ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਥੈਟਫੋਰਡ 'ਚ ਲੱਗਿਆ ਮੇਲਾ

ਥੈਟਫੋਰਡ,  ਅਗਸਤ 2019 ( giani ravinderpal singh)- ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਥੈਟਫੋਰਡ ਵਿਖੇ ਨੌਰਫੋਕ ਤੇ ਪੰਜਾਬੀ ਸੱਭਿਆਚਾਰਾਂ ਦੇ ਸਾਂਝੇ ਸੁਮੇਲ ਨੂੰ ਪੇਸ਼ ਕਰਦਾ ਸਾਲਾਨਾ ਮੇਲਾ ਲਗਾਇਆ ਗਿਆ, ਜਿਸ 'ਚ ਨੌਰਫੋਕ ਦੇ ਲੋਕਾਂ ਨੇ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ | ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੇ ਸਥਾਨਕ ਲੋਕਾਂ ਨੂੰ ਥੈਟਫੋਰਡ ਵਿਖੇ ਮਿਊਜ਼ੀਅਮ, ਬਹੁਤ ਸਾਰੀਆਂ ਚਰਚਾਂ ਬਣਾਉਣ 'ਚ ਮਦਦ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਸੋਫ਼ੀਆ ਦਲੀਪ ਸਿੰਘ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਨਰਸ ਵਜੋਂ ਜ਼ਖ਼ਮੀ ਭਾਰਤੀ ਸਿਪਾਹੀਆਂ ਦਾ ਬ੍ਰਾਈਟਨ ਪੈਵੀਲਨ ਵਿਖੇ ਇਲਾਜ ਤੇ ਦੇਖਭਾਲ ਕੀਤੀ ਸੀ | ਥੈਟਫੋਰਡ ਮੇਲੇ ਦੌਰਾਨ ਨੌਰਫੋਕ ਅਤੇ ਪੰਜਾਬ ਦੇ ਸੁਮੇਲ ਦੀਆਂ ਝਲਕੀਆਂ ਤੋਂ ਇਲਾਵਾ ਰਾਜਸਥਾਨ ਦੇ ਲੋਕ ਨਾਚ ਤੇ ਭੰਗੜਾ ਪੇਸ਼ ਕੀਤੇ ਗਏ | ਮੇਲਾ ਡਾਇਰੈਕਟਰ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਨੌਰਫੋਕ ਤੇ ਪੰਜਾਬ ਤਿਉਹਾਰ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਇਲਾਕੇ ਨੂੰ ਦੇਣ ਦਾ ਜਸ਼ਨ ਮਨਾਉਣਾ ਹੈ ਅਤੇ ਇਸ ਮੌਕੇ ਉਨ੍ਹਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ | ਬਰਿਕਲੈਂਡ ਕੌਾਸਲ ਦੇ ਕੌਾਸਲਰ ਮਾਰਕ ਰੌਬਿਨਸਨ ਨੇ ਕਿਹਾ ਕਿ ਇਹ ਮੇਲਾ ਵੱਖ ਵੱਖ ਭਾਈਚਾਰਿਆਂ ਨੂੰ ਇਕੱਠਾ ਕਰਦਾ ਹੈ | ਮੇਲੇ ਮੌਕੇ ਨੌਰਫੋਕ ਅਤੇ ਭਾਰਤ ਦੀਆਂ ਕਲਾ-ਕਿ੍ਤਾਂ ਨੂੰ ਕਲਾਕਾਰਾਂ ਨੇ ਪੇਸ਼ ਕੀਤਾ ਅਤੇ ਸ਼ਹਿਰ ਦੀਆਂ ਗਲੀਆਂ ਕਈ ਰੰਗਾਂ 'ਚ ਰੰਗੀਆ ਹੋਈਆਂ ਸਨ |