ਨਾਬਾਰਡ ਵੱਲੋਂ ਪਰਾਲੀ ਪ੍ਰਬੰਧਨ ਸੰਬੰਧੀ ਜ਼ਿਲਾ ਪੱਧਰੀ ਸਿਖ਼ਲਾਈ ਪ੍ਰੋਗਰਾਮ

'ਪਰਾਲੀ ਬਚਾਓ ਫਸਲ ਵਧਾਓ' ਦੇ ਨਾਅਰੇ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸੱਦਾ

ਲੁਧਿਆਣਾ, ਸਤੰਬਰ 2019- (ਮਨਜਿੰਦਰ ਗਿੱਲ)-ਨਾਬਾਰਡ ਦੇ ਖੇਤਰੀ ਦਫ਼ਤਰ ਚੰਡੀਗੜ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਨਾ ਸਾੜਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲਾ ਲੁਧਿਆਣਾ ਦੇ 320 ਪਿੰਡਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਫੈਲਾਈ ਜਾਵੇਗੀ। ਸਥਾਨਕ ਫਰੈਂਡਜ਼ ਰਿਜੈਂਸੀ ਹੋਟਲ ਵਿੱਚ ਆਯੋਜਿਤ ਕੀਤੇ ਗਏ ਜ਼ਿਲਾ ਪੱਧਰੀ ਸਿਖ਼ਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਰਿਸ਼ੀਪਾਲ ਸਿੰਘ, ਪਾਮੇਟੀ ਦੇ ਡਾਇਰੈਕਟਰ ਡਾ. ਹਰਜੀਤ ਸਿੰਘ ਧਾਲੀਵਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਧਰਮਿੰਦਰ ਸਿੰਘ, ਸਾਬਕਾ ਡਾਇਰੈਕਟਰ ਪੀ. ਐੱਨ. ਬੀ. ਐÎੱਫ਼. ਟੀ. ਸੀ. ਰਤਨ ਸਿੰਘ, ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ, ਡਾ. ਰਾਜਵੀਰ ਸਿੰਘ ਅਟਾਰੀ, ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਡਾ. ਜਸਪ੍ਰੀਤ ਸਿੰਘ ਖੇੜਾ, ਨਾਬਾਰਡ ਦੇ ਜ਼ਿਲਾ ਪ੍ਰਮੁੱਖ ਸੀ ਪ੍ਰਵੀਨ ਭਾਟੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮਾਗਮ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਨਾਲ ਪਲੀਤ ਹੁੰਦੇ ਵਾਤਾਵਰਣ ਅਤੇ ਇਸ ਨਾਲ ਮਨੁੱਖੀ ਸਿਹਤ 'ਤੇ ਪੈ ਰਹੇ ਮਾੜੇ ਅਸਰ ਬਾਰੇ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਕੀਤੇ ਗਏ ਉਪਰਾਲਿਆਂ ਦੇ ਸਦਕਾ ਕਣਕ ਦੀ ਵਾਢੀ ਦੌਰਾਨ 40 ਫੀਸਦੀ ਕਣਕ ਦਾ ਨਾੜ ਘੱਟ ਸਾੜਿਆ ਗਿਆ, ਜੋ ਕਿ ਇੱਕ ਚੰਗਾ ਸੰਕੇਤ ਹੈ। ਉਨਾਂ ਨਾਬਾਰਡ ਅਤੇ ਹੋਰ ਵਿਭਾਗਾਂ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜ ਕੇ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਕਿਸਾਨਾਂ ਨੂੰ ਇਸ ਸਾਲ 25 ਕਰੋੜ ਰੁਪਏ ਤੋਂ ਵਧੇਰੇ ਦੀ ਮਸ਼ੀਨਰੀ ਵੀ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ। ਉਦਘਾਟਨੀ ਭਾਸ਼ਣ ਦੌਰਾਨ ਪ੍ਰਵੀਨ ਭਾਟੀਆ ਨੇ ਦੱਸਿਆ ਕਿ ਪੰਜਾਬ ਵਿੱਚ 29.7 ਲੱਖ ਹੈਕਟੇਅਰ ਰਕਬੇ 'ਤੇ ਝੋਨਾ ਅਤੇ 35.06 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ। ਦੋਵੇਂ ਫਸਲਾਂ ਦੀ ਜਿਆਦਾਤਰ ਕਟਾਈ ਕੰਬਾਇਨਾਂ ਨਾਲ ਕੀਤੀ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਵੱਡੇ ਪੱਧਰ 'ਤੇ ਪਰਾਲੀ ਅਤੇ ਨਾੜ ਖੇਤਾਂ ਵਿੱਚ ਬਾਕੀ ਬਚ ਜਾਂਦਾ ਹੈ, ਜਿਸ ਨੂੰ ਖ਼ਤਮ ਕਰਨ ਲਈ ਕਿਸਾਨ ਅੱਗ ਦਾ ਸਹਾਰਾ ਲੈਂਦੇ ਹਨ, ਜਿਸ ਨਾਲ ਵਾਤਾਵਰਣ ਪਲੀਤ ਹੋਣ ਦੇ ਨਾਲ-ਨਾਲ ਮਨੁੱਖਾਂ ਨੂੰ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਇੱਕ ਅੰਦਾਜੇ ਮੁਤਾਬਿਕ ਹਰ ਵਾਰ 20 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ, ਜਿਸ ਵਿੱਚੋਂ 75-80 ਫੀਸਦੀ ਖੇਤਾਂ ਵਿੱਚ ਹੀ ਅੱਗ ਲਗਾ ਕੇ ਨਸ਼ਟ ਕੀਤੀ ਜਾਂਦੀ ਹੈ। ਵਾਤਾਵਰਣ ਖ਼ਰਾਬ ਹੋਣ ਦੇ ਨਾਲ-ਨਾਲ ਧਰਤੀ ਦੀ ਉਪਜਾਊ ਸ਼ਕਤੀ ਲਈ ਜ਼ਰੂਰੀ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਨੇ ਜ਼ਿਲਾ ਲੁਧਿਆਣਾ ਦੇ 320 ਪਿੰਡਾਂ ਸਮੇਤ ਪੰਜਾਬ ਦੇ 4000 ਪਿੰਡਾਂ ਵਿੱਚ ਨਾਬਾਰਡ ਅਧੀਨ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਮੁਹਿੰਮ ਆਗਾਮੀ ਖ਼ਰੀਫ਼ ਸੀਜਨ-2019 ਦੌਰਾਨ ਚਲਾਈ ਜਾਵੇਗੀ। ਜਿਸ ਦੌਰਾਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾਵੇਗਾ। ਭਾਟੀਆ ਨੇ ਅਧਿਕਾਰੀਆਂ ਨੂੰ 'ਪਰਾਲੀ ਬਚਾਓ ਫਸਲ ਵਧਾਓ' ਦੇ ਨਾਅਰੇ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲਾ ਲੁਧਿਆਣਾ ਵਿੱਚ ਜਾਗਰੂਕਤਾ ਮੁਹਿੰਮ ਨੂੰ ਲੋਕਾਂ ਤੱਕ ਲਿਜਾਣ ਵਾਲੇ 150 ਮਾਸਟਰ ਟਰੇਨਰਾਂ ਨੂੰ ਡਿਪਟੀ ਕਮਿਸ਼ਨਰ ਨੇ ਸਰਟੀਫਿਕੇਟ ਵੰਡੇ ਅਤੇ ਜਾਗਰੂਕਤਾ ਲਿਖੇ ਨਾਅਰੇ ਵਾਲੀ ਟੀ-ਸ਼ਰਟ ਨੂੰ ਜਾਰੀ ਕੀਤਾ। ਇਸ ਮੌਕੇ ਪਰਾਲੀ ਨੂੰ ਨਾ ਸਾੜਨ ਵਾਲੇ ਜ਼ਿਲਾ ਲੁਧਿਆਣਾ ਦੇ ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।