ਪੀ ਏ ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ  ਕਿਸਾਨ ਮੇਲੇ ਨਾਲ ਸਾਉਣੀ ਦੇ ਕਿਸਾਨ ਮੇਲਿਆਂ ਦੀ ਸ਼ੁਰੂਆਤ ਦਾ ਬਿਗੁਲ ਵੱਜਾ

ਅੰਮ੍ਰਿਤਸਰ 5 ਮਾਰਚ (ਬਿਊਰੋ)  ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੀ ਲੜੀ ਦੀ ਸ਼ੁਰੂਆਤ ਵਜੋਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਚ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦਾ ਉਦਘਾਟਨ ਮੇਲੇ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਮਜੀਠਾ ਦੇ ਐੱਸ.ਡੀ.ਐਮ ਕੁਮਾਰੀ ਹਰਨੂਰ ਕੌਰ ਢਿੱਲੋਂ, ਪੀ.ਸੀ.ਐੱਸ ਸ਼ਾਮਿਲ ਸਨ। ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਜਤਿੰਦਰ ਸਿੰਘ ਵੀ ਮੌਜੂਦ ਸਨ।

 
 ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਸਿੱਖਣ ਸਿਖਾਉਣ ਦਾ ਅਮਲ ਹਨ  ਨਵੀਆਂ ਤਕਨੀਕਾਂ ਅਪਣਾ ਕੇ ਆਪਣੀ ਖੇਤੀ ਨੂੰ ਅੱਗੇ ਲਿਜਾਣ ਵਾਲੇ ਕਿਸਾਨਾਂ ਕੋਲੋਂ ਦੂਜਿਆਂ ਨੂੰ ਸਿੱਖਣ ਦੀ ਲੋੜ ਹੈ। ਉਨ੍ਹਾਂ ਖੇਤੀ ਸਾਹਿਤ ਨਾਲ ਜੁੜਨ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਨੂੰ ਖੋਜ ਸਿੱਟਿਆਂ ਉੱਪਰ ਆਧਾਰਿਤ ਕਿਹਾ ਤੇ ਕਿਸਾਨਾਂ ਨੂੰ ਇਸ ਨੂੰ ਖਰੀਦਣ ਲਈ ਅਪੀਲ ਕੀਤਾ। ਮੇਲਿਆਂ ਦੇ ਉਦੇਸ਼ :

ਖੇਤੀ ਨਾਲ ਸਹਾਇਕ ਧੰਦਾ
ਪਰਿਵਾਰ ਸੁਖੀ ਮੁਨਾਫ਼ਾ ਚੰਗਾ

ਬਾਰੇ ਉਨ੍ਹਾਂ ਕਿਹਾ ਕਿ ਖੇਤੀ ਪਰਿਵਾਰਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਯੂਨੀਵਰਸਿਟੀ ਨੇ ਇਹ ਸੁਨੇਹਾ ਘਰ ਘਰ ਪੁਚਾਉਣ ਦਾ ਬੀੜਾ ਚੁੱਕਿਆ ਹੈ। ਪਸ਼ੂ ਪਾਲਣ, ਸ਼ਹਿਦ ਮੱਖੀ ਪਾਲਣ ਅਤੇ ਪੋਲਟਰੀ ਤੋਂ ਇਲਾਵਾ ਨਵੇਂ ਸਹਾਇਕ ਕਿੱਤਿਆਂ ਜਿਵੇਂ ਖੁੰਬਾਂ ਦੀ ਕਾਸ਼ਤ, ਬੀਜ ਉਤਪਾਦਨ ਅਤੇ ਖੇਤੀ ਪ੍ਰੋਸੈਸਿੰਗ ਕੇਂਦਰਾਂ ਨੂੰ ਅਪਣਾਉਣ ਦੇ ਲਾਭ ਕਿਸਾਨਾਂ ਨੂੰ ਦੱਸੇ। ਉਨ੍ਹਾਂ ਕਿਹਾ ਕਿ ਅਜੋਕਾ ਦੌਰ ਪਰਿਵਾਰ ਦੀ ਆਮਦਨ ਲਈ ਲਗਾਤਾਰ ਕੋਸ਼ਿਸ਼ਾਂ ਦਾ ਹੈ ਤੇ ਯੂਨੀਵਰਸਿਟੀ ਇਸ ਸੰਬੰਧੀ ਵਿਗਿਆਨਕ ਸਿਖਲਾਈ ਲਗਾਤਾਰ ਕਿਸਾਨਾਂ ਨੂੰ ਦੇ ਰਹੀ ਹੈ। ਪ੍ਰੋਸੈਸਿੰਗ ਅਤੇ ਮੁੱਲ ਵਾਧੇ ਨੂੰ ਮੌਜੂਦਾ ਦੌਰ ਦੇ ਸਹਾਇਕ ਕਿੱਤੇ ਆਖਦਿਆਂ ਵਾਈਸ ਚਾਂਸਲਰ ਨੇ ਇਸ ਸੰਬੰਧੀ ਸਿਖਲਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਯੂਨੀਵਰਸਿਟੀ ਨਾਲ ਜੁੜਨ ਦਾ ਖੁੱਲ੍ਹਾ ਸੱਦਾ ਦਿੱਤਾ। ਕਿਸਾਨਾਂ ਨੂੰ ਨਵੀਂ ਖੇਤੀ ਜਾਣਕਾਰੀ ਲਈ ਮੇਲਿਆਂ ਵਿਚ ਯੂਨੀਵਰਸਿਟੀਆਂ ਦੀਆਂ ਸਟਾਲਾਂ ਤੇ ਮਾਹਿਰਾਂ ਨਾਲ ਸੰਪਰਕ ਬਣਾਉਣ ਦਾ ਕਿਹਾ ਤੇ ਖੇਤੀ ਪ੍ਰਦਰਸ਼ਨੀਆਂ ਵਿਚ ਅੱਖੀਂ ਦੇਖਣ ਨੂੰ ਪਹਿਲ ਦੇਣ ਲਈ ਕਿਹਾ।

 
ਉਨ੍ਹਾਂ ਨੇ ਕਣਕ ਝੋਨੇ ਤੋਂ ਇਲਾਵਾ ਗੰਨੇ ਅਤੇ ਹੋਰ ਫ਼ਸਲਾਂ ਬਾਰੇ ਦੱਸਦਿਆਂ ਅਗੇਤੀਆਂ, ਦਰਮਿਆਨੀਆਂ ਅਤੇ ਪਛੇਤੀਆਂ ਕਿਸਮਾਂ ਦਾ ਜ਼ਿਕਰ ਕੀਤਾ। ਫਲਦਾਰ ਫ਼ਸਲਾਂ ਵਿਚ ਨਾਖ ਤੇ ਲੀਚੀ ਨੂੰ ਇਲਾਕੇ ਦੀਆਂ ਫ਼ਸਲਾਂ ਆਖਦਿਆਂ ਬਾਗ਼ ਲਾਉਣ ਬਾਰੇ ਸਰਕਾਰੀ ਯੋਜਨਾਵਾਂ ਦਾ ਹਵਾਲਾ ਦਿੰਦਿਆਂ ਡਾ ਗੋਸਲ ਨੇ ਇਸਦਾ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਝੋਨੇ ਦੀਆਂ ਘੱਟ ਪਾਣੀ ਖਪਤ ਕਰਨ ਵਾਲੀਆਂ ਅਤੇ ਘੱਟ ਪਰਾਲ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਸਮੇਂ ਅਤੇ ਵਾਤਾਵਰਨ ਸੰਭਾਲ ਦੀ ਮੰਗ ਕਿਹਾ। ਬਾਸਮਤੀ ਦੀ ਕਾਸ਼ਤ ਲਈ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨਾ ਲਾਜ਼ਮੀ ਹੈ ਤਾਂ ਕਿ ਰਸਾਇਣਿਕ ਰਹਿੰਦ ਖੂੰਹਦ ਦੀ ਮਾਤਰਾ ਘਟਾਈ ਜਾ ਸਕੇ।

 
ਡਾ ਗੋਸਲ ਨੇ ਮਿੱਟੀ ਅਤੇ ਜ਼ਮੀਨ ਦੀ ਸਿਹਤ ਲਈ ਰੂੜੀ ਅਤੇ ਹਰੀ ਖਾਦ ਦੇ ਨਾਲ ਨਾਲ ਜੈਵਿਕ ਖਾਦਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਫਸਲੀ ਰਹਿੰਦ ਖੂਹੰਦ ਦੀ ਸੰਭਾਲ ਲਈ ਪੀ ਏ ਯੂ ਦੀਆਂ ਮਸ਼ੀਨਰੀ ਤਕਨੀਕਾਂ ਬਾਰੇ ਦੱਸਿਆ ਅਤੇ ਗੁੱਲੀ ਡੰਡਾ ਆਦਿ ਤੋਂ ਬੱਚਤ ਲਈ ਸਰਫੇਸ ਸੀਡਿੰਗ ਅਪਣਾਉਣ ਉੱਪਰ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਖਰਚੇ ਘਟਾਉਣ ਦੇ ਖੇਤਰ ਵਿਚ ਖਾਦਾਂ ਦੀ ਢੁਕਵੀਂ ਵਰਤੋਂ ਜ਼ਰੂਰ ਕੀਤੀ ਜਾਵੇ ਅਤੇ ਇਸ ਸੰਬੰਧ ਵਿਚ ਪੀ ਏ ਯੂ ਦੀਆਂ ਸਿਫਾਰਿਸ਼ਾਂ ਜ਼ਰੂਰ ਅਪਣਾਈਆਂ ਜਾਣ। ਕਣਕ ਝੋਨੇ ਫਸਲੀ ਚੱਕਰ ਕਾਰਨ ਜ਼ਮੀਨ ਦੀ ਹੋਰ ਰਹੀ ਸਖ਼ਤ ਪਰਤ ਨੂੰ ਉਨ੍ਹਾਂ ਡੂੰਘੇ ਹਲ ਚੀਜ਼ਲਰ ਦੀ ਵਰਤੋਂ ਦੀ ਸਿਫਾਰਿਸ਼ ਬਾਰੇ ਦੱਸਿਆ ਅਤੇ ਸੌਰ ਊਰਜਾ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਇਸਦੇ ਲਾਹੇਵੰਦ ਪੱਖਾਂ ਵੱਲ ਇਸ਼ਾਰਾ ਕੀਤਾ। ਡਾ ਗੋਸਲ ਨੇ ਕਿਹਾ ਕਿ ਕਿਸਾਨ ਅਤੇ ਯੂਨੀਵਰਸਿਟੀ ਨੂੰ ਛੇ ਮਹੀਨੇ ਬਾਅਦ ਕਿਸਾਨ ਮੇਲਿਆਂ ਵਿਚ ਮਿਲਣ ਦੇ ਨਾਲ ਨਾਲ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਜੁੜੇ ਰਹਿਣਾ ਪਵੇਗਾ। ਇਸ ਨਾਲ ਖੇਤੀ ਵਿਗਿਆਨਕ ਜਾਣਕਾਰੀ ਕਿਸਾਨਾਂ ਤਕ ਲਗਾਤਾਰ ਪਹੁੰਚਦੀ ਰਹੇਗੀ। ਇਸਦਾ ਲਾਹਾ ਲੈਣ ਲਈ ਉਨ੍ਹਾਂ ਵੱਖ ਵੱਖ ਐਪਾਂ ਦੇ ਕੋਡ ਸਕੈਨ ਕਰਨ ਦੀ ਵਿਧੀ ਵੀ ਦੱਸੀ।ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਅਗਲੇ ਫ਼ਸਲੀ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ ।

ਐੱਸ ਡੀ ਐੱਮ ਡਾ  ਹਰਨੂਰ ਕੌਰ ਢਿੱਲੋਂ, ਪੀ.ਸੀ.ਐੱਸ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਸ਼ਾਸਨ ਦੇ ਇਸ ਮੇਲੇ ਵਿਚ ਸ਼ਾਮਿਲ ਹੋਣ ਨਾਲ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਮੇਲੇ ਦੇ ਸੁਨੇਹੇ ਨੂੰ ਧਾਰਨ ਕਰਨ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ। ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ ਢਿੱਲੋਂ ਨੇ ਹੋਰ ਕਿਸਾਨਾਂ ਨੂੰ ਵੀ ਖੇਤੀ ਸਿਖਲਾਈਆਂ ਲੈਣ ਲਈ ਪ੍ਰੇਰਿਤ ਕੀਤਾ।

 
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੀ ਸਾਉਣੀ ਰੁੱਤ ਲਈ ਪੀ.ਏ.ਯੂ. ਦੀਆਂ ਫ਼ਸਲਾਂ ਬਾਰੇ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਆਪਣੇ ਆਰੰਭ ਤੋਂ ਲੈ ਕੇ ਹੁਣ ਤਕ ਯੂਨੀਵਰਸਿਟੀ ਨੇ ਸਾਢੇ ਨੌਂ ਸੌ ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਹਨ। ਨਵੀਆਂ ਕਿਸਮਾਂ ਵਿਚ ਉਹਨਾਂ ਨੇ ਪੂਸਾ ਬਾਸਮਤੀ 1847 ਬਾਰੇ ਦੱਸਿਆ, ਜੋ ਕਰੀਬਨ 100 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਉਸਦਾ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਚਾਰਾ ਮੱਕੀ ਦੀ ਕਿਸਮ ਜੇ 1008 ਬਾਰੇ ਗੱਲ ਕਰਦਿਆਂ ਉਹਨਾਂ ਪੁਰਾਣੀਆਂ ਕਿਸਮਾਂ ਨਾਲੋਂ ਪਹਿਲਾਂ ਪੱਕਣ ਵਾਲੀ ਅਤੇ ਸਾਈਲੇਜ ਲਈ ਢੁੱਕਵੀਂ ਕਿਸਮ ਕਿਹਾ। ਖਰਵ੍ਹੇ ਅਨਾਜਾਂ ਵਿਚ ਬਾਜਰੇ ਦੀ 90 ਦਿਨਾਂ ਚ ਪੱਕਣ ਵਾਲੀ ਕਿਸਮ ਪੀ ਸੀ ਬੀ 167 ਅਤੇ ਪੰਜਾਬ ਚੀਨਾ 1 ਦਾ ਜ਼ਿਕਰ ਕੀਤਾ ਜੋ 65 ਦਿਨਾਂ ਚ ਪੱਕਦੀ ਹੈ। ਬੈਂਗਣਾਂ ਦੀ ਨਵੀਂ ਕਿਸਮ ਪੀ ਬੀ ਐਚ ਐਲ  56 ਅਤੇ ਖਰਬੂਜ਼ੇ ਦੀ ਨਵੀਂ ਕਿਸਮ ਪੰਜਾਬ ਅੰਮ੍ਰਿਤ ਦੀ ਸਿਫਾਰਿਸ਼ ਕਰਦਿਆਂ ਉਨ੍ਹਾਂ ਇਸਦੇ ਗੁਣਾਂ ਬਾਰੇ ਦੱਸਿਆ। ਨਿਰਦੇਸ਼ਕ ਖੋਜ ਨੇ ਨਾਲ ਹੀ ਤਰਬੂਜ਼ ਅਤੇ ਜਾਮਣਾਂ ਦੀਆਂ ਨਵੀਆਂ ਸਿਫਰਿਸ਼ਯੋਗ ਕਿਸਮਾਂ ਦਾ ਜ਼ਿਕਰ ਵੀ ਕੀਤਾ ।

ਉਤਪਾਦਨ ਤਕਨੀਕਾਂ ਵਿਚ ਡਾ. ਢੱਟ ਨੇ ਨਵੇਂ ਫਸਲੀ ਚੱਕਰਾਂ ਦੀ ਸਿਫ਼ਾਰਸ਼ ਸਾਂਝੀ ਕੀਤੀ ਜੋ ਰਵਾਇਤੀ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਵੱਧ ਆਮਦਨ ਦੇਣ ਵਾਲੇ ਹਨ। ਇਸ ਤੋਂ ਇਲਾਵਾ ਟੀਂਡੇ ਅਤੇ ਕਿੰਨੂ ਦੀ ਕਾਸ਼ਤ ਸੰਬੰਧੀ ਨਵੀਆਂ ਉਤਪਾਦਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।
ਪੌਦ ਸੁਰੱਖਿਆ ਤਕਨੀਕ ਵਿਚ ਡਾ ਢੱਟ ਨੇ ਜੈਵਿਕ ਅਤੇ ਗੈਰ ਜੈਵਿਕ ਹਾਲਤਾਂ ਵਿਚ ਝੋਨੇ ਅਤੇ ਬਾਸਮਤੀ ਦੇ ਬੂਟੇ ਦੇ ਟਿੱਡਿਆਂ ਦੇ ਹਮਲੇ ਦੀ ਰੋਕਥਾਮ, ਮੱਕੀ ਵਿਚ ਫਾਲ ਆਰਮੀਵਰਮ ਦੀ ਰੋਕਥਾਮ ਅਤੇ ਛੋਲਿਆਂ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਾਲ ਹੀ ਕੁਦਰਤੀ ਗੁਲਾਲ, ਅੰਜੀਰ ਨੂੰ ਸੁਕਾਉਣ ਅਤੇ ਹੋਰ ਤਕਨੀਕਾਂ ਵਿਚ ਸੋਇਆ ਪਾਊਡਰ ਤੋਂ ਤਿਆਰ ਦੁੱਧ ਅਤੇ ਮਿਲਟਸ ਦੀ ਪ੍ਰੋਸੈਸਿੰਗ ਦੀਆਂ ਤਕਨਾਲੋਜੀਆਂ ਬਾਰੇ ਗੱਲ ਕੀਤੀ। ਉਨ੍ਹਾਂ ਝੋਨੇ ਦੀ ਲਵਾਈ ਲਈ ਆਟੋਮੈਟਿਕ ਟਰਾਂਸਪਲਾਂਟਰ ਅਤੇ ਪਰਾਲੀ ਦੀਆਂ ਗੰਢਾਂ ਤੋਂ ਮਲਚਿੰਗ ਬਣਾਉਣ ਵਾਲੀ ਮਸ਼ੀਨ ਨੂੰ ਨਵੀਆਂ ਮਸ਼ੀਨਰੀ ਤਕਨੀਕਾਂ ਵਜੋਂ ਸਿਫਾਰਿਸ਼ ਕੀਤਾ।

ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਜਤਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਨ੍ਹਾਂ ਕਿਸਾਨ ਮੇਲਿਆਂ ਦਾ ਲਾਹਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਇਲਾਕੇ ਦੀਆਂ ਫਸਲੀ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਅਤੇ ਨਾਲ ਹੀ ਆਉਂਦੇ ਫਸਲੀ ਸੀਜ਼ਨ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ।

ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਕਿਸਾਨ ਮੇਲਿਆਂ ਦੀ ਰੂਪ-ਰੇਖਾ ਦੱਸਦਿਆਂ ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਮੇਲੇ ਦਾ ਮੁੱਖ ਮੰਤਵ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਸਮੁੱਚੀ ਜਾਣਕਾਰੀ ਇੱਕੋ ਜਗ੍ਹਾ ਮੁਹਈਆ ਕਰਾਉਣੀ ਹੈ। ਮੇਲੇ ਵਿੱਚ ਸੁਧਰੀਆਂ ਕਿਸਮਾਂ, ਬਿਮਾਰੀਆਂ, ਕੀੜਿਆਂ ਅਤੇ ਹੋਰ ਪੱਖਾਂ ਬਾਰੇ ਜਾਣਕਾਰੀ ਵੀ ਉਪਲਬਧ ਕਰਾਈ ਜਾ ਰਹੀ ਹੈ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵੱਲੋਂ ਦਿੱਤੀ ਜਾ ਰਹੀ ਖੇਤੀ ਸਿਖਲਾਈ ਉੱਪਰ ਤਸੱਲੀ ਪਰਗਟ ਕਰਦਿਆਂ ਸਹਾਇਕ ਕਿੱਤਿਆਂ ਦੇ ਮਹੱਤਵ ਉੱਪਰ ਰੌਸ਼ਨੀ ਪਾਈ। ਇਸਦੇ ਨਾਲ ਹੀ ਡਾ ਭੁੱਲਰ ਨੇ ਯੂਨੀਵਰਸਿਟੀ ਵਲੋਂ ਪਸਾਰ ਸੇਵਾਵਾਂ ਲਈ ਵਰਤੇ ਜਾ ਰਹੇ ਨਵੇਂ ਮਾਧਿਅਮਾਂ ਦਾ ਜ਼ਿਕਰ ਕੀਤਾ ਤੇ ਕਿਸਾਨਾਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ। ਪਾਣੀ ਦੀ ਬੱਚਤ ਲਈ ਸੁਨੇਹਾ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਬਦਲਵੇਂ ਫਸਲੀ ਪ੍ਰਬੰਧ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।

ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਨੇ ਕੀਤਾ।

ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਉਪ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ ਨੇ ਕਹੇ।

ਪ੍ਰਧਾਨਗੀ ਮੰਡਲ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਕਿਤਾਬ ਨੂੰ ਲੋਕ ਅਰਪਿਤ ਕੀਤਾ।

ਇਸ ਦੌਰਾਨ ਆਪਣੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਕਿਸਾਨਾਂ  ਬੋਬਿਨਦੀਪ ਸਿੰਘ, ਚਰਨਜੀਤ ਸਿੰਘ, ਸਿਮਰਬੀਰ ਸਿੰਘ, ਚਰਨਜੀਤ ਕੌਰ,ਸੁਖਪਾਲ ਸਿੰਘ ਗਿੱਲ ਅਤੇ ਸੁਲਤਾਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਪੀ ਏ ਯੂ ਮਾਹਿਰਾਂ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।