You are here

ਪਿੰਡ ਰੂਪਾ ਪੱਤੀ ਦੇ ਸਰਪੰਚ ਦਵਿੰਦਰ ਸਿੰਘ ਕਹਿਲ ਨੇ ਪੰਜਾਬ ਭਰ ’ਚੋ ਵੱਡੀ ਲੀਡ ਲੈ ਕੇ ਜਿੱਤ ਦੇ ਗੱਡੇ ਝੰਡੇ

ਮੁੱਲਾਂਪੁਰ ਦਾਖਾ, 17 ਅਕਤੂਬਰ ( ਸਤਵਿੰਦਰ ਸਿੰਘ ਗਿੱਲ)  15 ਅਕਤੂਬਰ ਨੂੰ ਪੰਜਾਬ ’ਚ ਪੰਚਾਇਤੀ ਚੋਣਾਂ ਦੌਰਾਨ ਸਰਪੰਚੀ ਦੀਆਂ ਚੋਣਾਂ ਦੇ ਨਤੀਜੇ ਬੇਸ਼ਕ ਲੋਕਾਂ ਸਾਹਮਣੇ ਆ ਗਏ ਹਨ ਪ੍ਰੰਤੂ ਜਿਲ੍ਹਾ ਲੁਧਿਆਣਾ ਦੇ ਹਲਕਾ ਰਾਏਕੋਟ ਦੇ ਪਿੰਡ ਰੂਪਾ ਪੱਤੀ ਤੋ ਉੱਘੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਰਹੇ ਦਵਿੰਦਰ ਸਿੰਘ ਕਹਿਲ ਨੂੰ ਪਿੰਡ ਵਾਸੀਆਂ ਨੇ ਮੁੜ ਤੋ ਪਿੰਡ ਰੂਪਾ ਪੱਤੀ ਦਾ ਸਰਪੰਚ ਚੁਣ ਲਿਆ ਹੈ। 
         ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਕਹਿਲ ਦੇ ਮੁਕਾਬਲੇ ਵਿੱਚ ਖੜੇ ਉਮੀਦਵਾਰ ਕੁਲਦੀਪ ਸਿੰਘ ਨੂੰ 49 ਵੋਟਾਂ ਹੀ ਮਿਲੀਆਂ ਜਦਕਿ ਦਵਿੰਦਰ ਸਿੰਘ ਕਹਿਲ ਨੂੰ 334 ਵੋਟਾਂ ਪ੍ਰਾਪਤ ਹੋਈਆਂ ਸਨ। ਦਵਿੰਦਰ ਸਿੰਘ ਕਹਿਲ 285 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਗਏ ਤੇ ਵਿਰੋਧੀ ਉਮਦੀਵਾਰ ਨੂੰ ਹਰਾ ਕੇ ਸਰਪੰਚ ਬਣੇ ਅਤੇ ਇਸ ਉਮੀਦਵਾਰ ਦੀ ਜਿੱਤ ਤੋ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਇਸ ਸਬੰਧੀ ਸਮੁੱਚੇ ਪੰਜਾਬ ਦੇ ਜ਼ਿਆਦਾਤਰ ਜੇਤੂ ਸਰਪੰਚਾਂ ਦੀ ਸੂਚੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਦਵਿੰਦਰ ਸਿੰਘ ਕਹਿਲ ਪੰਜਾਬ ਦੇ ਸਭ ਤੋਂ ਵੱਡੀ ਲੀਡ ਨਾਲ ਜਿੱਤਣ ਵਾਲੇ ਸਰਪੰਚ ਬਣ ਗਏ। ਬੇਸ਼ੱਕ ਕੁਝ ਸਰਪੰਚ ਕਾਫੀ ਵੱਡੇ ਫਰਕ ਨਾਲ ਆਪੋ ਅਪਣੇ ਪਿੰਡਾਂ ਦੇ ਸਰਪੰਚ ਚੁਣੇ ਗਏ ਪ੍ਰੰਤੂ ਦਵਿੰਦਰ ਸਿੰਘ ਕਹਿਲ ਪੰਜਾਬ ਦੇ ਸਮੁੱਚੇ ਜੇਤੂ ਸਰਪੰਚਾਂ ਵਿਚੋਂ ਇਕ ਨੰਬਰ ਤੇ ਦਿਖਾਈ ਦਿੱਤੇ।
              ਫੋਨ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹਿਲ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਮੇਰੇ ਪਿੰਡ ਰੂਪਾ ਪੱਤੀ ਦੇ ਵਸਨੀਕਾਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਖੜਦਾ ਰਹਾਂਗਾ ਤੇ ਪਿੰਡ ਪੱਧਰੀ ਲੜਾਈ ਝਗੜੇ ਪਿੰਡ ਵਿੱਚ ਹੀ ਬੈਠ ਕੇ ਹੱਲ ਕੀਤੇ ਜਾਣਗੇ। ਇਸ ਤੋ ਬਿਨਾ ਪਿੰਡ ਦੇ ਵੱਡੀ ਗਿਣਤੀ ਮੋਹਤਵਰ ਲੋਕਾਂ ਨੇ ਦਵਿੰਦਰ ਸਿੰਘ ਕਹਿਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਰਪੰਚ ਹਮੇਸ਼ਾਂ ਸੱਚ ਨੂੰ ਸੱਚ ਕਹਿਣ ਵਾਲਾ ਇਨਸਾਨ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਦਵਿੰਦਰ ਸਿੰਘ ਕਹਿਲ ਦੀ ਉਮਰ ਲੰਮੀ ਹੋਵੇ ਤਾਂ ਜੌ ਉਹ ਭਵਿੱਖ ਵਿੱਚ ਵੀ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਰਹੇ।