਾਨੂੰ ਗਲਤ ਨਾ ਸਮਝੇ ਦੀ ਘੁੰਮਣਘੇਰੀ ਵਿੱਚ ਫਸੇ ਅਸੀਂ ਯਥਾਰਥ ਵਿਵਹਾਰ ਨਹੀਂ ਕਰ ਪਾਉਂਦੇ। ਦੂਜਿਆਂ ਦੀ ਨਜਰ ਵਿੱਚ ਬੀਬੇ ਬਣੇ ਰਹਿਣ ਲਈ, ਝੂਠ ਦਾ ਸਹਾਰਾ ਤੇ ਯਥਾਰਥ ਤੋਂ ਮੂੰਹ ਮੋੜ ਲਿਆ ਜਾਂਦਾ ਹੈ। ਯਥਾਰਥ ਤੋਂ ਛੁੱਟ ਝੂਠ ਜਾਂ ਦੂਜਿਆਂ ਨੂੰ ਖੁਸ਼ ਕਰਨ ਦੀ ਬਿਰਤੀ ਆਪਣੇ ਆਪ ਨਾਲ ਨਿਆਂ ਸੰਗਤ ਨਹੀਂ ਹੈ। ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਵਾਧੂ ਫਿਕਰਾਂ ਵਿੱਚ ਰੁੱਝੇ ਰਹਿੰਦੇ ਹਾਂ ਤੇ ਬੇਲੋੜਾ ਆਪਣੇ ਲਈ ਮਾਨਸਿਕ ਤਣਾਅ ਸਹੇੜ ਲੈਂਦੇ ਹਾਂ, ਨੱਕ ਰਗੜਦੇ ਹਾਂ, ਮੁਆਫੀਆਂ ਮੰਗਦੇ ਹਾਂ ਅਤੇ ਦੂਜਿਆਂ ਨੂੰ ਹਰ ਹੀਲੇ ਵਸੀਲੇ ਖੁਸ਼ ਤੇ ਸਹਿਜ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਨੂੰ ਪਿੱਛੇ ਰੱਖ ਕੇ।

ਸਾਰਿਆਂ ਨੂੰ ਖੁਸ਼ ਕਰਨ ਦੀ ਬਿਰਤੀ ਅਤੇ ਆਪਣੇ ਆਪ ਨੂੰ ਹਮੇਸ਼ਾ ਬਚਾਅ ਮੁਦਰਾ ਚ ਰੱਖਣ ਦਾ ਸੁਭਾਅ ਇੱਕ ਮਾਨਸਿਕ ਵਿਕਾਰ ਕਹਿਣਾ ਕੋਈ ਅੱਤਕੱਥਨੀ ਨਹੀਂ ਹੋਵੇਗੀ। ਸੰਸਾਰ ਵਿੱਚ ਇਨਸਾਨ ਦੂਜਿਆਂ ਨੂੰ ਖੁਸ਼ ਕਰਨ ਲਈ ਨਹੀਂ ਆਇਆ, ਹਰ ਵਿਅਕਤੀ ਆਪਣੀ ਜਿੰਦਗੀ ਨੂੰ ਸਾਰਥਕਤਾ ਤੇ ਯਥਾਰਥਵਾਦੀ ਨਜ਼ਰੀਏ ਨਾਲ ਜੀਵੇ, ਕਿੰਨਾ ਚੰਗਾ ਹੋਵੇ ਜੇ ਹਰ ਵਿਅਕਤੀ ਇਨਸਾਨੀਅਤ ਦਾ ਪਾਠ ਪੜ੍ਵੇ ਅਤੇ ਅਸਲ ਚ ਇਨਸਾਨ ਬਣੇ। ਯਥਾਰਥ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੁੰਦਾ, ਇਹ ਉਹ ਸੱਚ ਹੁੰਦਾ ਹੈ ਜੋ ਅਟੱਲ ਹੈ।

ਯਥਾਰਥ ਤੋਂ ਭੱਜ ਦੂਜਿਆਂ ਨੂੰ ਖੁਸ਼ ਕਰਨ ਦੇ ਵਿਵਹਾਰ ਨੂੰ ਲਾਂਭੇ ਕਰਨ ਦੀ ਲੋੜ ਹੈ, ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨਾ ਚਾਹੀਦਾ ਕਿ ਇਨਸਾਨੀਅਤ, ਨਿਰਪੱਖਤਾ ਤੇ ਤਰਕ ਆਧਾਰਤ ਗੱਲਬਾਤ ਕੀਤੀ ਜਾਵੇ, ਚਾਹੇ ਕੋਈ ਸਹਿਮਤ ਹੋਵੇ ਜਾਂ ਨਾਂਹ, ਜੇਕਰ ਕੋਈ ਯਥਾਰਥ ਗੱਲਬਾਤ ਤੋਂ ਖਫਾ ਹੁੰਦਾ ਹੈ ਤਾਂ ਤੁਹਾਡੀ ਕੋਈ ਗਲਤੀ ਨਹੀਂ, ਤੁਹਾਨੂੰ ਕੋਈ ਪਛਤਾਵਾ ਕਰਨ ਦੀ ਲੋੜ ਨਹੀਂ, ਕੋਈ ਨੱਕ ਰਗੜਣ ਦੀ ਲੋੜ ਨਹੀਂ, ਕੋਈ ਮੁਆਫੀ ਦੀ ਲੋੜ ਨਹੀਂ। ਆਪਣੀ ਗੱਲ ਜਾਂ ਤੱਥ ਨੂੰ ਜ਼ਿੰਮੇਵਾਰੀ ਨਾਲ, ਹਮੇਸ਼ਾਂ ਸਾਫ਼ ਸਪੱਸ਼ਟ ਸਹਿਜ ਲਹਿਜੇ ਵਿੱਚ ਰੱਖਣ ਦੀ ਆਦਤ ਦੇ ਹਾਣੀ ਬਣਨਾ ਚਾਹੀਦਾ ਹੈ।

ਇਹ ਸੰਸਾਰ ਦਾ ਯਥਾਰਥ ਹੈ ਕਿ ਤੁਸੀਂ ਕਦੇ ਵੀ ਸਾਰਿਆਂ ਨੂੰ ਹਮੇਸ਼ਾਂ ਲਈ ਖੁਸ਼ ਨਹੀਂ ਰੱਖ ਸਕਦੇ ਚਾਹੇ ਇਸ ਲਈ ਤੁਸੀਂ ਕੋਈ ਵੀ ਕੀਮਤ ਕਿਉਂ ਨਾ ਦੇਵੋਂ ਅਤੇ ਇਸ ਗੱਲ ਨੂੰ ਜਿੰਨਾ ਜਲਦੀ ਬੰਦਾ ਸਮਝ ਜਾਵੇ ਇਹ ਉਸ ਲਈ ਇੱਕ ਸਾਰਥਕ ਕਦਮ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਖੋਹਣ ਤੋਂ ਨਾ ਡਰੋ, ਸਗੋਂ ਡਰੋ ਇਸ ਗੱਲ ਤੋਂ ਕਿ ਕਦੇ ਲੋਕਾਂ ਨੂੰ ਖੁਸ਼ ਕਰਦੇ ਕਰਦੇ ਤੁਸੀਂ ਖੁਦ ਨਾ ਖੋਹ ਜਾਵੋ।