ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ ਨੇ ਪਰਾਲੀ ਦੀ ਉਚਿਤ ਸੰਭਾਲ ਬਾਰੇ ਰਾਏਕੋਟ ਦੇ 34 ਪਿੰਡਾਂ ਨੂੰ ਅਪਣਾਇਆ

ਬੀ. ਪੀ. ਸੀ. ਐੱਲ., ਰਾਇਲ ਇੰਨਫੀਲਡ ਅਤੇ ਸੀ. ਆਈ. ਆਈ. ਫਾਉਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਦੱਧਾਹੂਰ ਵਿਖੇ ਵਿਸ਼ਾਲ ਜਾਗਰੂਕਤਾ ਸਮਾਗਮ
ਦੱਧਾਹੂਰ/ਬਰਨਾਲਾ, ਸਤੰਬਰ 2019 ( ਗੁਰਸੇਵਕ ਸੋਹੀ )-

ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਦੇ ਸਾਰਥਿਕ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਅਤੇ ਵਾਤਾਵਰਣ ਨੂੰ ਬਚਾਉਣ ਦੇ ਸੱਦੇ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹੁਣ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਉਣ ਲੱਗੀਆਂ ਹਨ। ਇਸੇ ਕੜੀ ਤਹਿਤ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ ਜਲਾਲਦੀਵਾਲ ਵੱਲੋਂ ਬੀ. ਪੀ. ਸੀ. ਐੱਲ., ਰਾਇਲ ਇੰਨਫੀਲਡ ਅਤੇ ਸੀ. ਆਈ. ਆਈ. ਫਾਉਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਦੱਧਾਹੂਰ ਵਿਖੇ ਵਿਸ਼ਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਸਮਾਗਮ ਦੀ ਪ੍ਰਮੁੱਖ ਪ੍ਰਬੰਧਕ ਸੰਸਥਾ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ ਜਲਾਲਦੀਵਾਲ ਵੱਲੋਂ ਇਸ ਸਮਾਗਮ ਦੌਰਾਨ ਇਲਾਕੇ ਦੇ 34 ਪਿੰਡਾਂ ਨੂੰ ਪਰਾਲੀ ਦੇ ਉਚਿਤ ਪ੍ਰਬੰਧਨ ਸੰਬੰਧੀ ਅਪਣਾਉਣ ਦਾ ਐਲਾਨ ਕੀਤਾ ਗਿਆ। ਫਾਉਂਡੇਸ਼ਨ ਦੇ ਡਾਇਰੈਕਟਰਾਂ ਐੱਚ. ਐੱਸ. ਸਿੱਧੂ ਅਤੇ ਤੋਤਾ ਸਿੰਘ ਨੇ ਦੱਸਿਆ ਕਿ ਉਨਾਂ ਦੀ ਫਾਉਂਡੇਸ਼ਨ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਅਤੇ ਪਰਾਲੀ ਨੂੰ ਧਰਤੀ ਦੇ ਵਿੱਚ ਹੀ ਵਾਹੁਣ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਸਿਖ਼ਲਾਈ ਦੇਣ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕਰਾਉਣ ਦਾ ਕੰਮ ਵੀ ਕਰਦੇ ਹਨ। ਉਨਾਂ ਕਿਹਾ ਕਿ ਫਸਲਾਂ ਦੀ ਵਾਢੀ ਦੌਰਾਨ ਉਨਾਂ ਦੀ ਟੀਮ ਦੇ ਮੈਂਬਰ ਕਈ-ਕਈ ਦਿਨ ਪਿੰਡਾਂ ਵਿੱਚ ਰਹਿ ਕੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਵੀ ਦਿੰਦੇ ਹਨ। ਉਨਾਂ ਕਿਹਾ ਕਿ ਉਨਾਂ ਨੇ ਇਹ ਕੰਮ ਪੰਜ ਸਾਲ ਪਹਿਲਾਂ 1 ਪਿੰਡ ਤੋਂ ਸ਼ੁਰੂ ਕੀਤਾ ਸੀ, ਹੁਣ ਇਹ ਗਿਣਤੀ 34 ਪਿੰਡਾਂ ਤੱਕ ਪਹੁੰਚ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਵਾਰ ਉਹ ਇਨਾਂ ਪਿੰਡਾਂ ਵਿੱਚ ਹਵਾ ਦੀ ਗੁਣਵੱਤਾ ਬਾਰੇ ਪਤਾ ਲਗਾਉਣ ਲਈ ਏਅਰ ਕੁਆਲਿਟੀ ਚੈੱਕ ਮਸ਼ੀਨਾਂ ਸਥਾਪਤ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਜਾਂਚ ਬਾਰੇ ਵੀ ਕੰਮ ਕਰ ਰਹੇ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਏਕੋਟ ਦੇ ਐੱਸ. ਡੀ. ਐੱਮ. ਹਿਮਾਂਸ਼ੂ ਗੁਪਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਸੱਦੇ 'ਤੇ ਪਰਾਲੀ ਨੂੰ ਸਾੜਨ ਦੀ ਬਿਜਾਏ ਇਸ ਦੇ ਉੱਚਿਤ ਪ੍ਰਬੰਧਨ ਲਈ ਸਹਿਯੋਗ ਕਰਨ। ਪਿੰਡ ਦੱਧਾਹੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਮੌਕੇ ਪ੍ਰਸਿੱਧ ਪੱਤਰਕਾਰ ਬਲਤੇਜ ਸਿੰਘ ਪੰਨੂੰ, ਸੀ. ਆਈ. ਆਈ. ਦੇ ਨੁਮਾਇੰਦੇ ਸ੍ਰੀਮਤੀ ਸੀਮਾ ਅਰੋੜਾ, ਅੰਕੁਰ ਗੰਭੀਰ ਬੀ. ਪੀ. ਸੀ, ਐੱਲ,. ਪੀ. ਏ. ਯੂ. ਤੋਂ ਡਾ. ਜਸਕਰਨ ਸਿੰਘ ਮਾਹਲ, ਡਾ. ਮਨਪ੍ਰੀਤ ਸਿੰਘ ਹੈੱਡ ਫਾਰਮ ਮਸ਼ੀਨਰੀ, ਮੁੱਖ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਪ੍ਰਿੰਸੀਪਲ ਸੰਤੋਖ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਕਈ ਪੰਚਾਇਤਾਂ ਦੇ ਨੁਮਾਇੰਦੇ, ਆਮ ਲੋਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ, ਜਿਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤੀ ਸੰਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।