You are here

ਭਾਰਤ ਦਾ ਪਹਿਲਾ ਮੈਟਾਵਰਸ ਸੰਚਾਲਿਤ ਵਰਚੁਅਲ ਮਾਡਲ ਪੋਲਿੰਗ ਬੂਥ

ਲੁਧਿਆਣਾ, 18 ਮਈ(ਟੀ. ਕੇ.) 
ਲੋਕਾਂ ਵਿੱਚ ਵੋਟਰ ਜਾਗਰੂਕਤਾ ਫੈਲਾਉਣ ਲਈ, ਭਾਰਤ ਦਾ ਪਹਿਲਾ ਮੈਟਾਵਰਸ ਪਾਵਰਡ ਵਰਚੁਅਲ ਮਾਡਲ ਪੋਲਿੰਗ ਬੂਥ, ਲਾਈਵ ਬੈਂਡ ਸਮੇਤ ਹੋਰ ਜਾਗਰੂਕਤਾ ਗਤੀਵਿਧੀਆਂ ਲਈ ਫਿਰੋਜ਼ਪੁਰ ਰੋਡ 'ਤੇ ਐਮ.ਬੀ.ਡੀ ਨਿਓਪੋਲਿਸ ਮਾਲ ਵਿਖੇ ਸ਼ਨੀਵਾਰ ਸ਼ਾਮ ਨੂੰ ਪ੍ਰੋਗਰਾਮ ਕੀਤਾ ਗਿਆ।

ਇਸ ਮੌਕੇ ਚੋਣ ਆਬਜ਼ਰਵਰਾਂ ਸਮੇਤ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਆਈ.ਏ.ਐਸ, ਖਰਚਾ ਨਿਗਰਾਨਾਂ ਚੇਤਨ ਡੀ ਕਾਲਮਕਰ ਆਈ.ਆਰ.ਐਸ ਅਤੇ ਪੰਕਜ ਕੁਮਾਰ ਆਈ.ਆਰ.ਐਸ, ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਸਾਕਸ਼ੀ ਸਾਹਨੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। 

ਏ.ਆਰ.ਓ ਲੁਧਿਆਣਾ ਸੈਂਟਰਲ ਓਜਸਵੀ ਅਲੰਕਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਮਾਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਜਾਗਰੂਕਤਾ ਸਮਾਗਮ 'ਲੁਧਿਆਣਾ 70 ਪਾਰ' ਕਰਵਾਇਆ ਗਿਆ। ਇਸ ਦਾ ਉਦੇਸ਼ ਆਮ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਮਤਦਾਨ ਦੇ ਟੀਚੇ ਨੂੰ ਹਾਸਲ ਕਰਨਾ ਹੈ।
ਲੋਕਾਂ ਨੂੰ ਇੱਕ ਵਰਚੁਅਲ ਮੌਕ ਪੋਲਿੰਗ ਅਨੁਭਵ ਪ੍ਰਦਾਨ ਕਰਨ ਲਈ ਭਾਰਤ ਦਾ ਪਹਿਲਾ ਮੈਟਾਵਰਸ ਪਾਵਰਡ ਵਰਚੁਅਲ ਮਾਡਲ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਸੀ। ਚੋਣ ਅਬਜ਼ਰਵਰਾਂ, ਡੀ.ਈ.ਓ ਸਮੇਤ ਹੋਰ ਅਧਿਕਾਰੀਆਂ ਨੇ ਵੀ ਵਰਚੁਅਲ ਪੋਲਿੰਗ ਬੂਥ ਦਾ ਅਨੁਭਵ ਕੀਤਾ।

ਸਮਾਗਮ ਦੌਰਾਨ ਇੱਕ ਚੋਣ ਗੀਤ ਵੀ ਲਾਂਚ ਕੀਤਾ ਗਿਆ ਅਤੇ ਬੀ.ਸੀ.ਐਮ ਆਰੀਆ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਵੀ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਰੌਕ ਫਲੂਇਡ ਬੈਂਡ ਵੱਲੋਂ ਲਾਈਵ ਬੈਂਡ ਦੀ ਪੇਸ਼ਕਾਰੀ ਦਿੱਤੀ ਗਈ।

ਚੋਣ ਅਬਜ਼ਰਵਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਵੈੱਬਸਾਈਟ (voteforludhiana.in) ਦੀ ਭਰਪੂਰ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਰਾਹੀਂ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਕੇਂਦਰਾਂ 'ਤੇ ਭੀੜ ਨੂੰ ਟਰੈਕ ਕਰ ਸਕਦੇ ਹਨ, ਜਿਸ ਨਾਲ ਉਹ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਲਈ ਕੇਂਦਰ ਤੱਕ ਜਾ ਸਕਦੇ ਹਨ। ਵੈੱਬਸਾਈਟ 'ਤੇ ਜਾਣਕਾਰੀ ਹਰ ਅੱਧੇ ਘੰਟੇ ਬਾਅਦ ਅਪਡੇਟ ਕੀਤੀ ਜਾਵੇਗੀ। ਵੈੱਬਸਾਈਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ) ਦੇ ਮਾਹਿਰਾਂ  ਡਾ. ਅਕਸ਼ੈ ਗਿਰਧਰ ਅਤੇ ਡਾ. ਜਗਦੀਪ ਦੁਆਰਾ ਤਿਆਰ ਕੀਤੀ ਗਈ ਹੈ।

ਜਨਰਲ ਆਬਜ਼ਰਵਰ ਦਿਵਿਆ ਮਿੱਤਲ, ਖਰਚਾ ਨਿਗਰਾਨਾਂ ਚੇਤਨ ਡੀ ਕਾਲਮਕਰ ਅਤੇ ਪੰਕਜ ਕੁਮਾਰ ਅਤੇ ਡੀ.ਈ.ਓ ਸਾਕਸ਼ੀ ਸਾਹਨੀ ਨੇ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਬਾਹਰ ਨਿਕਲਣ ਅਤੇ 1 ਜੂਨ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਵੋਟਰ ਜਾਗਰੂਕਤਾ ਸਮਾਗਮ ਦੌਰਾਨ ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ ਰੁਪਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ) ਕ੍ਰਿਤਿਕਾ ਗੋਇਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।