ਲਾਜਪਤ ਰਾਏ ਰੋਡ ਪਾਸ ਕਰਨ ਦੇ ਬਾਵਜੂਦ ਨਾ ਬਣਾਉਣ ਤੋਂ ਦੁਖੀ ਹੋਏ ਦੁਕਾਨਦਾਰ ਦੁਕਨਦਾਰਾਂ ਨੂੰ ਗੁਮਰਾਹ ਕੀਤਾ ਜਾ ਰਿਹਾ-ਰਾਣਾ/ਕੈਂਥ

ਜਗਰਾਉਂ, ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਲਾਜਪਤ ਰਾਏ ਰੋਡ ਪਾਸ ਕਰਨ ਦੇ ਬਾਵਜੂਦ ਨਗਰ ਕੌਸਲ ਵਲੋਂ ਨਾ ਬਣਾਉਣ ਤੋਂ ਦੁਖੀ ਹੋਏ ਦੁਕਾਨਦਾਰ ਸਹਿਯੋਗੀਆਂ ਨੂੰ ਨਾਲ ਲੈ ਕੇ ਸੜਕ ਵਿਚਕਾਰ ਧਰਨੇ 'ਤੇ ਬੈਠ ਕੇ ਦੋਨੇ ਪਾਸਿਆਂ ਦੀ ਆਵਾਜਾਈ ਨੂੰ ਠੱਪ ਕਰ ਦਿੱਤਾ | ਉਨ੍ਹਾਂ ਨਗਰ ਕੌਸਲ ਦੀਆਂ ਬੇਨਿਯਮੀਆਂ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ | ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਜਲਦ ਹੀ ਇਸ ਸੜਕ ਨੂੰ ਬਣਾਉਣ ਦਾ ਭਰੋਸਾ ਦੇ ਕੇ ਦੁਕਾਨਦਾਰਾਂ ਨੂੰ ਧਰਨੇ ਤੋਂ ਉਠਾਇਆ | ਇਸ ਮੌਕੇ ਸਿਟੀ ਇੰਚਾਰਜ ਜਗਜੀਤ ਸਿੰਘ ਵੀ ਪਹੁੰਚੇ ਹੋਏ ਸਨ | ਧਰਨੇ 'ਤੇ ਬੈਠੇ ਮੋਹਿਤ ਜੈਨ, ਦੀਪਕ ਗੋਇਲ, ਮਨਮੋਹਣ ਸਿੰਗਲਾ, ਬਲਵਿੰਦਰ ਸਿੰਘ, ਗੋਰਾ ਲੱਧੜ, ਕਮਲ ਪਾਸੀ, ਵਿਨੋਦ ਲੇਖੀ, ਰਾਜੇਸ਼ ਕੁਮਾਰ, ਰਿਸ਼ੀ ਸਿੰਗਲਾ, ਵਿਜੈ ਕੁਮਾਰ ਆਦਿ ਨੇ ਕਿਹਾ ਕਿ ਪਹਿਲੇ ਦਰਜੇ ਦੀ ਅਖਵਾਉਣ ਵਾਲੀ ਜਗਰਾਉਂ ਨਗਰ ਕੌਸਲ ਇਲਾਕਾ ਨਿਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਹਰ ਪੱਖੋਂ ਅਸਫ਼ਲ ਹੈ | ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਉਣ ਦੇ ਬਾਵਜੂਦ ਸੜਕਾਂ ਦਾ ਬੁਰਾ ਹਾਲ ਹੈ | ਉਨ੍ਹਾਂ ਕਿਹਾ ਕਿ ਨਗਰ ਕੌਸਲ ਦੇ ਅਧਿਕਾਰੀਆਂ ਅਤੇ ਇਸ ਸੜਕ ਨਾਲ ਸਬੰਧਿਤ ਕੌਸਲਰਾਂ ਨੂੰ ਕਈ ਵਾਰ ਸਮੱਸਿਆ ਸਬੰਧੀ ਜਾਣੂ ਕਰਵਾਉਣ ਦੇ ਬਾਵਜੂਦ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਸਾਨੂੰ ਥੱਕ ਹਾਰ ਕੇ ਸੜਕਾਂ 'ਤੇ ਉਤਰਨਾ ਪਿਆ ਹੈ | ਇਸ ਮੌਕੇ ਨਗਰ ਕੌਸਲ ਦੇ ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਾਰਨ ਇਹ ਸੜਕ ਨਹੀਂ ਬਣ ਸਕੀ | ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ |
 ਇਸ ਸੜਕ 'ਤੇ ਪੈਂਦੇ ਵਾਰਡਾਂ ਦੇ ਕੌਸਲਰ ਜਤਿੰਦਰਪਾਲ ਰਾਣਾ ਤੇ ਕਮਲਜੀਤ ਸਿੰਘ ਕੈਂਥ ਨੇ ਦੱਸਿਆ ਕਿ ਠੇਕੇਦਾਰ ਵਲੋਂ ਸ਼ਰਤਾਂ ਨਾ ਪੂਰੀਆਂ ਕਰਨ ਕਾਰਨ ਇਸ ਸੜਕ ਨੂੰ ਬਣਾਉਣ ਵਿਚ ਦੇਰੀ ਹੋਈ ਹੈ | ਰਾਜਸੀ ਰੋਟੀਆਂ ਸੇਕਣ ਲਈ ਕੁਝ ਲੋਕ ਜਾਣਬੁਝ ਕੇ ਦੁਕਨਦਾਰਾਂ ਨੂੰ ਗੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤਕਨੀਕੀ ਕਾਰਨਾਂ ਨੂੰ ਦੂਰ ਕਰਕੇ ਇਸ ਸੜਕ ਨੂੰ ਇੰਟਰਲਾਕ ਟਾਈਲਾਂ ਨਾਲ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੜਕ ਨਾ ਬਣਨ ਦੇ ਕਾਰਨਾਂ ਪ੍ਰਤੀ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਹੋਇਆ ਹੈ | ਉਨ੍ਹਾਂ ਸੋੜੀ ਰਾਜਨੀਤੀ ਖੇਡਣ ਵਾਲੇ ਆਗੂਆਂ ਨੂੰ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਮਸਲੇ ਹੱਲ ਕਰਨ ਲਈ ਅੱਗੇ ਆਉਣ ਲਈ ਆਖਿਆ |