ਥਾਮਸ ਕੁੱਕ ਯੂਕੇ ਦੀ 178 ਸਾਲ ਪੁਰਾਣੀ ਟਰੈਵਲ ਕੰਪਨੀ ਹੋਈ ਬੰਦ

 ਪੁਰੀ ਦੁਨੀਆ ਵਿਚ 22 ਹਜਾਰ ਕੰਮ ਕਰਨ ਵਾਲੇ ਹੋਏ ਵੇਹਲੇ

ਇੰਗਲੈਂਡ ਦੇ 9 ਹਜਾਰ ਕੰਮ ਕਰਨ ਵਾਲਿਆਂ ਤੋਂ ਬਿਨਾਂ ਹੋਰ ਵੀ ਸਪਲਾਈ ਲਾਈਨ ਦੀਆਂ ਅਨੇਕਾਂ ਕੰਪਨੀਆਂ ਤੇ ਪਵੇਗਾ ਬਹੁਤ ਮਾੜਾ ਅਸਰ

ਮਾਨਚੈਸਟਰ,ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-

ਯੂਕੇ ਦੀ 178 ਸਾਲ ਪੁਰਾਣੀ ਟ੍ਰੈਵਲ ਕੰਪਨੀ ਥਾਮਸ ਕੁੱਕ 22 ਸਤੰਬਰ ,ਐਤਵਾਰ ਦੀ ਰਾਤ ਬੰਦ ਹੋ ਗਈ ਹੈ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀ ਨੇ ਨਿੱਜੀ ਨਿਵੇਸ਼ਕਾਂ ਅਤੇ ਸਰਕਾਰ ਕੋਲੋਂ ਬੇਲ ਆਊਟ ਪੈਕੇਜ ਹਾਸਲ ਕਰਨ 'ਚ ਅਸਫਲਤਾ ਮਿਲਣ ਤੋਂ ਬਾਅਦ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਕੰਪਨੀ ਨੇ ਆਪਣੇ ਕਾਰੋਬਾਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀਆਂ ਸਾਰੀਆਂ ਫਲਾਈਟ ਬੁਕਿੰਗ, ਹਾਲੀਡੇਜ਼ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਦੁਨੀਆ ਭਰ 'ਚ ਆਪਣੇ ਗਾਹਕਾਂ ਦੀ ਸਹਾਇਤਾ ਲਈ +441753330330 ਨੰਬਰ ਜਾਰੀ ਕੀਤਾ। ਕੰਪਨੀ ਦੇ ਬੰਦ ਹੋਣ ਨਾਲ ਨਾ ਸਿਰਫ ਕਰਮਚਾਰੀ ਸਗੋਂ ਗਾਹਕ, ਸਪਲਾਇਰ ਅਤੇ ਕੰਪਨੀ ਦੇ ਪਾਰਟਨਰ ਵੀ ਪ੍ਰਭਾਵਿਤ ਹੋਣਗੇ। ਇਸ ਲਈ ਥਾਮਸ ਕੁੱਕ ਦੇ ਚੀਫ ਐਗਜ਼ੀਕਿਊਟਿਵ ਪੀਟਰ ਫੈਂਕਹਾਜਰ ਨੇ ਗਾਹਕਾਂ, ਸਪਲਾਇਰਾਂ, ਕਰਮਚਾਰੀਆਂ ਅਤੇ ਸਾਂਝੇਦਾਰਾਂ ਤੋਂ ਮੁਆਫੀ ਮੰਗੀ ਹੈ। ਕੰਪਨੀ ਦੇ ਅਚਾਨਕ ਬੰਦ ਹੋਣ ਕਾਰਨ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ 'ਚੋਂ ਨਿਕਲੇ ਕਰੀਬ 1.50 ਲੱਖ ਲੋਕ ਫਸ ਗਏ ਹਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕੰਪਨੀ ਦੇ 22 ਹਜ਼ਾਰ ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ। ਇਨ੍ਹਾਂ 'ਚ 9,000 ਕਰਮਚਾਰੀ ਯੂਕੇ ਦੇ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਾਰੋਬਾਰ ਜਾਰੀ ਰੱਖਣ ਲਈ ਉਸਨੂੰ 25 ਕਰੋੜ ਅਮਰੀਕੀ ਡਾਲਰ ਦੀ ਜ਼ਰੂਰਤ ਹੈ, ਜਦੋਂਕਿ ਪਿਛਲੇ ਮਹੀਨੇ ਕੰਪਨੀ 90 ਕਰੋੜ ਪਾਊਂਡ ਹਾਸਲ ਕਰਨ 'ਚ ਕਾਮਯਾਬ ਰਹੀ ਸੀ। ਨਿੱਜੀ ਨਿਵੇਸ਼ ਇਕੱਠਾ ਕਰਨ 'ਚ ਨਾਕਾਮਯਾਬ ਰਹੀ ਕੰਪਨੀ ਨੂੰ ਸਰਕਾਰ ਦੀ ਸਹਾਇਤਾ ਨਾਲ ਹੀ ਬਚਾਇਆ ਜਾ ਸਕਦਾ ਸੀ। ਥਾਮਸ ਕੁੱਕ ਨੇ 1841 'ਚ ਟ੍ਰੈਵਲ ਕਾਰੋਬਾਰ 'ਚ ਕਦਮ ਰੱਖਦੇ ਹੋਏ ਕੰਪਨੀ ਦੀ ਸਥਾਪਨਾ ਕੀਤੀ ਸੀ। ਉਹ ਇੰਗਲੈਂਡ ਦੇ ਸ਼ਹਿਰਾਂ ਵਿਚਕਾਰ ਟੇਂਪਰੇਂਸ ਸਪਾਰਟਸ ਨੂੰ ਟ੍ਰੇਨ ਦੇ ਜ਼ਰੀਏ ਪਹੁੰਚਾਉਂਦਾ ਸੀ। ਜਲਦੀ ਹੀ ਕੰਪਨੀ ਨੇ ਵਿਦੇਸ਼ੀ ਟ੍ਰਿਪ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ। 1855 'ਚ ਕੰਪਨੀ ਅਜਿਹੀ ਪਹਿਲੀ ਆਪਰੇਟਰ ਬਣੀ ਜਿਹੜੀ ਬ੍ਰਿਟਿਸ਼ ਯਾਤਰੀਆਂ ਨੂੰ ਐਸਕਾਰਟ ਟ੍ਰਿਪ 'ਤੇ ਯੂਰਪੀ ਦੇਸ਼ਾਂ 'ਚ ਲੈ ਕੇ ਜਾਂਦੀ ਸੀ। ਇਸ ਤੋਂ ਬਾਅਦ 1866 'ਚ ਕੰਪਨੀ ਅਮਰੀਕਾ ਟ੍ਰਿਪ ਸਰਵਿਸ ਦੇਣ ਲੱਗੀ ਅਤੇ 1872 'ਚ ਪੂਰੀ ਦੁਨੀਆ 'ਚ ਟੂਰ ਸਰਵਿਸ ਦੇਣ ਲੱਗੀ।

ਮਾਨਚੈਸਟਰ ਏਅਰਪੋਰਟ ਤੇ ਅੱਜ ਥਾਮਸ ਕੁੱਕ ਨਾਲ ਸਫ਼ਰ ਕਰਨ ਵਾਲਿਆਂ ਦਾ ਤਾਤਾ ਲਗਿਆ ਰਿਹਾ।ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸਾਨੀ ਦਾ ਸਮਾਣਾ ਕਰਨਾ ਪਿਆ।ਥਾਮਸ ਕੁੱਕ ਦੇ ਬੰਦ ਹੋਣ ਨਾਲ ਸਮੁੱਚੇ ਇੰਗਲੈਂਡ ਅੰਦਰ ਲੋਕਾਂ ਵਿੱਚ ਡਰ ਹੈ।