ਪਿੰਡ ਵਾਸੀਆਂ ਦਾ ਕੀਤਾ ਧੰਨਵਾਦ
ਪਿੰਡ ਵਾਸੀਆਂ ਨੂੰ ਦਿਵਾਇਆ ਪਿੰਡ ਦੇ ਸਰਬ-ਪੱਖੀ ਵਿਕਾਸ ਦਾ ਭਰੋਸਾ
ਮਹਿਲ ਕਲਾਂ 17 ਅਕਤੂਬਰ (ਗੁਰਸੇਕ ਸੋਹੀ) - ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਸਿੱਧ ਨਾਵਲ 'ਮੇਰਾ ਪਿੰਡ ' ਦੇ ਲੇਖਕ/ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ ਅਤੇ ਪੰਜਾਬ ਦੇ ਸਵਰਗਵਾਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਿੱਜੀ ਸਹਾਇਕ ਰਹੇ ਗਿਆਨੀ ਗੁਰਦਿੱਤ ਸਿੰਘ(ਸਵ.)ਦੇ ਜੱਦੀ ਪਿੰਡ ਮਿੱਠੇਵਾਲ(ਜ਼ਿਲ੍ਹਾ ਮਾਲੇਰਕੋਟਲਾ)ਵਿਖੇ ਪੰਚਾਇਤੀ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ। ਪਿੰਡ ਵਾਸੀਆਂ ਨੇ ਚੋਣ ਪ੍ਰਕ੍ਰਿਆ ਦੇ ਸ਼ੁਰੂ ਹੋਣ ਤੋਂ ਅਖ਼ੀਰ ਤੱਕ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਿਆ। ਪੋਲਿੰਗ ਕਰਵਾਉਣ ਲਈ ਤਾਇਨਾਤ ਕੀਤੇ ਸਰਕਾਰੀ ਸਟਾਫ਼ ਨੇ ਵੀ ਪਿੰਡ ਵਾਸੀਆਂ ਦੇ ਨਰਮ ਵਤੀਰੇ ਦੀ ਸ਼ਲਾਘਾ ਕੀਤੀ।
ਇਸ ਦੋਰਾਨ ਕੁਲਦੀਪ ਸਿੰਘ ਧਾਲੀਵਾਲ ਜੇਤੂ ਰਹਿ ਕੇ ਪਿੰਡ ਮਿੱਠੇਵਾਲ ਦੀ ਗਰਾਮ ਪੰਚਾਇਤ ਦੇ ਸਰਪੰਚ ਚੁਣੇ ਗਏ। ਸਰਪੰਚੀ ਦੀ ਚੋਣ ਜਿੱਤਣ ਉਪਰੰਤ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਦਾ ਦਿਲੀ ਤੌਰ 'ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ, ਸਗੋਂ ਯਕੀਨ ਵੀ ਦਿਵਾਇਆ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ/ਪਿੰਡ ਵਾਸੀਆਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਵਾਉਣ ਲਈ ਦ੍ਰਿੜ ਸੰਕਲਪ ਰਹਿਣਗੇ। ਉਨ੍ਹਾਂ ਭਵਿੱਖ ਦੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਲਈ ਪਿੰਡ ਵਾਸੀਆਂ ਤੋਂ ਭਰਵੇਂ ਸਹਿਯੋਗ ਦੀ ਮੰਗ ਕੀਤੀ ਹੈ।