ਮਿਡ ਡੇ ਮੀਲ ਵਰਕਰਜ਼ ਯੂਨੀਅਨ ਨੇ ਮਨਾਇਆ ਕੌਮਾਂਤਰੀ ਮਹਿਲ ਦਿਵਸ

ਹੁਸ਼ਿਆਰਪੁਰ, 10 ਮਾਰਚ (ਟੀ. ਕੇ. ) ਮਿਡ-ਡੇ - ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਇੱਕ ਇਕੱਤਰਤਾ ਕੀਤੀ ਗਈ। ਜੱਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਨੇ ਇਸ ਦਿਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ ਦਾ ਦਿਨ ਸਾਰੀ ਦੁਨੀਆ ਅੰਦਰ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਕਿਉਂਕਿ 1917 ਵਿੱਚ ਪਹਿਲੀ ਕੈਸ਼ਟਲੈਸ ਸੁਸਾਇਟੀ ਸੋਵੀਅਤ ਯੂਨੀਅਨ ਦੀ ਸਥਾਪਨਾ ਦਾ ਅੰਦੋਲਨ ਸ਼ੁਰੂ ਹੋਇਅ। ਪਹਿਲੇ ਮਹਾਂ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਨੇ ਹੜਤਾਲ ਕਰ ਦਿੱਤੀ। ਉਹਨਾਂ ਵਿਸ਼ਵ ਵਿਚ  ਸ਼ਾਂਤੀ ਦਾ ਨਾਅਰਾ ਲਗਾਇਆ। ਇਹ ਹੜਤਾਲ ਫਰਵਰੀ ਦੇ ਆਖਰੀ ਐਤਵਾਰ ਨੂੰ ਹੋਈ ਪ੍ਰੰਤੂ ਜੈਰਜੀਅਨ ਕਲੰਡਰ ਅਨੁਸਾਰ ਇਹ ਦਿਨ ਸਾਰੇ ਦੇਸ਼ਾਂ ਵਿੱਚ 8 ਮਾਰਚ ਬਣਦਾ ਸੀ, ਇਸ ਕਰਕੇ ਅੰਤਰਰਾਸ਼ਟਰੀ ਮਹਿਲ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆ ਮਨਜੀਤ ਕੌਰ, ਕੁਲਵਿੰਦਰ ਕੌਰ, ਇੰਦਰਜੀਤ ਕੌਰ, ਨੀਲਮ, ਬਿਮਲਾ, ਅਮਰਵੀਰ ਕੌਰ, ਨੇ ਕਿਹਾ ਕਿ ਅੱਜ ਜਦੋਂ ਦੁਨੀਆ ਆਰਥਿਕ ਮੰਦਹਾਲੀ ਵਿੱਚ ਹੈ, ਨੌਕਰੀਆਂ ਖਤਮ ਹੋ ਰਹੀਆਂ ਹਨ, ਬੇਰੁਜ਼ਗਾਰੀ ਵਿਚ ਅੰਤਾਂ ਦਾ ਵਾਧਾ ਹੋ ਰਿਹਾ ਹੈ, ਇਸਦਾ ਅਸਰ ਔਰਤਾਂ ਉੱਪਰ ਪੈਣਾ ਸੁਭਾਵਿਕ ਹੈ। ਇਸ ਸਭ ਦੇ ਹੱਲ ਕਈ ਔਰਤਾਂ ਨੂੰ ਜੱਥੇਬੰਦ ਹੋਣਾਂ ਬਹੁਤ ਜਰੂਰੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਅਤੇ ਪ੍ਰਾਂਤ ਅੰਦਰ ਵੀ ਔਰਤਾਂ ਦੀ ਸਥਿਤੀ ਬਹੁਤ ਨਾਜ਼ੁਕ ਹੈ, ਕੋਈ ਸੁਰੱਖਿਆ ਨਹੀਂ ਹੈ ਔਰਤਾਂ ਨਾਲ ਬਦਫੈਲੀ ਕਰਨ ਵਾਲਿਆਂ ਨੂੰ ਰਾਜਸੀ ਪੁਸ਼ਤ-ਪਨਾਹੀ ਹੈ, ਜਿਸ ਕਾਰਣ ਦੇਸ਼ ਅੰਦਰ ਮਹਿਲਾਵਾਂ ਦੇ ਸਨਮਾਨ ਦੀ ਰਾਖੀ ਲਈ ਇੱਕਜੁੱਟ ਹੋਣਾਂ ਸਮੇਂ ਦੀ ਜਰੂਰਤ ਬਣ ਗਈ ਹੈ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਮਨਜੀਤ ਸਿੰਘ ਸੈਣੀ, ਪਰਦੁਮਣ ਸਿੰਘ ਖਰਾਲ ਅਤੇ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵਲੋਂ ਵੀ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਅਤੇ ਹਾਲ ਹੀ ਵਿੱਚ ਪੇਸ਼ ਕੀਤੇ ਬੱਜਟ ਵਿੱਚ ਵੀ ਬਾਕੀ ਮਹਿਲਾਵਾਂ ਵਾਂਗ ਮਿਡ ਡੇ ਮੀਲ ਵਰਕਰਾਂ ਦੀਆਂ ਉਜਰਤਾਂ ਵਿਚ ਵਾਧੇ ਸਬੰਧੀ ਕੋਈ ਤਜਵੀਜ਼ ਪੇਸ਼ ਨਹੀਂ ਕੀਤੀ ਗਈ। ਆਗੂਆਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਅਹਿਦ ਕੀਤਾ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕੀਤੀ ਜਾਵੇਗੀ।