ਸੁਖਬੀਰ ਸਿੰੰਘ ਬਾਦਲ 21 ਦਸੰਬਰ ਨੂੰ ਪਟਿਆਲਾ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨਿਆਂ ਦੀ ਅਗਵਾਈ ਕਰਨਗੇ

ਪਾਰਟੀ ਪ੍ਰਧਾਨ ਵੱਲੋਂ 22 ਦਸੰਬਰ ਨੂੰ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਜਾਵੇਗੀ-ਸਰਦਾਰ ਬਰਾੜ

ਚੰਡੀਗੜ, ਦਸੰਬਰ 2019,-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਸੂਬੇ ਅੰਦਰ ਅਮਨ-ਕਾਨੂੰਨ ਦੀ ਖਸਤਾ ਹਾਲਤ, ਪੁਲਿਸ ਵਧੀਕੀਆਂ, ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ ਮਾਈਨਿੰਗ ਅਤੇ ਹੋਰ ਲੋਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ ਕੀਤੇ ਜਾ ਰਹੇ ਰਾਜ ਪੱਧਰੀ ਅੰਦੋਲਨਾਂ ਤਹਿਤ 21 ਦਸੰਬਰ ਨੂੰ ਪਟਿਆਲਾ ਵਿਖੇ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨੇ ਦਿੱਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਸਰਪ੍ਰਸਤੀ ਕਰਕੇ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਦਿਨ ਦਿਹਾੜੇ ਸਿਆਸੀ ਕਤਲ ਹੋ ਰਹੇ ਹਨ। ਲੋਕਾਂ ਦੀ ਜਾਨ ਅਤੇ ਮਾਲ ਸੁਰੱਖਿਅਤ ਨਹੀਂ ਰਹੇ ਹਨ ਅਤੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੋ ਗਿਆ ਹੈ। ਉਹਨਾਂ ਦੱਸਿਆ ਕਿ ਸੂਬੇ ਅੰਦਰ ਫੈਲੀ ਇਸ ਬਦਅਮਨੀ ਖ਼ਿਲਾਫ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 21 ਦਸੰਬਰ ਨੂੰ ਦੁਪਹਿਰ ਇੱਕ ਵਜੇ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ।

ਸਰਦਾਰ ਬਰਾੜ ਨੇ ਅੱਗੇ ਦੱਸਿਆ ਕਿ ਅਕਾਲੀ ਦਲ ਵੱਲੋਂ ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ ਰੇਤ ਮਾਇਨਿੰਗ ਅਤੇ ਪੁਲਿਸ ਵਧੀਕੀਆਂ ਆਦਿ ਖ਼ਿਲਾਫ ਰਾਜ ਪੱਧਰ ਉੱਤੇ ਅੰਦੋਲਨਾਂ ਦੀ ਲੜੀ ਸ਼ੁਰੂ  ਕੀਤੀ ਗਈ ਹੈ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 24 ਦਸੰਬਰ ਨੂੰ ਦੁਪਹਿਰ ਇੱਕ ਵਜੇ ਮੋਗਾ ਵਿਖੇ ਸਰਦਾਰ ਬਾਦਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਧਰਨਾ ਦਿੱਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਦੀਆਂ  ਨਾਕਾਮੀਆਂ ਦੀ ਪੋਲ• ਖੋਲ•ੀ ਜਾਵੇਗੀ।

ਸਰਦਾਰ ਬਰਾੜ ਨੇ ਅੱਗੇ ਦੱਸਿਆ ਕਿ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਵੱਲੋਂ 22 ਦਸੰਬਰ ਨੂੰ ਭਾਈ ਮਹਾਨ ਸਿੰਘ ਹਾਲ, ਸ੍ਰੀ ਮੁਕਤਸਰ ਵਿਖੇ ਦੁਪਹਿਰ 12 ਵਜੇ ਇੱਕ ਮੀਟਿੰਗ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਕਾਂਗਰਸ ਸਰਕਾਰ ਦੀ ਵਾਅਦਾਖ਼ਿਲਾਫੀ ਤੋਂ ਇਲਾਵਾ ਇਸ ਦੀਆਂ ਸਿੱਖ-ਵਿਰੋਧੀ ਅਤੇ ਪੰਜਾਬ-ਵਿਰੋਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਰਣਨੀਤੀ ਉਲੀਕੀ ਜਾਵੇਗੀ।