You are here

ਦੁਕਾਨ ਚੋਂ ਲੱਖਾਂ ਦਾ ਸਮਾਨ ਚੋਰੀ,ਦੁਕਾਨਦਾਰਾਂ ਨੇ ਇਕੱਤਰ ਹੋ ਪੁਲਿਸ ਤੇ ਝਾੜਿਆ ਨਜ਼ਲਾ

ਤਲਵੰਡੀ  ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਦੁਕਾਨਾਂ ਤੋਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਜਿਸ ਕਾਰਣ ਦੁਕਾਨਦਾਰਾਂ ਅਤੇ ਵਪਾਰੀਆਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।ਤਾਜ਼ਾ ਘਟਨਾ 'ਚ ਸਥਾਨਕ ਨਗਰ ਦੇ ਬੱਸ ਅੱਡੇ ਨਜ਼ਦੀਕ ਇੱਕ ਗਾਰਮੈਂਟਸ ਦੀ ਦੁਕਾਨ 'ਤੇ ਰਾਤ ਸਮੇਂ ਚੋਰਾਂ ਵੱਲੋਂ ਭਾਰੀ ਮਾਤਰਾ 'ਚ ਸਮਾਨ ਅਤੇ ਨਗਦੀ ਚੋਰੀ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਉਕਤ ਦੁਕਾਨ ਵਿੱਚ ਕੁੱਝ ਦਿਨਾਂ 'ਚ ਹੀ ਦੂਜੀ ਵਾਰ ਚੋਰੀ ਹੋਣ 'ਤੇ ਦੁਕਾਨ ਮਾਲਕ ਅਤੇ ਹੋਰ ਦੁਕਾਨਦਾਰਾਂ ਨੇ ਇਕੱਤਰ ਹੋ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਿਰ ਕੀਤਾ। ਸ੍ਰੀ ਬਾਲਾ ਜੀ ਫੈਸ਼ਨ ਪੁਆਇੰਟ ਦੇ ਮਾਲਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ 15 ਦਿਨਾਂ 'ਚ ਦੂਜੀ ਵਾਰ ਚੋਰੀ ਹੋ ਗਈ ਹੈ ਪਰ ਪੁਲਸ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦੁਕਾਨਦਾਰ ਮੁਤਾਬਿਕ ਜਦੋਂ ਪਹਿਲਾਂ ਚੋਰੀ ਹੋਈ ਤਾਂ ਸ਼ਿਕਾਇਤ ਸਥਾਨਕ ਥਾਣੇ 'ਚ ਅਤੇ 100 ਨੰਬਰ 'ਤੇ ਵੀ ਪੁਲਿਸ ਕੋਲ ਦਰਜ਼ ਕਰਵਾਉਣ ਦੇ ਬਾਵਜ਼ੂਦ ਚੋਰਾਂ ਨੂੰ ਲੱਭਣ ਲਈ ਕੋਈ ਠੋਸ ਕਾਰਵਾਈ ਨਹੀ ਹੋਈ ਅਤੇ ਹੁਣ ਫਿਰ ਬੀਤੀ ਰਾਤ ਦੁਕਾਨ ਦੇ ਪਿਛੋ ਚੋਰਾਂ ਨੇ ਪਾੜ ਲਗਾ ਕੇ ਚੋਰੀ ਕਰ ਲਈ ਹੈ। ਦੁਕਾਨਦਾਰ ਅਨੁਸਾਰ ਪਿਛਲੀ ਚੋਰੀ ਦੌਰਾਨ ਚੋਰ ਪੰਜਾਹ ਹਜ਼ਾਰ ਦਾ ਸਮਾਨ ਲੈ ਗਏ ਸਨ ਜਦੋਂਕਿ ਹੁਣ ਕਰੀਬ ਇੱਕ ਲੱਖ ਰੁਪਏ ਤੋਂ ਵੱਧ ਦੀ ਚੋਰੀ ਸਾਹਮਣੇ ਆ ਰਹੀ ਹੈ। ਉੱਧਰ ਪੀੜਿਤ ਦੁਕਾਨਦਾਰ ਦੀ ਦੁਕਾਨ ਅੱਗੇ ਰੋਸ ਵਜੋਂ ਇਕੱਤਰ ਦੁਕਾਨਦਾਰਾਂ ਨੇ ਇਸ ਮੌਕੇ ਦੱਸਿਆ ਕਿ ਸ਼ਹਿਰ ਵਿੱਚ ਰੋਜ਼ਾਨਾਂ ਤਿੰਨ ਚਾਰ ਚੋਰੀਆਂ ਹੁੰਦੀਆਂ ਹਨ ਪਰ ਪੁਲਸ ਦੀ ਚੋਰਾਂ ਨੂੰ ਫੜਨ ਦੀ ਕਾਰਵਾਈ ਬਹੁਤ ਢਿੱਲੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਪੁਲਸ ਨੇ ਚੋਰਾਂ ਨੂੰ ਜਲਦੀ ਕਾਬੂ ਨਾ ਕੀਤਾ ਤਾਂ ਉਹ ਮੰਡੀ ਬੰਦ ਕਰਕੇ ਪੁਲਸ ਪ੍ਰਸਾਸ਼ਨ ਖਿਲਾਫ ਸੰਘਰਸ ਵਿੱਢਣਗੇ। ਦੂਜੇ ਪਾਸੇ ਨਵੇਂ ਆਏ ਥਾਣਾ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਸੀ ਸੀ ਟੀ ਵੀ ਫੁੱਟੇਜ਼ ਲੈ ਕੇ ਜਾਂਚ ਆਰੰਭ ਦਿੱਤੀ ਹੈ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।