ਭਾਈ ਵਰਿਆਮ ਸਿੰਘ ਕੈਂਸਰ ਨਾਲ ਬਹੁਤ ਬੁਰੀ ਹਾਲਤ ਵਿੱਚ ਬਰੇਲੀ ਹਸਪਤਾਲ ਦਾਖਲ

27 ਸਾਲ ਜੇਲ ਕੱਟਣ ਵਾਲੇ ਵਰਿਆਮ ਸਿੰਘ ਦੇ ਇਲਾਜ਼ ਲਈ ਪੰਥਕ ਧਿਰਾਂ ਅਤੇ ਸਰਕਾਰ ਅੱਗੇ ਆਵੇ-ਬਲਵੰਤ ਸਿੰਘ ਰਾਮੂੰਵਾਲੀਆ

 

ਕਿਹਾ! ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਹੋਵੇਗੀ ਸੱਚੀ ਸ਼ਰਧਾਂਜਲੀ

ਲੁਧਿਆਣਾ, ਅਕਤੂਬਰ 2019- ( ਮਨਜਿੰਦਰ ਗਿੱਲ)-

ਹੋਰ ਸਿੱਖ ਕੈਦੀਆਂ ਨਾਲ 27 ਸਾਲ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜ਼ਾ ਕੱਟਣ ਵਾਲੇ ਭਾਈ ਵਰਿਆਮ ਸਿੰਘ ਦੀ ਸਿਹਤਯਾਬੀ ਲਈ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਨੇ ਪੰਥਕ ਧਿਰਾਂ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰ. ਰਾਮੂੰਵਾਲੀਆ ਨੇ ਕਿਹਾ ਕਿ ਜਿਸ ਵਰਿਆਮ ਸਿੰਘ ਬਾਰੇ ਪੰਜਾਬ ਸਰਕਾਰ ਉਸ ਨੂੰ ਜੇਲ ਵਿਚੋਂ ਰਿਹਾਅ ਕਰਨ ਲਈ ਹੁਣ ਕੇਂਦਰ ਸਰਕਾਰ ਨੂੰ ਸਿਫਾਰਸ਼ ਕਰ ਰਹੀ ਹੈ ਉਸ ਭਾਈ ਵਰਿਆਮ ਸਿੰਘ ਨੂੰ ਉਨਾਂ (ਬਲਵੰਤ ਸਿੰਘ ਰਾਮੂਵਾਲੀਆ) ਨੇ ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਹੁੰਦਿਆਂ ਨਵੰਬਰ 2015 ਵਿੱਚ ਹੀ ਰਿਹਾਅ ਕਰ ਦਿੱਤਾ ਸੀ ਤੇ ਉਸ ਦੀ ਸਾਰੀ ਸਜ਼ਾ ਪੂਰੀ ਤਰਾਂ ਮੁਆਫ ਕਰ ਦਿੱਤੀ ਸੀ। ਇਥੋਂ ਤੱਕ ਕਿ 27 ਸਾਲ ਜੇਲ 'ਚ ਰਹਿਣ ਸਮੇਂ ਭਾਈ ਵਰਿਆਮ ਸਿੰਘ ਦਾ ਪਰਿਵਾਰ ਅਤਿ ਦੀ ਭਿਆਨਕ ਗਰੀਬੀ ਵਿੱਚ ਰੁਲ ਰਿਹਾ ਸੀ, ਉਨਾਂ (ਰਾਮੂਵਾਲੀਆ) ਨੇ ਹੀ ਉਨਾਂ ਦੀ ਲਗਾਤਾਰ ਮਦਦ ਕੀਤੀ ਉਨਾਂ ਦਾ ਉਜੜਿਆ ਘਰ ਬਣਵਾਇਆ। ਰਾਮੂੰਵਾਲੀਆ ਨੇ ਕਿਹਾ ਕਿ ਉਨਾਂ ਦੀ ਪਤਨੀ ਸ਼ਵਿੰਦਰ ਕੌਰ ਕੈਂਸਰ ਨਾਲ ਚਾਰ ਸਾਲ ਬੀਮਾਰ ਰਹਿ ਕੇ ਸਵਰਗਵਾਸ ਹੋਈ।ਉਸ ਦੀ ਦਵਾਈ ਲਈ ਵੀ ਮਦਦ ਉਨਾਂ (ਰਾਮੂਵਾਲੀਆ) ਨੇ ਕੀਤੀ।ਹੁਣ ਭਾਈ ਵਰਿਆਮ ਸਿੰਘ ਕੈਂਸਰ ਨਾਲ ਬਹੁਤ ਬੁਰੀ ਹਾਲਤ ਵਿੱਚ ਅਥਾਹ ਆਰਥਿਕ ਗਰੀਬੀ ਵਿੱਚ ਖੁਦ ਵੀ ਬਰੇਲੀ ਹਸਪਤਾਲ ਦਾਖਲ ਸਨ ਪਰ ਕਿਸੇ ਵੀ ਪੰਥਕ ਧਿਰ ਜਾਂ ਸਰਕਾਰ ਤੋਂ ਕੋਈ ਮਦਦ ਨਹੀਂ ਮਿਲ ਰਹੀ।ਕੁਝ ਮੱਦਦ ਕੁਝ ਸਾਲ ਪਹਿਲਾਂ ਇੰਗਲੈਂਡ ਦੀ ਸੰਗਤ ਨੇ ਕੀਤੀ ਸੀ। ਰਾਮੂਵਾਲੀਆ ਨੇ ਵਿਸ਼ਵ ਭਰ ਦੀਆਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਈ ਵਰਿਆਮ ਸਿੰਘ ਨੂੰ ਇਲਾਜ ਲਈ ਅਪਣਾਉਣ ਤੇ ਟੀਮਾਂ ਬਣਾ ਕੇ ਇਸ ਕੁਰਬਾਨੀ ਵਾਲੇ ਪਰਿਵਾਰ ਦੀ ਮਦਦ ਕਰਨ।ਉਨਾਂ ਕਿਹਾ ਕਿ ਜਦ ਅੱਜ ਪੂਰਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਇਸ ਮੌਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਇੱਕ ਸਿੱਖ ਪਰਿਵਾਰ ਨਾਲ ਖੜਿਆ ਜਾਵੇ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨੁੱਖਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ ਸੀ। ਜਿਸ 'ਤੇ ਸਾਨੂੰ ਅਮਲ ਕਰਕੇ ਭਾਈ ਵਰਿਆਮ ਸਿੰਘ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।