You are here

ਮੁੱਖ ਮੰਤਰੀ ਦੀ ਕੋਠੀ ਅੱਗੇ ਆਵਾਰਾ ਪਸ਼ੂ ਛੱਡਣ ਜਾ ਰਹੇ ਕਿਸਾਨਾਂ ਨੂੰ ਪੁਲੀਸ ਨੇ ਘੇਰਿਆ

ਸਮਰਾਲਾ,  ਮਾਰਚ ਆਵਾਰਾ ਪਸ਼ੂਆਂ ਦਾ ਮਾਮਲਾ ਕਿਸਾਨਾਂ ਤੋਂ ਬਾਅਦ ਹੁਣ ਸੂਬਾ ਸਰਕਾਰ ਲਈ ਗਲ਼ੇ ਦੀ ਹੱਡੀ ਬਣਨ ਲੱਗਾ ਹੈ ਕਿਉਂਕਿ ਫ਼ਸਲਾਂ ਦੇ ਹੋ ਰਹੇ ਨੁਕਸਾਨ ਤੋਂ ਅੱਕੇ ਕਿਸਾਨਾਂ ਵੱਲੋਂ ਆਵਾਰਾ ਪਸ਼ੂਆਂ ਨੂੰ ਟਰਾਲੀਆਂ ਵਿੱਚ ਭਰ ਕੇ ਅੱਜ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵਿੱਚ ਛੱਡਣ ਦਾ ਰਾਹ ਫੜ ਲਿਆ ਗਿਆ ਸੀ। ਕਿਸਾਨਾਂ ਵੱਲੋਂ ਆਪਣੇ ਫ਼ੈਸਲੇ ਮੁਤਾਬਿਕ ਜਦੋਂ ਹਜ਼ਾਰਾਂ ਪਸ਼ੂਆਂ ਨੂੰ ਟਰਾਲੀਆਂ ਵਿੱਚ ਭਰ ਕੇ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ ਤਾਂ ਕਿਸਾਨਾਂ ਨੂੰ ਸਮਰਾਲਾ ਨੇੜੇ ਹੀ ਪੁਲੀਸ ਨੇ ਘੇਰ ਲਿਆ। ਕਿਸਾਨਾਂ ਵੱਲੋਂ ਮੌਕੇ ‘ਤੇ ਹੀ ਦਰੀਆਂ ਵਿਛਾ ਕੇ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕਰਕੇ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੱਦੇ ‘ਤੇ ਇਲਾਕੇ ਦੇ ਸੈਂਕੜੇ ਕਿਸਾਨਾਂ ਨੇ ਪਿੰਡਾਂ ’ਚ ਆਵਾਰਾ ਫਿਰਦੇ ਪਸ਼ੂਆਂ ਅਤੇ ਕੁੱਤਿਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਅੱਗੇ ਛੱਡਣ ਲਈ ਦਰਜਨਾਂ ਟਰਾਲੀਆਂ ’ਚ ਭਰ ਕੇ ਮਾਲਵਾ ਕਾਲਜ ਕੋਲ ਲਿਆਂਦਾ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਜਦੋਂ ਟਰਾਲੀਆਂ ਦੇ ਇਸ ਕਾਫਲੇ ਨੂੰ ਰਵਾਨਾ ਕੀਤਾ ਤਾਂ ਪੁਲੀਸ ਨੇ ਚੰਡੀਗੜ੍ਹ ਰੋਡ ਅੱਗੇ ਆਪਣੇ ਬੈਰੀਕੇਡ ਲਗਾ ਕੇ ਕਿਸਾਨਾਂ ਦਾ ਰਾਹ ਰੋਕ ਲਿਆ। ਪੁਲੀਸ ਦੇ ਧੱਕੇਸ਼ਾਹੀ ਵਾਲੇ ਰਵੱਈਏ ਤੋਂ ਖ਼ਫਾ ਹੋਏ ਕਿਸਾਨਾਂ ਨੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੇ ਕੌਮੀ ਮਾਰਗ ’ਤੇ ਦਰੀਆਂ ਵਿਛਾ ਕੇ ਪੱਕਾ ਧਰਨਾ ਲਗਾ ਦਿੱਤਾ। ਕਰੀਬ 1.30 ਵਜੇ ਲੱਖੋਵਾਲ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਟਰਾਲੀਆਂ ਵਿੱਚ ਲੱਦੇ ਆਵਾਰਾ ਪਸ਼ੂਆਂ ਨੂੰ ਪ੍ਰਸ਼ਾਸਨ ਸੰਭਾਲ ਲਵੇ ਨਹੀਂ ਤਾਂ ਉਹ ਬੈਰੀਕੇਟ ਤੋੜ ਕੇ ਚੰਡੀਗੜ੍ਹ ਵੱਲ੍ਹ ਵਧਣਗੇ। ਸਥਾਨਕ ਤਹਿਸੀਲਦਾਰ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤੇ ਜਾਣ ਤੋਂ ਤੁਰੰਤ ਬਾਅਦ ਪ੍ਸ਼ਾਸਨ ਵੱਲੋਂ ਟਰੱਕਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਵਿੱਚ ਆਵਾਰਾ ਪਸ਼ੂਆਂ ਨੂੰ ਲੱਦਿਆ ਗਿਆ ਅਤੇ ਬਾਅਦ ਵਿੱਚ ਇਹ ਆਵਾਰਾ ਪਸ਼ੂ ਸਰਕਾਰੀ ਗਊਸ਼ਾਲਾ ਵਿੱਚ ਭੇਜ ਦਿੱਤੇ ਗਏ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਆਪਣਾ ਧਰਨਾ ਚੁੱਕ ਲਿਆ ਗਿਆ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਲੱਖੋਵਾਲ ਨੇ ਕਿਹਾ ਕਿ ਸਰਕਾਰਾਂ ਵੱਲੋਂ ਗਊ ਸੈੱਸ ਦੇ ਨਾਂਅ ‘ਤੇ ਕਰੋੜਾਂ ਰੁਪਇਆ ਲੋਕਾਂ ਦੀਆਂ ਜੇਬਾਂ ਵਿੱਚੋਂ ਇਕੱਠਾ ਕੀਤਾ ਗਿਆ ਅਤੇ ਆਵਾਰਾ ਪਸ਼ੂਆਂ ਨੂੰ ਸਾਂਭਣ ਲਈ ਕੋਈ ਵੀ ਪੈਸਾ ਨਹੀਂ ਖਰਚਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਨੂੰ ਉਜਾੜ ਰਹੇ ਹਨ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤੇ ਲੰਘੇ ਸਾਲ ਵਿੱਚ 1 ਲੱਖ ਲੋਕਾਂ ਨੂੰ ਕੱਟ ਚੁੱਕੇ ਹਨ। ਇਸ ਮੌਕੇ ਪਰਮਿੰਦਰ ਸਿੰਘ ਪਾਲਮਾਜਰਾ, ਅਜੈਬ ਸਿੰਘ ਪਹਾੜੂਵਾਲ, ਹਰਗੁਰਮੁੱਖ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਸਾਹਾਬਾਦ, ਸਰਬਜੀਤ ਸਿੰਘ ਧਨਾਨਸੂ, ਜਸਵਿੰਦਰ ਸਿੰਘ ਕੂੰਮਕਲਾਂ, ਅਮਰਜੀਤ ਸਿੰਘ ਕੂੰਮਕਲਾਂ, ਰਣਧੀਰ ਸਿੰਘ ਖੱਟਰਾਂ, ਰਘਵੀਰ ਸਿੰਘ ਕੂੰਮਕਲਾਂ, ਹਰਪ੍ਰਸ਼ਾਦ ਸਿੰਘ ਕੂੰਮਕਲਾਂ, ਬਲਵੰਤ ਸਿੰਘ ਦਿਆਲਪੁਰਾ, ਚਰਨਜੀਤ ਸਿੰਘ ਪਾਲਮਾਜਰਾ, ਸਤਵੰਤ ਸਿੰਘ ਪਾਲਮਾਜਰਾ, ਨਛੱਤਰ ਸਿੰਘ ਬੌਂਦਲੀ ਅਤੇ ਗੁਰਦੀਪ ਸਿੰਘ ਬੌਂਦਲੀ ਆਦਿ ਹਾਜਰ ਸਨ।