ਪੀ.ਏ.ਯੂ. ਵਿਚ ਖੇਤੀ ਮਸ਼ੀਨਰੀ ਬਾਰੇ ਸਰਦ ਰੁੱਤ ਸਿਖਲਾਈ ਸਫਲਤਾ ਨਾਲ ਨੇਪਰੇ ਚੜ੍ਹੀ

ਲੁਧਿਆਣਾ, 22 ਫਰਵਰੀ(ਟੀ. ਕੇ.) ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵਲੋਂ ਸਰਦ ਰੁੱਤ ਸਿਖਲਾਈ ਸਕੂਲ ਅੱਜ ਸੰਪੰਨ ਹੋ ਗਿਆ। ਇਸ ਸਿਖਲਾਈ ਦੌਰਾਨ ਦੇਸ਼ ਭਰ ਦੀਆਂ ਵੱਖ ਵੱਖ ਖੇਤੀ ਸੰਸਥਾਵਾਂ ਤੋਂ ਡੇਢ ਦਰਜਨ ਦੇ ਕਰੀਬ ਸਿਖਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੇ ਵਧੀਕ ਨਿਰਦੇਸ਼ਕ ਜਨਰਲ ਡਾ. ਸੀਮਾ ਜੱਗੀ ਦਾ ਵਿਸ਼ੇਸ਼ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ। ਡਾ. ਜੱਗੀ ਨੇ ਆਪਣੇ ਸੰਦੇਸ਼ ਵਿਚ ਪੀ.ਏ.ਯੂ. ਦੀਆਂ ਮਸ਼ੀਨਰੀ ਸੰਬੰਧੀ ਖੋਜਾਂ ਅਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਇਸ ਸਿਖਲਾਈ ਨੂੰ ਫਸਲ਼ੀ ਰਹਿੰਦ-ਖੂੰਹਦ ਦੀ ਸੰਭਾਲ ਲਈ ਨਵਾਂ ਅਧਿਆਇ ਜੋੜਨ ਦਾ ਮੌਕਾ ਕਿਹਾ।
ਸਮਾਪਤੀ ਸਮਾਰੋਹ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਪਣੇ ਵਿਸ਼ੇਸ਼ ਭਾਸ਼ਣ ਵਿਚ ਇਸ ਸਿਖਲਾਈ ਸਕੂਲ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਦੀ ਰਹਿੰਦ ਖੂੰਹਦ ਦੀ ਸੰਭਾਲ ਨੂੰ ਤਕਨਾਲੋਜੀ ਦੇ ਆਸਰੇ ਸਮੱਸਿਆ ਤੋਂ ਸ਼ਕਤੀ ਬਣਾਇਆ ਜਾ ਸਕਦਾ ਹੈ। ਅਜੋਕਾ ਦੌਰ ਨਾ ਸਿਰਫ ਸੂਖਮ ਢੰਗਾਂ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਖੇਤੀ ਨੂੰ ਪ੍ਰਫੁੱਲਿਤ ਕਰਨ ਦਾ ਹੈ ਬਲਕਿ ਸੂਖਮ ਖੇਤੀ ਢੰਗਾਂ ਰਾਹੀਂ ਇਸਨੂੰ ਮੁੜ ਜੀਵੰਤ ਵਿਧੀਆਂ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਿਖਲਾਈ ਸਕੂਲ ਤੋਂ ਚਾਨਣ ਲੈ ਕੇ ਸਾਰੇ ਭਾਗੀਦਾਰ ਆਪਣੀਆਂ ਸੰਸਥਾਵਾਂ ਵਿੱਚ ਨਵੇਂ ਗਿਆਨ ਦਾ ਪ੍ਰਸਾਰ ਕਰਨਗੇ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਖੇਤੀ ਮਸ਼ੀਨਰੀ ਮਾਹਿਰ ਡਾ ਗੁਰਸਾਹਿਬ ਸਿੰਘ ਮਨੇਸ ਨੇ ਪੀ ਏ ਯੂ ਵਲੋਂ ਖੇਤੀ ਰਹਿੰਦ ਖੂੰਹਦ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਕ ਇਸ ਸਿਖਲਾਈ ਰਾਹੀਂ ਦੂਰ ਦੂਰ ਤਕ ਪਹੁੰਚਣ ਦਾ ਸਬੱਬ ਬਣੇਗਾ।
ਇਸ ਸਮਾਰੋਹ ਵਿਚ ਸਵਾਗਤ ਦੇ ਸ਼ਬਦ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ  ਮਹੇਸ਼ ਕੁਮਾਰ ਨਾਰੰਗ ਨੇ ਕਹੇ। ਉਨ੍ਹਾਂ ਨੇ ਸਿਖਲਾਈ ਦੌਰਾਨ ਅਪਣਾਈਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਹੱਥੀਂ ਸਿਖਲਾਈ ਦੇ ਨਾਲ-ਨਾਲ ਵਿਹਾਰਕ ਭਾਸ਼ਣ ਅਤੇ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਦੌਰੇ ਵੀ ਕਰਵਾਏ ਗਏ। ਡਾ. ਨਾਰੰਗ ਨੇ ਦੱਸਿਆ ਕਿ ਇਸ ਸਿਖਲਾਈ ਦਾ ਉਦੇਸ਼ ਖੇਤੀ ਰਹਿੰਦ-ਖੂੰਹਦ ਦੀ ਸੰਭਾਲ ਲਈ ਹਰ ਤਰ੍ਹਾਂ ਦੇ ਢੰਗ ਤਰੀਕਿਆਂ ਨੂੰ ਰੌਸ਼ਨੀ ਵਿਚ ਲਿਆਉਣਾ ਸੀ ਤਾਂ ਜੋ ਵਾਤਾਵਰਨ ਪੱਖੀ ਸਥਿਰ ਖੇਤੀ ਲਈ ਰਾਹ ਪੱਧਰਾ ਕੀਤਾ ਜਾ ਸਕੇ। ਇਸ ਮੌਕੇ ਉੱਘੇ ਮਸ਼ੀਨਰੀ ਮਾਹਿਰ ਅਤੇ ਸੀਨੀਅਰ ਪ੍ਰੋਫੈਸਰ ਡਾ. ਹਰਮਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਿਖਲਾਈ ਵਿਚ ਭਾਗ ਲੈਣ ਵਾਲੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅੰਤ ਵਿਚ ਪ੍ਰਮਾਣ ਪੱਤਰ ਵੀ ਦਿੱਤੇ ਗਏ। ਮਹਾਂਰਾਸ਼ਟਰ ਤੋਂ ਡਾ. ਸਮਿਤਾ, ਸ਼ੇਰੇ ਕਸ਼ਮੀਰ ਯੂਨੀਵਰਸਿਟੀ ਤੋਂ ਡਾ. ਰਈਸ ਮਲਿਕ ਅਤੇ ਪੀ.ਏ.ਯੂ. ਤੋਂ ਡਾ. ਰੁਪਿੰਦਰ ਚੰਦੇਲ ਨੇ ਆਪਣੀਆਂ ਰਾਵਾਂ ਅਤੇ ਸੁਝਾਅ ਸਾਂਝੇ ਕੀਤੇ।
ਸਿਖਲਾਈ ਸਕੂਲ ਦੇ ਕੁਆਰਡੀਨੇਟਰ ਡਾ. ਅਰਸ਼ਦੀਪ ਸੰਘੇੜਾ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ। ਇਕ ਹੋਰ ਕੋਆਰਡੀਨੇਟਰ ਡਾ. ਮਨਪ੍ਰੀਤ ਸਿੰਘ ਨੇ ਸਮਾਰੋਹ ਦਾ ਸੰਚਾਲਨ ਕੀਤਾ। ਇਸ ਮੌਕੇ ਵਿਭਾਗ ਦੇ ਵੱਖ-ਵੱਖ ਅਧਿਆਪਕ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।