ਵੈਟਨਰੀ ਯੂਨੀਵਰਸਿਟੀ ਨੇ ਮੂੰਹ-ਖੁਰ ਦੀ ਬਿਮਾਰੀ ਸੰਬੰਧੀ ਕਰਵਾਇਆ ਮਾਹਿਰਾਂ ਦਾ ਵਿਚਾਰ ਵਟਾਂਦਰਾ

ਲੁਧਿਆਣਾ, 29 ਫਰਵਰੀ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸੂਬੇ ਵਿਚ ਚੱਲ ਰਹੀ ਪਸ਼ੂਆਂ ਦੀ ਮੂੰਹ-ਖੁਰ ਬਿਮਾਰੀ ’ਤੇ ਕਾਬੂ ਪਾਉਣ ਸੰਬੰਧੀ ਨੀਤੀਆਂ ਬਾਰੇ ਇਕ ਵਿਚਾਰ ਚਰਚਾ ਕਰਵਾਈ ਗਈ । ਯੂਨੀਵਰਸਿਟੀ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਇਸ ਦਾ ਸੰਯੋਜਨ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਕਿਹਾ ਕਿ ਇਹ ਹੱਦਾਂ ਤੋਂ ਪਾਰ ਜਾਣ ਵਾਲੀ ਇਕ ਵਿਸ਼ਾਣੂ ਬਿਮਾਰੀ ਹੈ। ਜਦੋਂ ਪੰਜਾਬ ਵਿਚ ਇਸ ਬਿਮਾਰੀ ਨੇ ਦਸਤਕ ਦਿੱਤੀ ਉਦੋਂ ਤੋਂ ਹੀ ਇਸ ’ਤੇ ਕਾਬੂ ਪਾਉਣ ਲਈ ਯਤਨ ਆਰੰਭ ਕਰ ਦਿੱਤੇ ਗਏ ਅਤੇ ਮਾਹਿਰਾਂ ਨਾਲ ਇਹ ਕੌਮੀ ਪੱਧਰ ਦੀ ਵਿਚਾਰ ਚਰਚਾ ਵੀ ਇਸੇ ਮੰਤਵ ਹਿਤ ਰੱਖੀ ਗਈ ਹੈ।
    ਵਿਚਾਰ ਚਰਚਾ ਵਿਚ ਡਾ. ਰਾਬਿੰਦਰਾ ਪ੍ਰਸਾਦ ਸਿੰਘ, ਨਿਰਦੇਸ਼ਕ, ਮੂੰਹ-ਖੁਰ ਸੰਬੰਧੀ ਰਾਸ਼ਟਰੀ ਸੰਸਥਾ, ਭੁਵਨੇਸ਼ਵਰ ਨੇ ਡਾ. ਜੇ ਕੇ ਮੋਹਾਪਾਤਰਾ ਨਾਲ ਬਤੌਰ ਮਾਹਿਰ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਦੀ ਠੰਡੀ ਲੜੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਪੂਰਨ ਸੁਰੱਖਿਆ ਆਉਣ ਤਕ ਟੀਕਾਕਰਨ ਜਾਰੀ ਰਹਿਣਾ ਚਾਹੀਦਾ ਹੈ। ਜੈਵਿਕ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਏ। ਡਾ. ਮੋਹਾਪਾਤਰਾ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਸ਼ਾਣੂ ਦਾ ਆਖਰੀ ਕੇਸ ਪਸ਼ੂਆਂ ਵਿਚ ਆਉਣ ਤੋਂ ਤਿੰਨ ਮਹੀਨੇ ਬਾਅਦ ਪਸ਼ੂਆਂ ਦੀ ਜਾਂਚ ਬਹੁਤ ਜ਼ਰੂਰੀ ਹੈ।
    ਡਾ. ਗੁਰਸ਼ਰਨਜੀਤ ਸਿੰਘ ਬੇਦੀ, ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਪੰਜਾਬ ਵਿਚ ਇਸ ਬਿਮਾਰੀ ਦੀ ਸਥਿਤੀ ਬਾਰੇ ਚਾਨਣਾ ਪਾਇਆ ਅਤੇ ਪ੍ਰਭਾਵੀ ਕਦਮਾਂ ਦਾ ਜ਼ਿਕਰ ਕੀਤਾ। ਭਾਰਤੀ ਖੇਤੀ ਖੋਜ ਪਰਿਸ਼ਦ ਦੇ ਵਿਗਿਆਨੀਆਂ, ਸੂਬੇ ਅਤੇ ਕੌਮੀ ਪੱਧਰ ਦੇ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਨੇ ਇਸ ਵਿਚਾਰ ਚਰਚਾ ਵਿਚ ਉੱਘੇ ਰੂਪ ਵਿਚ ਯੋਗਦਾਨ ਪਾਇਆ। ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਆਪਣੀ ਸਮਾਪਨ ਟਿੱਪਣੀ ਵਿਚ ਕਿਹਾ ਕਿ ਸਾਨੂੰ ਘੇਰਾ ਵਿਧੀ ਨਾਲ ਟੀਕਾਕਰਨ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਬਿਮਾਰੀ ਦੇ ਕੇਂਦਰ ਬਿੰਦੂ ਦੇ ਆਲੇ-ਦੁਆਲੇ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ, ਵਿਭਿੰਨ ਮਾਹਿਰਾਂ ਅਤੇ ਕਿਸਾਨਾਂ ਦਾ ਇਸ ਵਿਚਾਰ ਚਰਚਾ ਵਿਚ ਹਿੱਸਾ ਪਾਉਣ ਲਈ ਧੰਨਵਾਦ ਪ੍ਰਗਟਾਇਆ।