ਸਾਉਣੀ ਦੀਆਂ ਫਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਗੋਸ਼ਟੀ ਆਰੰਭ ਹੋਈ

*ਪੀ.ਏ.ਯੂ. ਵਾਈਸ ਚਾਂਸਲਰ ਨੇ ਖੋਜ ਅਤੇ ਪਸਾਰ ਕਾਮਿਆਂ ਨੂੰ ਖੇਤੀ ਚੁਣੌਤੀਆਂ ਸਾਹਵੇਂ ਡਟਣ ਦਾ ਸੱਦਾ 

ਲੁਧਿਆਣਾ, 22 ਫਰਵਰੀ(ਟੀ. ਕੇ.) 
ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ  ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਆਉਂਦੀ ਸਾਉਣੀ ਦੀਆਂ ਫਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਦਿਨਾਂ ਗੋਸ਼ਟੀ ਆਰੰਭ ਹੋਈ। ਇਸ ਗੋਸ਼ਟੀ ਵਿਚ ਸਾਉਣੀ ਦੀਆਂ ਫ਼ਸਲਾਂ ਦੀਆਂ ਕਿਸਮਾਂ ਤੋਂ ਲੈ ਕੇ ਕਾਸ਼ਤ ਨਾਲ ਸੰਬੰਧਿਤ ਮੁੱਦਿਆਂ, ਕੀੜਿਆਂ, ਬਿਮਾਰੀਆਂ ਅਤੇ ਮਸ਼ੀਨਰੀ ਸੰਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਗੋਸ਼ਟੀ ਵਿਚ ਪੀ.ਏ.ਯੂ. ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀਆਂ ਤੋਂ ਬਿਨਾਂ ਖੇਤੀਬਾੜੀ ਵਿਭਾਗ ਪੰਜਾਬ ਅਤੇ ਹੋਰ ਅਦਾਰਿਆਂ ਦੇ ਪਸਾਰ ਕਰਮੀ ਹਿੱਸਾ ਲੈ ਰਹੇ ਹਨ।

 ਆਰੰਭਕ ਸੈਸ਼ਨ ਵਿਚ ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੰਜਾਬ ਦੇ ਕੇਨ ਕਮਿਸ਼ਨਰ ਸ਼੍ਰੀ ਆਰ ਕੇ ਰਹੇਜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਉਹਨਾਂ ਨਾਲ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਮੰਚ ਤੇ ਮੌਜੂਦ ਰਹੇ। ਆਪਣੇ ਮੁੱਖ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਨੇ ਕਿਹਾ ਕਿ ਇਹ ਗੋਸ਼ਟੀ ਸਾਉਣੀ ਦੀਆਂ ਫਸਲਾਂ ਬਾਰੇ ਅਗਾਊਂ ਵਿਚਾਰ-ਚਰਚਾ ਦਾ ਮੌਕਾ ਹੈ। ਇਹ ਵਿਲੱਖਣ ਕਾਰਜ ਪੀ.ਏ.ਯੂ. ਅਤੇ ਪੰਜਾਬ ਦੇ ਪਸਾਰ ਕਰਮੀ ਮਿਲ ਕੇ ਇਕ ਰਵਾਇਤ ਵਾਂਗ ਕਰ ਰਹੇ ਹਨ ਅਤੇ ਇਸਦਾ ਉਸਾਰੂ ਪ੍ਰਭਾਵ ਪੰਜਾਬ ਦੀ ਖੇਤੀ ਦੇ ਵਿਕਾਸ ਉੱਪਰ ਦੇਖਣ ਨੂੰ ਮਿਲਿਆ ਹੈ। ਨਮਾਇਸ਼ਾਂ ਵਿਚ ਪ੍ਰਦਰਸ਼ਿਤ ਤਕਨਾਲੋਜੀਆਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਾਸ਼ਤ ਤਕਨੀਕਾਂ, ਕੀੜਿਆਂ, ਬਿਮਾਰੀਆਂ ਅਤੇ ਵਾਢੀ ਉਪਰੰਤ ਸਾਂਭ-ਸੰਭਾਲ ਦੇ ਸਾਰੇ ਮੁੱਦੇ ਇਸ ਗੋਸ਼ਟੀ ਦੌਰਾਨ ਵਿਚਾਰੇ ਜਾਣ ਦੀ ਪ੍ਰੰਪਰਾ ਹੈ। ਕਣਕ ਦੀ ਮੌਜੂਦਾ ਫਸਲ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਘੱਟ ਤਾਪਮਾਨ ਅਤੇ ਠੰਡ ਕਾਰਨ ਫਸਲ ਦੇ ਚੰਗੇ ਝਾੜ ਦੀ ਸੰਭਾਵਨਾ ਹੈ ਭਾਵੇਂ ਸੂਰਜੀ ਰੌਸ਼ਨੀ ਦਾ ਘੱਟ ਸਮਾਂ ਕਈ ਅੰਦੇਸ਼ੇ ਵੀ ਪੈਦਾ ਕਰਦਾ ਹੈ ਪਰ ਆਸ ਹੈ ਕਿ ਇਸ ਵਾਰ ਕੁਦਰਤ ਦੀ ਮਿਹਰ ਸਦਕਾ ਚੰਗੀ ਫਸਲ ਆਵੇਗੀ। ਡਾ. ਗੋਸਲ ਨੇ ਕਿਹਾ ਕਿ ਨੀਮ ਪਹਾੜੀ ਖੇਤਰਾਂ ਅਤੇ ਕੰਢੀ ਦੇ ਖਿੱਤੇ ਵਿਚ ਕਈ ਥਾਵਾਂ ਤੇ ਕਣਕ ਵਿਚ ਪੀਲੀ ਕੁੰਗੀ ਦੀਆਂ ਅਲਾਮਤਾਂ ਦੇਖਣ ਵਿਚ ਆਈਆਂ ਪਰ ਇਸਦਾ ਕਾਰਨ ਗੈਰ ਸਿਫ਼ਾਰਸ਼ੀ ਕਿਸਮਾਂ ਦੀ ਕਾਸ਼ਤ ਵਜੋਂ ਸਾਹਮਣੇ ਆਇਆ। ਉਹਨਾਂ ਕਿਹਾ ਕਿ ਪੀਲੀ ਕੁੰਗੀ ਦਾ ਸਾਹਮਣਾ ਕਰਨ ਵਾਲੀਆਂ ਅਤੇ ਸਿਫ਼ਾਰਸ਼ਸ਼ੁਦਾ ਕਿਸਮਾਂ ਦੀ ਬਿਜਾਈ ਹੀ ਕੀਤੀ ਜਾਵੇ। ਪੀ.ਏ.ਯੂ. ਦੀਆਂ ਵਧੇਰੇ ਪੌਸ਼ਕ ਤੱਤਾਂ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਡਾ. ਗੋਸਲ ਨੇ ਕੀਤੀ। ਉਹਨਾਂ ਨਾਲ ਹੀ ਕਿਹਾ ਕਿ ਕਰਨਾਲ ਬੰਟ ਤੋਂ ਬਚਾਅ ਲਈ ਬੀਜ ਦੀ ਸੋਧ ਜ਼ਰੂਰੀ ਹੈ ਅਤੇ ਗੁੱਲੀ ਡੰਡੇ ਦੀ ਰੋਕਥਾਮ ਨੂੰ ਚੁਣੌਤੀ ਵਾਂਗ ਲੈ ਕੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਲਾਗੂ ਕਰਨੀਆਂ ਲਾਜ਼ਮੀ ਹਨ। ਵਾਈਸ ਚਾਂਸਲਰ ਨੇ ਸਰਫੇਸ ਸੀਡਿੰਗ ਪ੍ਰਣਾਲੀ ਰਾਹੀਂ ਬੀਜੀ ਕਣਕ ਦੇ ਲਾਭ ਗਿਣਾਉਂਦਿਆਂ ਕਿਹਾ ਕਿ ਇਸ ਤਰਾਂ ਗੁੱਲੀਡੰਡੇ ਤੋਂ ਬਚਾਅ ਰਹਿੰਦਾ ਹੈ, ਕਣਕ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਡਿੱਗਣ ਤੋਂ ਬਚੀ ਰਹਿੰਦੀ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਹਨਾਂ ਕਿਹਾ ਕਿ ਸਰਫੇਸ ਸੀਡਿੰਗ ਰਾਹੀਂ ਬੀਜੀ ਕਣਕ ਦੇ ਟਰਾਇਲ ਉੱਚ ਅਧਿਕਾਰੀਆਂ ਨੂੰ ਦਿਖਾਏ ਜਾਣ ਤਾਂ ਜੋ ਹੋਰ ਕਿਸਾਨਾਂ ਨੂੰ ਇਸ ਦਿਸ਼ਾ ਵਿਚ ਪ੍ਰੇਰਿਤ ਕੀਤਾ ਜਾ ਸਕੇ। ਵੱਖ-ਵੱਖ ਫਸਲਾਂ ਜਿਵੇਂ ਦਾਲਾਂ, ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੀ ਕਾਸ਼ਤ ਵਧਾਉਣ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਨਿਸ਼ ਖੇਤਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਸੰਬੰਧ ਵਿਚ ਆਉਂਦੇ ਸਮੇਂ ਦੌਰਾਨ ਹੋਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਪੀ.ਏ.ਯੂ. ਦੀਆਂ ਸਰ੍ਹੋਂ ਦੀਆਂ ਕਿਸਮਾਂ ਬੀਜਣ ਦੀ ਗੱਲ ਕਰਦਿਆਂ ਕਿਹਾ ਕਿ ਮਾਹਿਰਾਂ ਨੇ ਇਸ ਵਿੱਚੋਂ ਕੜਵਾਹਟ ਅਤੇ ਫੈਟੀ ਤੇਜ਼ਾਬ ਦੇ ਤੱਤ ਘਟਾ ਦਿੱਤੇ ਹਨ। ਉਹਨਾਂ ਰਸੋਈ ਬਗੀਚੀ ਅਤੇ ਪੌਸ਼ਕ ਫਲਾਂ ਦੀ ਬਗੀਚੀ ਅਪਨਾਉਣ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਖਰਚ ਸੀਮਤ ਕਰਨ ਲਈ ਖੇਤੀ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਵੈ ਨਿਰਭਰ ਹੋਣਾ ਪਵੇਗਾ। ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਤੋਂ ਗੁਰੇਜ਼ ਕਰਨ ਲਈ ਡਾ. ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਇਸਦੀ ਕਾਸ਼ਤ ਕਰਨੀ ਹੀ ਹੋਵੇ ਤਾਂ ਤੁਪਕਾ ਸਿੰਚਾਈ ਵਿਧੀ ਅਪਨਾਈ ਜਾਵੇ। ਵਾਈਸ ਚਾਂਸਲਰ ਨੇ ਇਸਦੇ ਨਾਲ ਹੀ ਪਰਾਲੀ ਦੀ ਸੰਭਾਲ, ਸੰਯੁਕਤ ਕੀਟ ਪ੍ਰਬੰਧ, ਨਿੰਮ ਅਧਾਰਿਤ ਘਰੇਲੂ ਕੀਟ ਨਾਸ਼ਕ, ਸੰਯੁਕਤ ਪੋਸ਼ਕ ਪ੍ਰਬੰਧ ਅਤੇ ਜੀਵਾਣੂੰ ਖਾਦਾਂ ਸੰਬੰਧੀ ਪੀ.ਏ.ਯੂ. ਵੱਲੋਂ ਕੀਤੇ ਕਾਰਜਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰਾਂ ਨੂੰ ਪ੍ਰੇਰਿਤ ਕੀਤਾ। ਡਾ. ਗੋਸਲ ਨੇ ਕਿਹਾ ਕਿ ਪ੍ਰਵਾਸੀ ਕਿਸਾਨ ਸੰਮੇਲਨ ਦੌਰਾਨ ਪ੍ਰਵਾਸੀ ਕਿਸਾਨਾਂ ਨੇ ਖੇਤੀ ਨੂੰ ਖੇਤੀ ਕਾਰੋਬਾਰ ਵਾਂਗ ਅਪਨਾਉਣ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਸਨ, ਇਹੀ ਮਾਡਲ ਪੰਜਾਬ ਵਿਚ ਵੀ ਲਾਗੂ ਕਰਨਾ ਪਵੇਗਾ। ਉਹਨਾਂ ਨੇ ਮੁੱਲ ਵਾਧੇ ਲਈ ਮੁੱਢਲੀ ਪ੍ਰੋਸੈਸਿੰਗ ਵੱਲ ਕਿਸਾਨ ਨੂੰ ਮੋੜਨ ਹਿਤ ਪੀ.ਏ.ਯੂ. ਵੱਲੋਂ ਦਿੱਤੀ ਜਾਂਦੀ ਸਿਖਲਾਈ ਦੇ ਢਾਂਚੇ ਬਾਰੇ ਵੀ ਗੱਲ ਕੀਤੀ। ਡਾ. ਗੋਸਲ ਨੇ ਮੌਜੂਦਾ ਖੇਤੀ ਚੁਣੌਤੀਆਂ ਦੇ ਮੱਦੇਨਜ਼ਰ ਖੋਜ ਅਤੇ ਪਸਾਰ ਮਾਹਿਰਾਂ ਨੂੰ ਕਿਸਾਨੀ ਦੀ ਸੇਵਾ ਲਈ ਡੱਟ ਜਾਣ ਵਾਸਤੇ ਕਿਹਾ। ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਪਿਛਲੇ ਸਾਲ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ ਹੋਣ ਦੇ ਬਾਵਜੂਦ ਝੋਨੇ ਦੇ ਝਾੜ ਉੱਪਰ ਤਸੱਲੀ ਪ੍ਰਗਟਾਈ। ਉਹਨਾਂ ਸਿੱਧੀ ਬਿਜਾਈ ਨੂੰ ਤਰ ਵੱਤਰ ਤਕਨੀਕ ਦੇ ਰੂਪ ਵਿਚ ਵਿਕਸਿਤ ਕਰਨ, ਬਾਸਮਤੀ ਦੇ ਰਸਾਇਣਕ ਰਹਿੰਦ-ਖੂੰਹਦ ਨੂੰ ਕਾਬੂ ਕਰਨ ਲਈ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਜ਼ਮੀਨ ਦੀ ਸਖਤ ਤਹਿ ਤੋੜਨ ਲਈ ਚੀਜ਼ਲੰਿਗ ਦੀ ਸਿਫ਼ਾਰਸ਼ ਅਪਨਾਉਣ ਦੀ ਅਪੀਲ ਕੀਤੀ।

 
ਪੰਜਾਬ ਦੇ ਕੇਨ ਕਮਿਸ਼ਨਰ ਸ਼੍ਰੀ. ਆਰ ਕੇ ਰਹੇਜਾ ਨੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦੇ ਆਪਸੀ ਸੰਵਾਦ ਦੀਆਂ ਪ੍ਰਾਪਤੀਆਂ ਦੇ ਹਵਾਲੇ ਨਾਲ ਖੇਤੀਬਾੜੀ ਵਿਭਾਗ ਦੇ ਕਾਰਜ ਅਤੇ ਖੋਜ ਦੇ ਮੁੱਦਿਆਂ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਬੌਣੇਪਣ ਦਾ ਵਾਇਰਸ ਇੱਕ ਮੁੱਦਾ ਬਣਿਆ ਰਿਹਾ ਹੈ ਪਰ ਪੀ.ਏ.ਯੂ. ਨੇ ਇਸ ਦਿਸ਼ਾ ਵਿਚ ਖੋਜ ਕਰਕੇ ਕਿਸਾਨਾਂ ਨੂੰ ਅਗਵਾਈ ਦਿੱਤੀ ਹੈ। ਸਿੱਧੀ ਬਿਜਾਈ ਬਾਰੇ ਸਰਕਾਰੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਰਹੇਜਾ ਨੇ ਇਸ ਤਕਨੀਕ ਹੇਠ ਰਕਬਾ ਵਧਾਉਣ ਲਈ ਕੋਸ਼ਿਸ਼ਾਂ ਕਰਨ ਦੀ ਗੱਲ ਕੀਤੀ। ਨਰਮੇ ਵਿਚ ਉਹਨਾਂ ਨੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਬੇਮੌਸਮੀ ਕੋਸ਼ਿਸ਼ਾਂ ਵਧਾਉਣ ਅਤੇ ਨਰਮੇ ਦੀ ਚੁਗਾਈ ਲਈ ਮਸ਼ੀਨੀ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਨੂੰ ਠੱਲ੍ਹ ਪਾਉਣ ਅਤੇ ਈਥਾਨੋਲ ਉਤਪਾਦਨ ਲਈ ਮੱਕੀ ਵਿਚ ਸਟਾਰਚ ਮਾਦੇ ਦੇ ਵਾਧੇ ਵਾਲੀਆਂ ਕਿਸਮਾਂ ਵੱਲ ਧਿਆਨ ਦੁਆਇਆ। ਇਸ ਤੋਂ ਇਲਾਵਾ ਉਹਨਾਂ ਨੇ ਮਿੱਠੀ ਚਰੀ ਦੀਆਂ ਕਿਸਮਾਂ ਦੀ ਖੋਜ ਅਤੇ ਮੰਡੀਕਰਨ ਬਾਰੇ ਵਿਸਥਾਰ ਨਾਲ ਸਰਵੇਖਣ ਲਈ ਅਰਥਸ਼ਾਸ਼ਤਰੀਆਂ ਨੂੰ ਪ੍ਰੇਰਿਤ ਕੀਤਾ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੀ ਸਾਉਣੀ ਰੁੱਤ ਲਈ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਵੀਆਂ ਕਿਸਮਾਂ ਵਿਚ ਉਹਨਾਂ ਨੇ ਪੂਸਾ ਬਾਸਮਤੀ 1847 ਦਾ ਜ਼ਿਕਰ ਕੀਤਾ ਜੋ ਕਰੀਬਨ 100 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਉਸਦਾ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਚਾਰਾ ਮੱਕੀ ਦੀ ਕਿਸਮਾ ਜੇ 1008 ਬਾਰੇ ਗੱਲ ਕਰਦਿਆਂ ਉਹਨਾਂ ਪੁਰਾਣੀਆਂ ਕਿਸਮਾਂ ਨਾਲੋਂ ਪਹਿਲਾਂ ਪੱਕਣ ਵਾਲੀ ਅਤੇ ਸਾਈਲੇਜ ਲਈ ਢੁੱਕਵੀਂ ਕਿਸਮ ਕਿਹਾ। ਖਰ੍ਹਵੇਂ ਅਨਾਜਾਂ ਵਿਚ ਬਾਜਰੇ ਦੀ ਕਿਸਮ ਪੀ ਸੀ ਬੀ 167 ਅਤੇ ਪੰਜਾਬ ਚੀਨਾ 1 ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਰਾਗੀ ਆਦਿ ਕਿਸਮਾਂ ਉੱਪਰ ਵੀ ਬਰੀਡਿੰਗ ਕਾਰਜ ਕੀਤਾ ਜਾ ਰਿਹਾ ਹੈ। ਉਤਪਾਦਨ ਤਕਨੀਕਾਂ ਵਿਚ ਡਾ. ਢੱਟ ਨੇ ਨਵੇਂ ਫਸਲੀ ਚੱਕਰਾਂ ਦੀ ਸਿਫ਼ਾਰਸ਼ ਸਾਂਝੀ ਕੀਤੀ ਜੋ ਰਵਾਇਤੀ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਵੱਧ ਆਮਦਨ ਦੇਣ ਵਾਲੇ ਹਨ। ਇਸ ਤੋਂ ਇਲਾਵਾ ਸਿੱਧੀ ਬਿਜਾਈ ਵਾਲੇ ਝੋਨੇ ਲਈ ਰੂੜੀ ਦੀ ਖਾਦ, ਸੰਯੁਕਤ ਮੱਛੀ ਫਾਰਮਿੰਗ ਪ੍ਰਣਾਲੀ ਵਿਚ ਮੱਛੀ ਤਲਾਬ ਦੇ ਤਲਛਟ ਦੀ ਵਰਤੋਂ ਅਤੇ ਸੱਠੀ ਮੂੰਗੀ ਦੀ ਬਿਜਾਈ ਤੋਂ ਇਲਾਵਾ ਛੱਪੜਾਂ ਵਾਲੇ ਪਾਣੀ ਦੀ ਪਰਖ ਲਈ ਕਿੱਟ ਬਾਰੇ ਜਾਣਕਾਰੀ ਦਿੱਤੀ। ਪੌਦ ਸੁਰੱਖਿਆ ਤਕਨੀਕ ਵਿਚ ਉਹਨਾਂ ਨੇ ਜੈਵਿਕ ਅਤੇ ਗੈਰ ਜੈਵਿਕ ਹਾਲਤਾਂ ਵਿਚ ਝੋਨੇ ਅਤੇ ਬਾਸਮਤੀ ਦੇ ਬੂਟੇ ਦੇ ਟਿੱਡਿਆਂ ਦੇ ਹਮਲੇ ਦੀ ਰੋਕਥਾਮ, ਨਰਮੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ, ਮੱਕੀ ਵਿਚ ਫਾਲ ਆਰਮੀਵਰਮ ਦੀ ਰੋਕਥਾਮ ਅਤੇ ਛੋਲਿਆਂ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਖੇਤੀ ਮਸ਼ੀਨਰੀ ਵਿਚ ਉਹਨਾਂ ਰਿਮੋਟ ਵਾਲੇ ਪੈਡੀ ਟਰਾਂਸਪਲਾਂਟਰ ਅਤੇ ਸਪਰੇਅ ਲਈ ਡਰੋਨ ਸੰਬੰਧੀ ਕੀਤੀ ਖੋਜ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਹੋਰ ਤਕਨੀਕਾਂ ਵਿਚ ਸੋਇਆ ਪਾਊਡਰ ਤੋਂ ਤਿਆਰ ਦੁੱਧ ਅਤੇ ਮਿਲਟਸ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੀਆਂ ਤਕਨਾਲੋਜੀਆਂ ਗੋਸ਼ਟੀ ਵਿਚ ਪੇਸ਼ ਕੀਤੀਆਂ।

 
ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਹਨਾਂ ਕਿਹਾ ਕਿ ਇਹ ਗੋਸ਼ਟੀ ਇਤਿਹਾਸ ਵਿਚ ਪੰਜਾਬ ਦੀ ਕਿਸਾਨੀ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਉੱਨਤ ਤਕਨੀਕਾਂ ਤੋਂ ਜਾਣੂੰ ਕਰਾਉਂਦੀ ਰਹੀ ਹੈ। ਡਾ. ਭੁੱਲਰ ਨੇ ਪਸਾਰ ਮਾਹਿਰਾਂ ਨੂੰ ਨਿੱਠ ਕੇ ਵਿਚਾਰ-ਚਰਚਾ ਕਰਨ ਅਤੇ ਆਪਣੇ ਸੁਝਾਅ ਦੇਣ ਲਈ ਕਿਹਾ ਤਾਂ ਜੋ ਖੋਜ ਦੀ ਵਿਉਂਤਬੰਦੀ ਕੀਤੀ ਜਾ ਸਕੇ।

 
ਆਖਰ ਵਿਚ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਗੋਸ਼ਟੀ ਦੇ ਸਾਰਥਕ ਸਿੱਟਿਆਂ ਬਾਰੇ ਆਸ ਪ੍ਰਗਟ ਕੀਤੀ। ਸਮਾਰੋਹ ਦਾ ਸੰਚਾਲਨ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕੀਤਾ।

ਪਹਿਲੇ ਤਕਨੀਕੀ ਸੈਸ਼ਨ ਵਿਚ ਝੋਨੇ ਅਤੇ ਨਰਮੇ ਦੀ ਕਾਸ਼ਤ ਬਾਰੇ ਵਿਚਾਰ-ਚਰਚਾ ਹੋਈ। ਦੂਸਰੇ ਤਕਨੀਕੀ ਸੈਸ਼ਨ ਦੌਰਾਨ ਤੇਲਬੀਜਾਂ, ਚਾਰਿਆਂ ਅਤੇ ਛੋਟੇ ਅਨਾਜਾਂ ਸੰਬੰਧੀ ਮਾਹਿਰਾਂ ਨੇ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।

 
ਕੱਲ ਇਸ ਗੋਸ਼ਟੀ ਦੇ ਦੂਸਰੇ ਦਿਨ ਤੀਜੇ ਤਕਨੀਕੀ ਸੈਸ਼ਨ ਵਿਚ ਕਮਾਦ, ਦਾਲਾਂ ਅਤੇ ਮੱਕੀ ਬਾਰੇ ਵਿਚਾਰ ਲਈ ਚਰਚਾ ਹੋਵੇਗੀ। ਚੌਥਾ ਸੈਸ਼ਨ ਖੇਤੀ ਇੰਜਨੀਅਰਿੰਗ, ਜੰਗਲਾਤ, ਮਾਈਕ੍ਰੋਬਾਇਆਲੋਜੀ, ਜੀਵ ਵਿਗਿਆਨ ਅਤੇ ਅਰਥ ਸਾਸ਼ਤਰ ਦੇ ਮੁੱਦਿਆਂ ਨੂੰ ਵਿਚਾਰਨ ਲਈ ਰੱਖਿਆ ਜਾਵੇਗਾ। ਅੰਤ ਵਿਚ ਵਿਚਾਰ-ਚਰਚਾ ਲਈ ਇਕ ਸੈਸ਼ਨ ਰੱਖਿਆ ਗਿਆ ਹੈ।