ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਦਾ ਕੰਮ ਸ਼ੁਰੂ

ਪਹਿਲੇ ਫੇਜ਼ ਵਿੱਚ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਜ਼ੋਨ ਡੀ ਦਫ਼ਤਰ ਤੱਕ 1.15 ਕਿਲੋਮੀਟਰ ਦਾ ਕੀਤਾ ਜਾਵੇਗਾ ਵਿਕਸਤ-ਭਾਰਤ ਭੂਸ਼ਣ ਆਸ਼ੂ

ਲੁਧਿਆਣਾ,ਸਤੰਬਰ 2019 - (ਮਨਜਿੰਦਰ ਗਿੱਲ )- ਸ਼ਹਿਰ ਲੁਧਿਆਣਾ ਦੇ ਮਹੱਤਵਪੂਰਨ ਪ੍ਰੋਜੈਕਟ ਸਿੱਧਵਾਂ ਕੈਨਾਲ ਵਾਟਰ ਫਰੰਟ ਦਾ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਕੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਰਵਾਈ। ਇਸ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਆਮ ਲੋਕਾਂ ਲਈ ਸੈਰਗਾਹ ਵਜੋਂ ਸਿੱਧਵਾਂ ਨਹਿਰ ਨਾਲ ਲੱਗਦੇ ਪੂਰੇ ਖੇਤਰ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫਤਰ ਤੱਕ ਨੂੰ ਵਿਕਸਤ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਦੀ ਲਾਗਤ 4.75 ਕਰੋੜ ਰੁਪਏ ਹੈ, ਜਦਕਿ ਇਸ ਦੀ ਲੰਬਾਈ 1100 ਮੀਟਰ ਅਤੇ ਚੌੜਾਈ 22-22 ਮੀਟਰ ਹੋਵੇਗੀ। ਉਨਾਂ ਕਿਹਾ ਕਿ 1.15 ਕਿਲੋਮੀਟਰ ਦਾ ਇਹ ਖੇਤਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲੈਂਡਸਕੇਪਿੰਗ ਨਾਲ ਵਿਕਸਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿੱਚ ਗਰੀਨ ਬੈੱਲਟ, ਸਾਈਕਲਿੰਗ ਟਰੈਕ, ਖੇਡ ਖੇਤਰ, ਪੈਦਲ ਰਸਤਾ, ਬੈਠਣ ਲਈ ਖੇਤਰ, ਕੰਧ 'ਤੇ ਚੜਨ ਲਈ ਗਤੀਵਿਧੀਆਂ ਆਦਿ ਵਿਕਸਤ ਕੀਤੀਆਂ ਜਾਣਗੀਆਂ। ਦੂਜੇ ਗੇੜ ਵਿੱਚ ਸਿੱਧਵਾਂ ਨਹਿਰ ਦੇ ਨਾਲ-ਨਾਲ ਪੱਖੋਵਾਲ ਸੜਕ ਤੋਂ ਲੈ ਕੇ ਦੁੱਗਰੀ ਤੱਕ ਇਲਾਕਾ ਵਿਕਸਤ ਕੀਤਾ ਜਾਵੇਗਾ। ਉਕਤ ਸੁਵਿਧਾਵਾਂ ਨਹਿਰ ਦੇ ਦੋਵੇਂ ਪਾਸੇ ਵਿਕਸਤ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਤਿਆਰ ਕੀਤੇ ਜਾ ਰਹੇ ਇਸ ਪ੍ਰੋਜੈਕਟ ਦਾ ਮਕਸਦ ਹੈ ਕਿ ਸ਼ਹਿਰ ਵਾਸੀਆਂ ਨੂੰ ਸੈਰ ਗਾਹ ਅਤੇ ਜੀਵਨ ਦਾ ਆਨੰਦ ਲੈਣ ਲਈ ਵਧੀਆ ਜਗਾ ਤਿਆਰ ਕੀਤੀ ਜਾਵੇ। ਇਥੇ ਰੌਸ਼ਨੀਆਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਤਾਂ ਜੋ ਹਨੇਰੇ ਸਵੇਰੇ ਘੁੰਮਣ ਆਉਣ ਵਾਲੇ ਲੋਕਾਂ ਨੂੰ ਸੁਰੱਖਿਆ ਅਤੇ ਸਹਿਜ ਦਾ ਮਾਹੌਲ ਮਿਲ ਸਕੇ। ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਰੀਚਾਰਜ ਸਿਸਟਮ ਵੀ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਲਈਅਰ ਵੈਲੀ ਦੇ ਨਾਲ-ਨਾਲ ਕੰਧ, ਸਟੀਲ ਦੀ ਰੇਲਿੰਗ, ਫੈਂਸਿੰਗ, ਬੈਠਣ ਲਈ ਪੌੜੀਆਂ, ਸਾਈਕਲ ਟਰੈਕ, ਲੰਘਣ ਲਈ ਰਸਤੇ, ਬੈਂਬੂ ਗਜ਼ੀਬੋ, ਬੈਠਣ ਲਈ ਬੈਂਚ, ਗਰੀਨ ਲਾਅਨ, ਮੌਸਮੀ ਫੁੱਲ, ਪਸ਼ੂਆਂ ਨੂੰ ਅੰਦਰ ਵੜਨ ਤੋਂ ਰੋਕਣ ਵਾਲਾ ਗੇਟ, ਪੈਦਲ ਰਾਹੀਆਂ ਅਤੇ ਵਾਹਨਾਂ ਲਈ ਅਲੱਗ-ਅਲੱਗ ਗੇਟ, ਪਾਣੀ ਦੇ ਛਿੜਕਾਅ ਲਈ ਉਪਕਰਨ, ਬੋਰਵੈੱਲ, ਟਿਊਬਵੈੱਲ, ਛੱਤ 'ਤੇ ਸੋਲਰ ਸਿਸਟਮ, ਪਖਾਨੇ, ਐੱਲ. ਈ. ਡੀ. ਲਾਈਟਿੰਗ ਖੰਭੇ, ਬੱਚਿਆਂ ਦੇ ਖੇਡਣ ਲਈ ਵਿਸ਼ੇਸ਼ ਖੇਤਰ, ਓਪਨ ਜਿੰਮ, ਧਰਤੀ ਹੇਠ ਪਾਣੀ ਰੀਚਾਰਜ ਕਰਨ ਲਈ ਸਟੌਰਮ ਵਾਟਰ ਵਾਲੇ ਟੋਏ ਆਦਿ ਹੋਰ ਸਹੂਲਤਾਂ ਹੋਣਗੀਆਂ। ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੰਮ ਅਗਲੇ 10 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹੋਣ ਵਾਲੇ ਸਾਰੇ ਕੰਮ ਪਹਿਲ ਦੇ ਆਧਾਰ 'ਤੇ ਅਤੇ ਤੈਅ ਸਮਾਂ ਸੀਮਾ ਵਿੱਚ ਕਰਵਾਏ ਜਾਣਗੇ। ਉਨਾਂ ਕਿਹਾ ਕਿ ਪੱਖੋਵਾਲ ਸੜਕ ਸਥਿਤ ਰੇਲਵੇ ਓਵਰਬ੍ਰਿਜ ਦਾ ਕੰਮ ਵੀ ਮੌਨਸੂਨ ਸੀਜ਼ਨ ਤੋਂ ਬਾਅਦ ਸ਼ੁਰੂ ਹੋ ਜਾਵੇਗਾ। ਇਸ ਲਈ ਪੰਜਾਬ ਸਰਕਾਰ ਵੱਲੋਂ 44 ਕਰੋੜ ਰੁਪਏ ਰੇਲਵੇ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਰੇਸ਼ ਧੀਂਗਾਨ, ਸ੍ਰੀਮਤੀ ਰਾਧਿਕਾ ਜੋਤਵਾਨੀ, ਨਰਿੰਦਰ ਮਸੌਣ, ਪ੍ਰਦੀਪ ਢੱਲ, ਰਾਹੁਲ ਵਰਮਾ, ਮਨਮੀਤ ਦੀਵਾਨ, ਸ੍ਰੀਮਤੀ ਮ੍ਰਿਦੁਲਾ ਜੈਨ ਅਤੇ ਹੋਰ ਵੀ ਹਾਜ਼ਰ ਸਨ।