ਵੈਟਨਰੀ ਯੂਨੀਵਰਸਿਟੀ ਨੇ ਸਕੂਲੀ ਬੱਚਿਆਂ ਨੂੰ ਮੱਛੀ ਵਿਗਿਆਨ ਖੇਤਰ ਵਿਚ ਸਿੱਖਿਆ ਤੇ ਰੁਜ਼ਗਾਰ ਬਾਰੇ ਕੀਤਾ ਸਿੱਖਿਅਤ

ਲੁਧਿਆਣਾ, 29 ਫਰਵਰੀ (ਬਿਊਰੋ) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਲੁਧਿਆਣਾ, ਬਰਨਾਲਾ ਅਤੇ ਬਠਿੰਡਾ ਦੇ 04 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪੱਟੀਦਰਜ ਭਾਈਚਾਰੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਮੱਛੀ ਵਿਗਿਆਨ ਖੇਤਰ ਵਿਚ ਸਿੱਖਿਆ ਤੇ ਰੁਜ਼ਗਾਰ ਉਦਮੀਪਨ ਬਾਰੇ ਸਿੱਖਿਅਤ ਕੀਤਾ ਗਿਆ। ਇਹ ਉਪਰਾਲਾ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਸੰਸਥਾ ਮੱਛੀ ਵਿਗਿਆਨ ਸਿੱਖਿਆ ਸੰਬੰਧੀ ਕੇਂਦਰੀ ਸੰਸਥਾ ਵੱਲੋਂ ਪ੍ਰਾਯੋਜਿਤ ਸੀ। ਡਾ. ਵਨੀਤ ਇੰਦਰ ਕੌਰ ਨੇ ਇਸ ਉਪਰਾਲੇ ਦੇ ਸੰਯੋਜਕ ਵਜੋਂ ਦੱਸਿਆ ਕਿ 200 ਤੋਂ ਵਧੇਰੇ ਵਿਦਿਆਰਥੀਆਂ ਨੂੰ ਇਸ ਤਹਿਤ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਵਿਚ ਡਾ. ਐਸ ਐਨ ਦੱਤਾ, ਡਾ. ਗਰਿਸ਼ਮਾ ਤਿਵਾੜੀ, ਡਾ. ਵਿਕਾਸ ਫੂਲੀਆ ਅਤੇ ਸ਼੍ਰੀ ਖੁਸ਼ਵੀਰ ਸਿੰਘ ਨੇ ਅਲੱਗ-ਅੱਲਗ ਸੈਸ਼ਨਾਂ ਵਿਚ ਜ਼ਿੰਮੇਵਾਰੀ ਨਿਭਾਈ। ਵਿਦਿਆਰਥੀਆਂ ਨੂੰ ਰਾਜ ਅਤੇ ਕੌਮੀ ਪੱਧਰੀ ਸਿੱਖਿਆ ਅਤੇ ਸਿੱਖਿਆ ਤੋਂ ਬਾਅਦ ਕਿੱਤਾ ਤੇ ਪੇਸ਼ੇਵਰ ਮੌਕਿਆਂ ਬਾਰੇ ਜਾਣੂ ਕਰਵਾਇਆ ਗਿਆ। 
    ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਕਿਹਾ ਕਿ ਬੱਚਿਆਂ ਦੀ ਯੁਵਾ ਮਾਨਸਿਕਤਾ ਨੂੰ ਸਮੇਂ ਸਿਰ ਚੰਗੇ ਢੰਗ ਨਾਲ ਪ੍ਰੇਰਿਤ ਕਰਕੇ, ਅਸੀਂ ਉਨ੍ਹਾਂ ਨੂੰ ਸੁਚੱਜੀ ਸਿੱਖਿਆ ਦੇ ਲੜ ਲਾ ਕੇ ਵਧੀਆ ਪੇਸ਼ੇਵਰ ਅਤੇ ਉਤਮ ਸ਼ਹਿਰੀ ਬਣਾ ਸਕਦੇ ਹਾਂ।
    ਡਾ. ਰਵੀਸ਼ੰਕਰ, ਸੀ ਐਨ, ਉਪ-ਕੁਲਪਤੀ ਮੱਛੀ ਵਿਗਿਆਨ ਸਿੱਖਿਆ ਸੰਬੰਧੀ ਕੇਂਦਰੀ ਸੰਸਥਾ, ਮੁੰਬਈ ਨੇ ਕਿਹਾ ਕਿ ਸਕੂਲੀ ਸਿੱਖਿਆ ਵਿਚ ਉਦਮੀਪਨ ਦੀ ਭਾਵਨਾ ਸ਼ਾਮਿਲ ਕਰਕੇ ਅਸੀਂ ਵਿਦਿਆਰਥੀਆਂ ਦੇ ਸਵੈ-ਵਿਸ਼ਵਾਸ ਅਤੇ ਗਿਆਨ ਨੂੰ ਬਹੁਤ ਪ੍ਰਫੁਿਲਤ ਕਰ ਸਕਦੇ ਹਾਂ। ਭਵਿੱਖ ਵਿਚ ਇਹ ਵਿਦਿਆਰਥੀ ਉੱਘੀਆਂ ਸੰਸਥਾਵਾਂ ਦਾ ਸ਼ਿੰਗਾਰ ਬਣ ਸਕਦੇ ਹਨ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਗੱਲ ਨੂੰ ਚਿੰਨ੍ਹਤ ਕੀਤਾ ਕਿ ਪਸ਼ੂਧਨ ਅਤੇ ਮੱਛੀ ਪਾਲਣ ਖੇਤਰ ਸਾਡੇ ਮੁਲਕ ਦੇ ਸਮਾਜੀ-ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਦਾ ਯੋਗਦਾਨ ਲਗਾਤਾਰ ਵੱਧ ਰਿਹਾ ਹੈ। ਆਤਮਨਿਰਭਰ ਭਾਰਤ ਅਭਿਆਨ ਤਹਿਤ ਯੂਨੀਵਰਸਿਟੀ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਇਨ੍ਹਾਂ ਕਿੱਤਿਆਂ ਅਤੇ ਪੇਸ਼ਿਆਂ ਨਾਲ ਜੋੜ ਰਹੀ ਹੈ।