ਗਾਂਧੀ ਦੇ ਸਨਮਾਨ ’ਚ ਯਾਦਗਾਰੀ ਸਿੱਕਾ ਜਾਰੀ ਕਰੇਗਾ ਬਰਤਾਨੀਆ

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)- ਬਰਤਾਨੀਆ ਦੇ ਵਿੱਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ ਕਿ ਸਰਕਾਰ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਬੰਧ ’ਚ ਯਾਦਗਾਰੀ ਸਿੱਕਾ ਜਾਰੀ ਕਰੇਗੀ। ਪਾਕਿਤਸਾਨੀ ਮੂਲ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਯੂਕੇ ਦੇ ਰੌਇਲ ਮਿੰਟ ਨੂੰ ਕਿਹਾ ਹੈ ਕਿ ਉਹ ਸਿੱਕਾ ਬਣਾਉਣ ਸਬੰਧੀ ਕੰਮ ਕਰਨ ਤਾਂ ਜੋ ਦੁਨੀਆਂ ਗਾਂਧੀ ਵੱਲੋਂ ਦਿਖਾਏ ਮਾਰਗ ਨੂੰ ਕਦੇ ਵੀ ਨਾ ਭੁਲਾ ਸਕੇ। ਉਨ੍ਹਾਂ ਇਸ ਦਾ ਐਲਾਨ ਇਥੇ ਜੀਜੀ2 ਲੀਡਰਸ਼ਿਪ ਐਵਾਰਡਜ਼ ਦੌਰਾਨ ਕੀਤਾ। ਏਸ਼ੀਅਨ ਮੀਡੀਆ ਗਰੁੱਪ ਵੱਲੋਂ ਸਾਲਾਨਾ ਜਾਰੀ ਕੀਤੀ ਜਾਂਦੀ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ’ਚ ਸਾਜਿਦ ਜਾਵੇਦ ਮੋਹਰੀ ਰਹੇ ਹਨ। ਤਾਕਤਵਰ ਹਸਤੀਆਂ ’ਚ ਦੂਜੇ ਨੰਬਰ ’ਤੇ ਬੋਰਿਸ ਜੌਹਨਸਨ ਦੀ ਅਗਵਾਈ ਹੇਠਲੀ ਸਰਕਾਰ ’ਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਆਈ ਹੈ। ਪਿਛਲੇ ਸਾਲ ਉਹ 38ਵੇਂ ਨੰਬਰ ’ਤੇ ਸਨ। ਸੂਚੀ ’ਚ ਤੀਜੇ ਨੰਬਰ ’ਤੇ ਬ੍ਰੈਗਜ਼ਿਟ ਵਿਰੋਧੀ ਮੁਹਿਮ ਚਲਾਉਣ ਵਾਲੀ ਜੀਨਾ ਮਿੱਲਰ ਦਾ ਨਾਮ ਹੈ। ਚੌਥੇ ਨੰਬਰ ’ਤੇ ਲੰਡਨ ਦੇ ਮੇਅਰ ਸਾਦਿਕ ਖ਼ਾਨ, ਪੰਜਵੇਂ ’ਤੇ ਅਤਿਵਾਦ ਵਿਰੋਧੀ ਅਧਿਕਾਰੀ ਨੀਲ ਬਾਸੂ ਅਤੇ ਨੌਵੇਂ ਨੰਬਰ ’ਤੇ ਨੋਬੇਲ ਪੁਰਸਕਾਰ ਜੇਤੂ ਸਰ ਵੈਂਕਟਰਮਨ ਰਾਮਾਕ੍ਰਿਸ਼ਨਨ ਵੈਂਕੀ ਹਨ। ਯੂਕੇ ਆਧਾਰਿਤ ਭਾਰਤੀ ਮੂਲ ਦੇ ਕਾਰੋਬਾਰੀਆਂ ਹਿੰਦੂਜਾ ਭਰਾ ਗੋਪੀਚੰਦ ਅਤੇ ਸ੍ਰੀਚੰਦ ਨੂੰ 10ਵਾਂ ਸਥਾਨ ਮਿਲਿਆ ਹੈ