ਯਾਦਾਂ ਦੀ ਫੁਲਕਾਰੀ ਵਿੱਚ ਕੱਢਿਆ ਸੱਜਰਾ ਫੁੱਲ

ਗੁਰਦਾਸਪੁਰ 10 ਮਾਰਚ (ਰਮੇਸ਼ਵਰ ਸਿੰਘ)ਪਿਛਲੇ ਦਿਨੀਂ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ  ਬੀਬੀ ਇੰਦਰਜੀਤ ਕੌਰ ਪਿੰਗਲਵਾੜਾ  ਉਚੇਚੇ ਤੌਰ ਤੇ ਸ਼ਾਮਿਲ ਹੋਏ। ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾ ਰਹੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਕਾਲਜ ਦੀਆਂ ਪੁਰਾਣੀਆਂ ਹੋਣਹਾਰ ਵਿਦਿਆਰਥਣਾਂ ਦਾ ਵੀ ਸਨਮਾਨ ਕੀਤਾ ਗਿਆ। ਰਿਆੜਕੀ ਕਾਲਜ ਇਲਾਕੇ ਵਿੱਚ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਬਾਬਾ ਆਇਆ ਸਿੰਘ ਜੀ ਦੁਆਰਾ ਵਿਦਿਆ ਦਾ ਚਾਨਣ ਘਰ ਘਰ ਫੈਲਾਉਣ ਦੇ ਸੁਫ਼ਨੇ ਨੂੰ ਬੜੀ ਸ਼ਿੱਦਤ ਨਾਲ ਪੂਰਾ ਕੀਤਾ ਗਿਆ ਤੇ ਜਾ ਰਿਹਾ। ਅੱਜ ਤੋ ਚਾਲੀ, ਪੰਜਾਬ ਵਰੇ ਪਹਿਲਾਂ ਜਦੋਂ ਇਸਤਰੀ ਸਿੱਖਿਆ ਦਾ ਪੇਂਡੂ ਇਲਾਕਿਆਂ ਵਿੱਚ ਬਹੁਤਾ ਪਸਾਰ ਨਹੀ ਸੀ। ਉਸ ਸਮੇਂ ਲੜਕੀਆਂ ਦਾ ਕਾਲਜ ਤੇ ਹੋਸਟਲ ਬਨਾਉਣਾ ਸੱਚ ਮੁੱਚ ਬਹੁਤ ਦੂਰ ਅੰਦੇਸ਼ੀ ਵਾਲਾ ਕਾਰਜ ਸੀ।‌ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਆ ਕੇ ਵਿੱਦਿਆ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਇੱਕ ਲੰਮੀ ਲਿਸਟ ਹੈ। ਅਦਾਰੇ ਵੱਲੋਂ ਕਿਤਾਬੀ ਸਿੱਖਿਆ ਹੀ ਨਹੀਂ, ਹੱਥੀ ਕਿਰਤ ਕਰਨ, ਧਾਰਮਿਕ ਅਚਾਰ ਵਿਹਾਰ, ਸਖ਼ਤ ਅਨੁਸ਼ਾਸਨ ਦਾ ਪਾਲਣ,ਮਿਹਨਤ,ਲਗਨ ਦੇ ਉਚੇਰੇ ਗੁਣ ਵਿਦਿਆਰਥੀਆਂ ਅੰਦਰ ਭਰੇ ਗਏ।ਜੋ ਉਹਨਾਂ ਦੇ ਆਉਣ ਵਾਲੇ ਜੀਵਨ ਵਿੱਚ ਬੜੇ ਸਹਾਇਕ ਸਿੱਧ ਹੋਏ। ਮੈ ਆਪ ਭਾਵੇ ਇਸ ਅਦਾਰੇ ਦੀ ਵਿਦਿਆਰਥਣ ਨਹੀ ਰਹੀਂ ਹਾਂ। ਪਰ ਸਮਾਗਮ ਵਿੱਚ ਸ਼ਾਮਲ ਹੋਈਆਂ ਪਿਆਰੀਆਂ ਭੈਣਾਂ ਭੈਣ ਗੁਰਜੀਤ ਕੌਰ ਅਜਨਾਲਾ, ਪਰਮਜੀਤ ਕੌਰ, ਬਲਜੀਤ ਸੈਣੀ,     ਹਰਜਿੰਦਰ ਕੌਰ ਕੰਗ ਗੁਰਜੀਤ ਕੌਰ ਤੁਗਲਵਾਲ  ਤੇ ਹੋਰ ਬਹੁਤ ਸਾਰੀਆਂ  ਭੈਣਾਂ ਦੇ ਮੂੰਹੋਂ ਕਾਲਜ ਨਾਲ ਜੁੜੀਆਂ ਸੋਹਣੀਆਂ ਯਾਦਾਂ ਸੁਣਦਿਆਂ ਅਤੀਤ ਦੀਆਂ ਮਿੱਠੀਆਂ ਯਾਦਾਂ ਤੇ ਝਾਤ ਪੈ ਗਈ। ਬਚਪਨ ਤੇ ਚੜ੍ਹਦੀ ਜਵਾਨੀ ਦਾ ਸਮਾਂ ਆਪਣੇ ਆਪ ਵਿੱਚ ਤੋਹਫ਼ਾ ਹੁੰਦਾ ਹੈ।ਉਸ ਉਮਰ ਦੀ ਚੁਲਬੁਲਾਹਟ ਤੇ ਸ਼ਰਾਰਤੀਪਨ ਜ਼ਿੰਮੇਵਾਰੀਆਂ ਹੇਠ ਗਵਾਚ ਜਾਂਦਾ ਹੈ। ‌ਅਦਾਰਾ ਸਰਦਾਰ ਸਵਰਨ ਸਿੰਘ ਵਿਰਕ , ਉਹਨਾਂ ਦੇ ਬੇਟੇ ਗਗਨਦੀਪ ਸਿੰਘ ਤੇ ਸਮੁੱਚੇ ਪਰਿਵਾਰ ਦੀ ਅਗਵਾਈ ਵਿੱਚ ਅਜੇ ਵੀ ਸਿੱਖਿਆ ਖੇਤਰ ਨੂੰ ਵੱਡਮੁੱਲੀ ਦੇਣ ਦੇ ਰਿਹਾ ਏ। ਇਹੋ ਕਾਰਨ ਹੈ ਕਿ ਜਿੰਨੀਆਂ ਪਿਛਲੀ ਪੀੜ੍ਹੀ ਦੀਆਂ ਇਸ ਇਲਾਕੇ ਦੀਆਂ ਲੜਕੀਆਂ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਸੇਵਾਵਾਂ ਦੇ ਰਹੀਆਂ ਹਨ ਸ਼ਾਇਦ ਹੀ ਕਿਸੇ ਥਾਂ ਦੀਆਂ ਹੋਣ।ਇਲਾਕੇ‌ ਨੂੰ ਇਸ ਵਕਾਰੀ ਸੰਸਥਾ ਤੇ ਮਾਣ ਹੈ।