* ਆਜ਼ਾਦੀ ਸੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਯਾਦਾਂ ਨੂੰ ਬਰਕਰਾਰ ਰੱਖਣ ਦੀ ਕੀਤੀ ਮੰਗ
ਲੁਧਿਆਣਾ, 25 ਮਾਰਚ (ਟੀ. ਕੇ. ) ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿਚ ਬੀਤੀ 23 ਮਾਰਚ ਨੂੰ, ਨੌਜਵਾਨ ਭਾਰਤ ਸਭਾ ਵੱਲੋਂ ਤੂੜੀ ਬਜ਼ਾਰ ਫਿਰੋਜ਼ਪੁਰ ਵਿਖੇ ਸਥਿਤ ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ ਦਾ ਨਜਾਇਜ ਕਬਜ਼ਾ ਛੁਡਾ ਕੇ ਲਾਈਬ੍ਰੇਰੀ ਅਤੇ ਮਿਯੁਜ਼ੀਅਮ ਬਣਾਉਣ ਦੀ ਲੰਮੇ ਸਮੇਂ ਤੋਂ ਹੋ ਰਹੀ ਮੰਗ ਨੂੰ ਸਰਕਾਰ ਵੱਲੋਂ ਅਣਗੌਲਿਆਂ ਕਰਨ ਕਾਰਣ , ਨੌਜਵਾਨਾਂ ਨੇ ਉਸ ਥਾਂ ਵਿੱਚ ਲੱਗੇ ਜਿੰਦਰੇ ਤੋੜ ਕੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਹਿਮਾਇਤ ਕੀਤੀ।
ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਦੇ ਜਨਰਲ ਸਕੱਤਰ ਰਾਕੇਸ਼ ਆਜ਼ਾਦ, ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾ ਸੁਰਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਸਭਿਆਚਾਰਕ ਮੁੱਖੀ ਸਮਸ਼ੇਰ ਨੂਰਪੁਰੀ, ਇਕਾਈ ਮੁੱਖੀ ਬਲਵਿੰਦਰ ਸਿੰਘ ਨੇ ਕਿਹਾ ਇਹ ਗੁਪਤ ਟਿਕਾਣਾ ਦੇਸ਼ ਦੀ ਜੰਗ-ਏ-ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਸਾਥੀਆਂ ਲਈ ਰਾਜਨੀਤਿਕ ਗਤੀਵਿਧੀਆਂ ਦਾ ਮਹੱਤਵਪੂਰਨ ਕੇਂਦਰ ਰਿਹਾ ਹੈ। ਅਜਿਹਿਆਂ ਇਮਾਰਤਾਂ ਦੇਸ਼ ਦੇ ਨੌਜਵਾਨਾਂ ਲਈ ਦੇਸ਼ ਪ੍ਰਤੀ ਜੁੰਮੇਵਾਰ ਬਣਨ ਵਜੋਂ ਪ੍ਰੇਰਣਾ ਸਰੋਤ ਬਣਦੀਆਂ ਰਹਿੰਦੀਆਂ ਹਨ। ਜੇ ਇਹਨਾਂ ਇਤਿਹਾਸਿਕ ਇਮਾਰਤਾਂ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੀਆਂ ਨਸਲਾਂ, ਇਤਿਹਾਸ ਦੇ ਇੱਕ ਜ਼ਰੂਰੀ ਪੰਨੇ ਤੋਂ ਦੂਰ ਹੋ ਜਾਣਗੀਆਂ। ਅਜਿਹਿਆਂ ਇਮਾਰਤਾਂ ਸਾਂਭਣਾ ਸਰਕਾਰ ਦਾ ਬਹੁਤ ਜਰੂਰੀ ਫਰਜ਼ ਹੈ, ਪਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਨਾ ਸਿਰਫ ਫਿਰੋਜ਼ਪੁਰ , ਸਗੋਂ ਪੂਰੇ ਸੂਬੇ ਵਿੱਚ ਹਰ ਇਤਿਹਾਸਿਕ ਇਮਾਰਤ ਨੂੰ ਸਾਂਭਕੇ ਯਾਦਗਾਰਾਂ/ਲਾਇਬ੍ਰੇਰੀਆਂ / ਮਿਊਜਮਾਂ ਦੇ ਰੂਪ ‘ਚ ਵਿਕਸਿਤ ਕਰਨਾ ਆਉਣ ਵਾਲੀਆਂ ਪਾੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣਨਾ ਜਰੂਰੀ ਹੈ। ਉਹਨਾਂ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਦੀ ਉਦਾਹਰਣ ਪੇਸ਼ ਕਰਦਿਆਂ ਕਿਹਾ ਕਿ ਇਸ ਯਾਦਗਾਰੀ ਟ੍ਰੱਸਟ ਦੇ ਪ੍ਰਧਾਨ ਕਰਨਲ ਜੇ ਐਸ ਬਰਾੜ, ਜਨਰਲ ਸਕੱਤਰ ਜਸਵੰਤ ਜੀਰਖ, ਵਿੱਤ ਸਕੱਤਰ ਗੁਰਮੇਲ ਸਿੰਘ ਅਤੇ ਕੈਨੇਡਾ ਵਾਸੀ ਆਗੂ ਮਾ ਭਜਨ ਸਿੰਘ ਸਮੇਤ ਹੋਰ ਸਾਥੀਆਂ ਵੱਲੋਂ ਨਿਭਾਏ ਜਾ ਰਹੇ ਫਰਜ਼ , ਸ਼ਹੀਦਾਂ ਪ੍ਰਤੀ ਸਤਿਕਾਰ ਦਾ ਨਮੂਨਾ ਹਨ। ਇੱਥੇ ਇਸ ਯਾਦਗਾਰ ਨੂੰ ਹੋਰ ਪ੍ਰੇਰਣਾਦਾਇਕ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਕਾਲ਼ੇ ਪਾਣੀ (ਅੰਡੇਮਾਨ) ਜੇਲ੍ਹ ਵਿੱਚ ਕੈਦ ਕੱਟਣ ਵਾਲੇ ਗ਼ਦਰੀਆਂ ਦੀਆਂ ਕੁਰਬਾਨੀਆਂ ਨੂੰ ਦ੍ਰਸਾਉਂਦਾ ਮਿਊਜੀਅਮ ਬਣਾਉਣ ਦੀ ਸ਼ੁਰੂਆਤ ਨੂੰ ਲੋਕਾਂ ਲਈ ਉਤਸ਼ਾਹ ਜਨਕ ਕਰਾਰ ਦਿੱਤਾ। ਅਜਿਹੀਆਂ ਯਾਦਗਾਰਾਂ ਦੇਸ਼ ਵਾਸੀਆਂ ਨੂੰ ਆਪਣੇ ਪੁਰਖਿਆਂ ਵੱਲੋਂ ਜ਼ੁਲਮਾਂ ਖਿਲਾਫ ਨਿਭਾਏ ਗਏ ਸ਼ਾਨਾਮੱਤੇ ਰੋਲ ਬਾਰੇ ਯਾਦ ਦਿਵਾਉਂਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ, ਕਰਤਾਰ ਸਿੰਘ, ਮਾਸਟਰ ਸੁਰਜੀਤ ਸਿੰਘ, ਕਰਤਾਰ ਸਿੰਘ, ਅਜਮੇਰ ਦਾਖਾ ਆਦਿ ਹਾਜ਼ਰ ਸਨ।