ਆਜ਼ਾਦ ਉਮੀਦਵਾਰਾਂ ਦੀ ਜਿੱਤ ਤੋਂ ਘਬਰਾਏ ਦੋਵੇਂ ਧੜੇ ਗੰਢਤੁੱਪ ਦੇ ਰਾਹ ਪਏ

ਪਟਿਆਲਾ, 28 ਫਰਵਰੀ (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿਚ ਤੀਜੀ ਧਿਰ ਵੱਲੋਂ ਪੇਪਰ ਭਰਨ ਮਗਰੋਂ ਮਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਤੀਜੀ ਧਿਰ ਦੇ ਉਮੀਦਵਾਰਾਂ ਨੇ ਲੇਖਕ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਿਛਲੇ ਸੱਠ ਸਾਲਾਂ ਦੀ ਉੱਤਰ ਕਾਟੋ ਮੈੰ ਚੜ੍ਹਾਂ ਵਾਲੀ ਧੜੇਬੰਦੀ ਤੋੜਨ ਲਈ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਨੇ ਦੱਸਿਆ ਕਿ ਆਜ਼ਾਦ ਉਮੀਦਵਾਰਾਂ ਦੀ ਜਿੱਤ ਤੋਂ ਘਬਰਾਏ ਦੋਵੇਂ ਧੜੇ ਗੰਢਤੁੱਪ ਦੇ ਰਾਹ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ ਵੱਖ ਢੰਗ ਤਰੀਕਿਆਂ ਨਾਲ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਧੜੇ ਬੰਦੀਆਂ ਖ਼ਤਮ ਹੋਣੀਆਂ ਚਾਹੀਦੀਆਂ ਹਨ, ਜੋ ਕਿ ਇੱਕ ਨਾਮੁਰਾਦ ਬੀਮਾਰੀ ਹੈ। ਉਨ੍ਹਾਂ ਨੇ ਵੋਟਰਾਂ ਨਾਲ ਇਹ ਵਾਅਦੇ ਕੀਤੇ ਕਿ ਲੇਖਕਾਂ ਦੀਆ ਧੜੇਬੰਦੀਆਂ ਖ਼ਤਮ ਕਰਕੇ ਸਾਂਝੀਵਾਲਤਾ ਦਾ ਮੰਚ ਸਿਰਜਾਂਗੇ। ਨੌਜਵਾਨ ਲੇਖਕਾਂ ਅਤੇ ਅਣਗੌਲੇ ਬਜ਼ੁਰਗ ਲੇਖਕਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ। ਅਕਾਦਮੀ ਦੀ ਆਮਦਨ ਦੇ ਇੱਕ- ਇੱਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਹੀ ਵਰਤਿਆ ਜਾਵੇਗਾ ਅਤੇ ਉਸ ਨੂੰ ਸਾਲਾਨਾ ਬਜਟ ਵਿੱਚ ਜਨਤਕ ਕੀਤਾ ਜਾਵੇਗਾ। ਦੱਬੇ ਕੁੱਚਲੇ ਲੋਕਾਂ ਦਾ ਸਾਹਿਤ ਅਤੇ ਹਰ ਵਰਗ ਅਤੇ ਖੇਤਰ ਦੇ ਸਾਹਿਤ ਨੂੰ ਯੋਗ ਥਾਂ ਦੇਵਾਂਗੇ। ਵਧੀਆ ਸਾਹਿਤ ਦੀ ਚੋਣ ਲਈ ਕਮੇਟੀਆਂ ਬਿਠਾਵਾਂਗੇ ਅਤੇ ਪ੍ਰਕਾਸ਼ਿਤ ਕਰਵਾਵਾਂਗੇ। ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਾਂਗੇ ਅਤੇ ਜਿਹੜਾ ਪਾਠਕਾਂ ਦਾ ਘੇਰਾ ਖ਼ਤਮ ਹੋ ਰਿਹਾ ਹੈ, ਉਸ ਨੂੰ ਵਧਾਵਾਂਗੇ। ਅੰਤਰਰਾਸ਼ਟਰੀ ਪੱਧਰ ਉੱਤੇ ਸਾਡੇ ਨਵੇਂ ਲੇਖਕ ਆਪਣੀ ਬੋਲੀ ਅਤੇ ਸ਼ੈਲੀ ਦਾ ਲੋਹਾ ਮੰਨਵਾਇਆ ਕਰਨਗੇ। ਅਸੀਂ ਸੀਨੀਅਰ ਸਾਹਿਤਕਾਰਾਂ ਦਾ ਸਤਿਕਾਰ ਕਰਦੇ ਹਾਂ ਪਰ ਨੌਜਵਾਨਾਂ ਲਈ ਨਵੇਂ ਰਾਹ ਤਲਾਸ਼ਣਾ ਸਾਡਾ ਮੁੱਖ ਮਕਸਦ ਹੈ।