ਵੈਟਨਰੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੌਰਾਨ ਵੈਟਨਰੀ ਡਾਕਟਰ-ਸਿਖਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਡਿਗਰੀਆਂ

ਲੁਧਿਆਣਾ, 6 ਮਾਰਚ(ਟੀ. ਕੇ.)  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਚੌਥੀ ਕਨਵੋਕੇਸ਼ਨ  ਪਾਲ ਆਡੀਟੋਰੀਅਮ, ਪੀ. ਏ. ਯੂ. ਕੈਂਪਸ, ਲੁਧਿਆਣਾ ਵਿਚ ਕਰਵਾਈ ਗਈ। ਇਸ ਮੌਕੇ 
ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਯੂਨੀਵਰਸਿਟੀ ਵਿੱਚ ਉਚੇਰੇ ਅਕਾਦਮਿਕ ਅਤੇ ਖੋਜ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਡਿਗਰੀਆਂ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਹ ਆਪਣੇ ਪੇਸ਼ੇਵਰ ਜੀਵਨ ਵਿੱਚ ਹਰ ਕਿਸਮ ਦੀਆਂ ਚੁਣੌਤੀਆਂ ਦਾ ਸ਼ਾਨਦਾਰ ਢੰਗ ਨਾਲ ਸਾਹਮਣਾ ਕਰਦੇ ਹੋਏ ਪਸ਼ੂ ਪਾਲਣ ਖੇਤਰ ਅਤੇ ਸਮਾਜ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ। ਉਨ੍ਹਾਂ ਨੇ ਦੇਸ਼ ਲਈ ਗਿਆਨਵਾਨ, ਵਿਦਵਾਨ ਅਤੇ ਸੁਲਝੇ ਨਾਗਰਿਕ ਪੈਦਾ ਕਰਨ ਵਿੱਚ ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵਿਸ਼ਵ ਬੈਂਕ ਦੁਆਰਾ ਵਿਤੀ ਸਹਾਇਤਾ ਪ੍ਰਾਪਤ ਸੰਸਥਾਗਤ ਵਿਕਾਸ ਯੋਜਨਾ ਪ੍ਰਾਜੈਕਟ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਿਸ ਤਹਿਤ ਯੂਨੀਵਰਸਿਟੀ ਦੇ ਕੁੱਲ 42 ਅਧਿਆਪਕਾਂ ਅਤੇ 188 ਸਿਖਿਐ ਨੂੰ ਪ੍ਰਸਿੱਧ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਸਿਖਲਾਈ ਪ੍ਰੋਗਰਾਮ ਕਰਵਾਏ ਗਏ।
ਉਨ੍ਹਾਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਪਸ਼ੂਧਨ ਖੇਤਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ `ਤੇ ਦੱਸਿਆ ਕਿ ਇਸ ਖੇਤਰ ਵਿੱਚ 80 ਮਿਲੀਅਨ ਡੇਅਰੀ ਕਿਸਾਨ ਕੰਮ ਕਰ ਰਹੇ ਹਨ। ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਵਿੱਤੀ ਸਹਾਇਤਾ ਨਾਲ ਯੂਨੀਵਰਸਿਟੀ ਵਿੱਚ ਡੇਅਰੀ ਅਧਾਰਿਤ ਤਕਨਾਲੋਜੀ ਬਿਜ਼ਨਸ ਇਨਕਿਊਬੇਸ਼ਨ ਸੈਂਟਰ ਦੀ ਸਥਾਪਨਾ ਨਾਲ ਪੰਜਾਬ ਦੇ ਡੇਅਰੀ ਉਦਯੋਗ ਨੂੰ ਇਕ ਅਗਾਂਹਵਧੂ ਹੁਲਾਰਾ ਮਿਲੇਗਾ।
ਉਨ੍ਹਾਂ ਆਸ ਪ੍ਰਗਟਾਈ ਕਿ ਵਿਗਿਆਨੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਖਾਕਾ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਪਸ਼ੂਆਂ ਪ੍ਰਤੀ ਪਿਆਰ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਰੱਥ ਹੈ ਤਾਂ ਉਸ ਨੂੰ ਵੱਖ-ਵੱਖ ਜਾਨਵਰਾਂ ਦੀਆਂ ਕਿਸਮਾਂ ਦਾ ਫਾਰਮ ਜ਼ਰੂਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਘੋੜੇ ਪਾਲਣ ਦੀ ਆਪਣੀ ਚਿਰੋਕਣੀ ਸੱਧਰ ਦਾ ਵੀ ਜ਼ਿਕਰ ਕੀਤਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਕਨਵੋਕੇਸ਼ਨ ਭਾਸ਼ਣ ਵਿੱਚ 2023 ਨੂੰ ਹੋਈ ਪਿਛਲੀ ਕਨਵੋਕੇਸ਼ਨ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ।ਖੋਜ, ਅਧਿਆਪਨ ਅਤੇ ਪਸਾਰ ਦੀਆਂ ਲੋੜਾਂ ਲਈ ਯੂਨੀਵਰਸਿਟੀ ਕੋਲ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਨਿਪੁੰਨ ਅਧਿਆਪਕਾਂ ਦੇ ਨਾਲ ਅਤਿ-ਆਧੁਨਿਕ ਬੁਨਿਆਦੀ ਢਾਂਚਾ ਹੈ। ਯੂਨੀਵਰਸਿਟੀ ਨੂੰ ਭਾਰਤੀ ਖੇਤੀ ਖੋਜ ਪਰਿਸ਼਼ਦ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ। ਵਿਦਿਆਰਥੀ ਵੈਟਨਰੀ ਵਿਗਿਆਨ, ਫਿਸ਼ਰੀਜ਼ ਵਿਗਿਆਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਅਤੇ ਐਨੀਮਲ ਬਾਇਓਟੈਕਨਾਲੋਜੀ ਵਿੱਚ ਪੇਸ਼ੇਵਰ ਭਵਿੱਖ ਬਣਾ ਸਕਦੇ ਹਨ।
ਇਸ ਮੌਕੇ ਨੈਸ਼ਨਲ ਅਕੈਡਮੀ ਆਫ ਵੈਟਨਰੀ ਸਾਇੰਸਜ਼, ਨਵੀਂ ਦਿੱਲੀ ਦੇ ਪ੍ਰਧਾਨ ਡਾ ਡੀ.ਵੀ.ਆਰ. ਪ੍ਰਕਾਸ਼ ਰਾਓ ਨੂੰ ਵੈਟਨਰੀ ਵਿਗਿਆਨ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਡਾਕਟਰ ਆਫ਼ ਫ਼ਿਲਾਸਫ਼ੀ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਦੱਸਿਆ ਕਿ 250 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਜਿਨ੍ਹਾਂ ਵਿਚ ਵੱਖੋ-ਵੱਖਰੇ ਕਾਲਜਾਂ ਦੇ ਵਿਸ਼ਿਆਂ ਦੀਆਂ ਪੀਐਚ.ਡੀ, ਮਾਸਟਰਜ਼ ਅਤੇ ਅੰਡਰ-ਗ੍ਰੈਜੂਏਟ ਡਿਗਰੀਆਂ ਸ਼ਾਮਿਲ ਸਨ। ਯੂਨੀਵਰਸਿਟੀ ਵਿੱਚ ਵੱਖ-ਵੱਖ ਪੱਧਰਾਂ `ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕੁੱਲ 6 ਗੋਲਡ ਮੈਡਲ ਅਤੇ 63 ਮੈਰਿਟ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
ਡਾ. ਓ ਪੀ ਚੌਧਰੀ, ਚੇਅਰਮੈਨ ਐਨੀਮਲ ਵੈਲਫੇਅਰ ਬੋਰਡ, ਭਾਰਤ ਸਰਕਾਰ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ, ਅਧਿਕਾਰੀ, ਅਧਿਆਪਕ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਮੌਜੂਦ ਸਨ।