ਇੰਗਲੈਂਡ ਦਾ  ਸਾਬਕਾ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਖੇਡੇਗਾ ਸਿਆਸੀ ਪਾਰੀ

ਸਿਆਸਤ ਵਿੱਚ ਮੇਰੀ ਰੁਚੀ ਹੈ, ਮੈਂ ਲੰਡਨ ਵਿੱਚ ਰਹਿੰਦਾ ਹਾਂ, ਲੰਡਨ ਬਾਰੇ ਜਾਣਦਾ ਹਾਂ-ਮੌਂਟੀ ਪਨੇਸਰ

ਲੰਡਨ,ਸਤੰਬਰ 2019-(ਗਿਆਨੀ ਰਾਵਿਦਰਪਾਲ ਸਿੰਘ)-
ਇੰਗਲੈਂਡ ਦੇ ਸਾਬਕਾ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਨੇ ਆਪਣੇ ਕ੍ਰਿਕਟ ਕਰੀਅਰ ਮਗਰੋਂ ਸਿਆਸਤ ਵਿੱਚ ਜਾਣ ਦੀ ਇੱਛਾ ਪ੍ਰਗਟਾਈ ਹੈ, ਜਿੱਥੇ ਉਹ ਲੰਡਨ ਦਾ ਮੇਅਰ ਬਣਨਾ ਚਾਹੁੰਦਾ ਹੈ। 37 ਸਾਲ ਦਾ ਇਹ ਖਿਡਾਰੀ ਹੁਣ ਲੇਖਕ ਵੀ ਬਣ ਗਿਆ ਹੈ। ਉਸ ਨੇ ਆਪਣੀ ਕਿਤਾਬ ‘ਦਿ ਫੁੱਲ ਮੌਂਟੀ’ ਦੀ ਕਾਪੀ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਭਾਰਤੀ ਖਿਡਾਰੀਆਂ ਨੂੰ ਵੀ ਦਿੱਤੀ ਸੀ।ਪਨੇਸਰ ਨੇ ਭਾਰਤੀ ਪੱਤਰਕਾਰ ਐਸੋਸੀਏਸ਼ਨ (ਆਈਜੇਏ) ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਇੱਥੇ ਕਿਹਾ, ‘‘ਸਿਆਸਤ ਵਿੱਚ ਮੇਰੀ ਰੁਚੀ ਹੈ। ਮੈਂ ਲੰਡਨ ਵਿੱਚ ਰਹਿੰਦਾ ਹਾਂ, ਲੰਡਨ ਬਾਰੇ ਜਾਣਦਾ ਹਾਂ, ਅਜਿਹੇ ਵਿੱਚ ਸਾਦਿਕ ਖ਼ਾਨ ਦਾ ਮੇਅਰ ਵਜੋਂ ਕਾਰਜਕਾਲ ਖ਼ਤਮ ਹੋਵੇਗਾ ਤਾਂ ਮੈਨੂੰ ਇਸ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ।’’ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਨੇ ਭਵਿੱਖ ਦੀ ਸਿਆਸੀ ਵਿਚਾਰਧਾਰਾ ਬਾਰੇ ਫ਼ੈਸਲਾ ਕੀਤਾ ਹੈ ਤਾਂ ਉਸ ਨੇ ਕਿਹਾ, ‘‘ਮੈਂ ਇਸ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਕਿਉਂਕਿ ਮੈਂ ਅਜੇ ਵੀ ਕ੍ਰਿਕਟ ਖੇਡਣ ਦਾ ਇੱਛੁਕ ਹਾਂ। ਅਗਲੇ ਕਾਊਂਟੀ ਸੈਸ਼ਨ ਲਈ ਪੂਰੀ ਤਰ੍ਹਾਂ ਫਿੱਟ ਹੋਣ ’ਤੇ ਧਿਆਨ ਦੇ ਰਿਹਾ ਹਾਂ। ਇਸ ਦੌਰਾਨ ਜਦੋਂ ਤੁਸੀਂ ਕ੍ਰਿਕਟ ਤੋਂ ਵਿਹਲੇ ਹੁੰਦੇ ਤਾਂ ਦਿਮਾਗ਼ ਨੂੰ ਕੰਮ ਲਾਈ ਰੱਖਣਾ ਹੁੰਦਾ ਹੈ ਅਤੇ ਅਜਿਹੇ ਵਿੱਚ ਸਿਆਸਤ ਬਾਰੇ ਪੜ੍ਹਦਾ ਹਾਂ।’’ਉਸ ਨੇ ਭਾਰਤ ਨੂੰ ਕ੍ਰਿਕਟ ਦੀ ਮਹਾਂਸ਼ਕਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਰਤੀ ਪ੍ਰਸ਼ੰਸਕ ਹੀ ਹਨ ਜੋ ਆਪਣੀ ਗਿਣਤੀ ਅਤੇ ਉਤਸ਼ਾਹ ਨਾਲ ਚੈਂਪੀਅਨਸ਼ਿਪ ਨੂੰ ਸਫਲ ਬਣਾਉਂਦੇ ਹਨ। ਉਸ ਨੇ ਕਿਹਾ, ‘‘ਭਾਰਤ ਹੁਣ ਇੱਕ ਸੰਪੰਨ ਦੇਸ਼ ਹੈ ਅਤੇ ਛੇਤੀ ਹੀ ਉਹ ਦੁਨੀਆਂ ’ਤੇ ਰਾਜ ਕਰੇਗਾ।