You are here

ਪੰਜਾਬ ਦੀ ਸਨਅਤ ਤੇ ਖੇਤੀ ਨੂੰ ਸਾਮਰਾਜੀ ਸੰਸਥਾਵਾਂ ਦੇ ਪ੍ਰਛਾਵੇਂ ਤੋਂ ਦੂਰ ਰੱਖਣ ਦੀ ਮੰਗ

ਜੀ 20 ਸੰਮੇਲਨ ਖ਼ਿਲਾਫ ਰੋਸ ਮੁਜ਼ਾਹਰਾ ਕਰੇਗੀ ਬੀਕੇਯੂ (ਏਕਤਾ-ਉਗਰਾਹਾਂ)

ਚੰਡੀਗੜ੍ਹ, 12 ਮਾਰਚ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) 15 ਮਾਰਚ ਨੂੰ ਅੰਮ੍ਰਿਤਸਰ 'ਚ ਹੋ ਰਹੇ ਜੀ-20 ਸੰਮੇਲਨ ਦਾ ਵਿਰੋਧ ਕਰਦਿਆਂ ਅੰਮ੍ਰਿਤਸਰ 'ਚ ਰੋਸ ਮੁਜ਼ਾਹਰਾ ਕਰੇਗੀ ਤੇ ਮੰਗ ਕਰੇਗੀ ਕਿ ਦੇਸ਼ ਤੇ ਪੰਜਾਬ ਦੀ ਖੇਤੀ ਤੇ ਸਨਅਤ ਨੂੰ ਇਹਨਾਂ ਸਾਮਰਾਜੀ ਲੁਟੇਰੇ ਮੰਤਵਾਂ ਦੇ ਪ੍ਰਛਾਵੇਂ ਤੋਂ ਦੂਰ ਰੱਖਿਆ ਜਾਵੇ ਤੇ ਸੰਸਾਰ ਵਪਾਰ ਸੰਸਥਾ ਵਰਗੇ ਸਾਮਰਾਜੀ ਅਦਾਰਿਆਂ ਨਾਲ ਕੀਤੀਆਂ ਲੋਕ-ਧ੍ਰੋਹੀ ਸੰਧੀਆਂ ਰੱਦ ਕੀਤੀਆਂ ਜਾਣ।

        ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਦੇਸ਼ ਅੰਦਰ ਜੀ-20 ਦੀਆਂ ਮੀਟਿੰਗਾਂ ਹੋ ਰਹੀਆਂ ਹਨ ਤੇ ਇਹਨਾਂ ਦੇ ਏਜੰਡਿਆਂ 'ਚੋਂ ਸਿੱਖਿਆ ਅਤੇ ਲੇਬਰ ਮੁੱਦਿਆਂ ਤੇ ਹੋਣ ਵਾਲੀਆਂ ਮੀਟਿੰਗਾਂ ਪੰਜਾਬ ਅੰਦਰ ਅੰਮ੍ਰਿਤਸਰ ਵਿੱਚ ਕਰਵਾਈਆਂ ਜਾਣੀਆਂ ਹਨ। ਉਹਨਾਂ ਕਿਹਾ ਕਿ ਦੁਨੀਆਂ ਦੇ ਵੱਡੇ ਸਾਮਰਾਜੀ ਮੁਲਕਾਂ ਦੀ ਸ਼ਮੂਲੀਅਤ ਤੇ ਮੋਹਰੀ ਭੂਮਿਕਾ ਵਾਲਾ ਇਹ 20 ਦੇਸ਼ਾਂ ਦਾ ਗਰੁੱਪ ਸਾਮਰਾਜੀ ਮੁਲਕਾਂ ਦੇ ਲੁਟੇਰੇ ਮੰਤਵਾਂ ਨੂੰ ਅੱਗੇ ਵਧਾਉਣ ਲਈ ਬਣਾਇਆ ਗਿਆ ਹੈ। ਇਸ ਮੰਚ ਰਾਹੀਂ ਸੰਸਾਰ ਸਾਮਰਾਜੀ ਸੰਸਥਾਵਾਂ  ਜਿਵੇਂ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਆਦਿ ਦੇ ਲੁਟੇਰੇ ਏਜੰਡਿਆਂ ਨੂੰ ਪਛੜੇ ਮੁਲਕਾਂ 'ਤੇ ਮੜ੍ਹਿਆ ਜਾਂਦਾ ਹੈ। ਭਾਰਤ ਵਰਗੇ ਮੁਲਕਾਂ ਦੀ ਖੇਤੀ, ਸਨਅਤ ਤੇ ਵਪਾਰ 'ਚ ਸਾਮਰਾਜੀ ਕੰਪਨੀਆਂ ਤੇ ਮੁਲਕਾਂ ਦੀ ਪੁੱਗਤ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੀਆਂ ਸੰਧੀਆਂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਕੁਦਰਤੀ ਸੋਮਿਆਂ ਤੇ ਕਿਰਤ ਸ਼ਕਤੀ ਨੂੰ ਸਾਮਰਾਜੀਆਂ ਵੱਲੋਂ ਲੁੱਟਣ ਦੀਆਂ ਵਿਉਤਾਂ ਇਹਨਾਂ ਮੰਚਾਂ ਰਾਹੀਂ ਘੜੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਇਹ ਦੇਸ਼ ਨੂੰ ਸਾਮਰਾਜੀਆਂ ਕੋਲ ਗਹਿਣੇ ਧਰਨ ਦਾ ਪਲੇਟਫਾਰਮ ਹੈ।

 ਆਗੂਆਂ ਨੇ ਕਿਹਾ ਕਿ ਪੰਜਾਬ ਦੀ ਤਬਾਹ ਹੋ ਰਹੀ ਸਨਅਤ ਤੇ ਸੰਕਟਾਂ 'ਚ ਘਿਰੀ ਖੇਤੀ ਉਹਨਾਂ ਮੰਚਾਂ ਰਾਹੀਂ ਹੋਈਆਂ ਸੰਧੀਆਂ ਤਹਿਤ ਲਾਗੂ ਕੀਤੀਆਂ ਗਈਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਦਾ ਹੀ ਕਹਿਰ ਹੰਢਾ ਰਹੀ ਹੈ। ਫ਼ਸਲਾਂ ਲੁੱਟਣ ਤੇ ਜ਼ਮੀਨ ਹੜੱਪਣ ਦੀ ਨੀਅਤ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨ ਸੰਸਾਰ ਵਪਾਰ ਸੰਸਥਾਵਾਂ ਦੀਆਂ ਹਦਾਇਤਾਂ 'ਤੇ ਅਜਿਹੇ ਮੰਚਾਂ ਰਾਹੀਂ ਹੀ ਆਏ ਸਨ। ਸਰਕਾਰੀ ਮੰਡੀਆਂ ਦਾ ਭੋਗ ਪਾਉਣ, ਬਿਜਲੀ ਬੋਰਡ ਦਾ ਨਿੱਜੀਕਰਨ, ਵਿਦੇਸ਼ੀ ਕਣਕ ਮੰਗਵਾਉਣ, ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹਣ ਤੇ ਸਰਕਾਰੀ ਸਿੱਖਿਆ ਨੂੰ ਉਜਾੜਨ , ਨਵੀਂ ਸਿੱਖਿਆ ਨੀਤੀ ਲਿਆਉਣ, ਪਾਣੀ 'ਤੇ ਸਾਮਰਾਜੀ ਕੰਪਨੀਆਂ ਦਾ ਕੰਟਰੋਲ ਕਰਾਉਣ ਵਰਗੇ ਕਦਮ ਇਹਨਾਂ ਗਰੁੱਪਾਂ 'ਚ ਹੀ ਵਿਉਂਤੇ ਜਾਂਦੇ ਹਨ ਤੇ ਫਿਰ ਸਾਡੇ 'ਤੇ ਮੜ੍ਹੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਇੱਕ ਪਾਸੇ ਖੇਤੀ ਨੂੰ ਸੰਕਟ 'ਚੋਂ ਕੱਢਣ ਦੀ ਨੀਤੀ ਲਿਆਉਣ ਦੇ ਐਲਾਨ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਖੇਤੀ ਨੂੰ ਸੰਕਟ 'ਚ ਧੱਕਣ ਵਾਲੇ  ਸਾਮਰਾਜੀ ਮੁਲਕਾਂ ਦੇ ਫੁਰਮਾਨਾਂ ਨੂੰ ਲਾਗੂ ਕਰਵਾਉਣ ਲਈ ਸੂਬੇ 'ਚ ਇਹਨਾਂ ਲੁਟੇਰਿਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਲੋਕਾਂ ਦੇ ਪੈਸਿਆਂ ਨਾਲ ਭਰੇ ਖ਼ਜ਼ਾਨੇ ਨੂੰ ਇਹਨਾਂ ਲੁਟੇਰਿਆਂ ਦੀ ਸੇਵਾ ਵਿੱਚ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਪੰਜਾਬ ਨੂੰ ਲੁੱਟਣ ਦੀਆਂ ਵਿਉਤਾਂ ਘੜਨ ਲਈ ਹੋ ਰਹੀ ਇਸ ਮੀਟਿੰਗ 'ਤੇ ਹੀ ਪੰਜਾਬ ਦੇ ਲੋਕਾਂ ਦੇ ਖਜ਼ਾਨੇ 'ਚ ਲਗਭਗ 100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਰਾਹੀਂ ਪੰਜਾਬ ਦੀ ਅੰਨ੍ਹੀ ਲੁੱਟ ਕਰਨ ਤੇ ਸਾਡੇ ਵਾਤਾਵਰਣ  'ਚ ਜ਼ਹਿਰਾਂ ਘੋਲਣ ਵਾਲੀਆਂ ਬਾਯਰ ਵਰਗੀਆਂ ਕੰਪਨੀਆਂ ਦੇ ਸਰਪ੍ਰਸਤਾਂ ਦਾ ਸ਼ਾਹੀ ਸਵਾਗਤ ਕਰਨ ਦੀਆਂ ਤਿਆਰੀਆਂ ਰਾਹੀਂ ਪੰਜਾਬ ਸਰਕਾਰ ਨੇ ਦਰਸਾ ਦਿੱਤਾ ਹੈ ਕਿ ਉਹ ਉਸੇ ਕਾਰਪੋਰੇਟ ਪੱਖੀ ਖੇਤੀ ਨੀਤੀ ਨੂੰ ਜਾਰੀ ਰੱਖ ਰਹੀ ਹੈ।  

     ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦੇ ਮੂਹਰੇ ਲੱਗ ਕੇ ਇਤਿਹਾਸਕ ਕਿਸਾਨ ਸ਼ੰਘਰਸ ਲੜਿਆ ਤੇ ਜਿੱਤਿਆ ਸੀ। ਅੱਜ ਸਾਡੀ ਧਰਤੀ 'ਤੇ ਆ ਕੇ ਸਾਡੀ ਖੇਤੀ ਤੇ ਸਨਅਤ ਹੜੱਪਣ ਦੀਆਂ ਵਿਉਤਾਂ ਬਣਾਉਣ ਦੀ ਇਜਾਜ਼ਤ ਸਾਮਰਾਜੀ ਕੰਪਨੀਆਂ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ। ਇਸ ਲਈ ਜੱਥੇਬੰਦੀ ਵੱਲੋਂ ਸਾਮਰਾਜੀ ਕੰਪਨੀਆਂ ਨੂੰ ਪੰਜਾਬ ਅਤੇ ਪੂਰੇ ਦੇਸ਼ ਦੀਆਂ ਜ਼ਮੀਨਾਂ, ਫ਼ਸਲਾਂ, ਕਿਰਤੀਆਂ, ਪਾਣੀਆਂ ਤੇ ਸਨਅਤਾਂ ਤੋਂ ਹੱਥ ਪਰ੍ਹੇ ਰੱਖਣ ਦੀ ਸੁਣਵਾਈ ਲਈ ਅੰਮ੍ਰਿਤਸਰ 'ਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਮੰਗ ਕੀਤੀ ਜਾਵੇਗੀ ਕਿ ਭਾਰਤ ਸੰਸਾਰ ਵਪਾਰ ਸੰਸਥਾ ਸਮੇਤ ਸਾਮਰਾਜੀਆਂ ਦੀਆਂ ਪੁੱਗਤ ਵਾਲੀਆਂ ਸੰਸਥਾਵਾਂ 'ਚੋਂ ਬਾਹਰ ਆਵੇ ਤੇ ਇਹਨਾਂ ਨਾਲ ਕੀਤੀਆਂ ਸੰਧੀਆਂ ਰੱਦ ਕਰੇ। ਸਾਮਰਾਜੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ ਨੂੰ ਖੇਤੀ ਖੇਤਰ 'ਚੋਂ ਬਾਹਰ ਰੱਖੇ ਤੇ ਇਹਨਾਂ ਦੇ ਹਿੱਤਾਂ ਲਈ ਘਰੇਲੂ ਸਨਅਤ ਦਾ ਉਜਾੜਾ ਬੰਦ ਕਰੇ।

       ਉਹਨਾਂ ਸਭਨਾਂ ਦੇਸ਼ ਭਗਤ ਤੇ ਸਾਮਰਾਜੀ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਕਿ ਉਹ ਜੱਥੇਬੰਦੀ ਵੱਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੀ ਹਿਮਾਇਤ ਕਰਨ ਤੇ ਸਾਮਰਾਜੀ ਲੁਟੇਰੇ ਹਿੱਤਾਂ ਲਈ ਕਰਵਾਏ ਜਾ ਰਹੇ ਇਸ ਸੰਮੇਲਨ ਦਾ ਵਿਰੋਧ ਕਰਨ ਲਈ ਸ਼ਹੀਦ ਭਗਤ ਸਿੰਘ ਦਾ ਸਾਮਰਾਜਵਾਦ-ਮੁਰਦਾਬਾਦ ਦਾ ਨਾਅਰਾ ਬੁਲੰਦ ਕਰਨ।