ਵੈਟਨਰੀ ਯੂਨੀਵਰਸਿਟੀ ਦਾ ਯੁਵਕ ਮੇਲਾ ਦੋ ਪੜਾਵਾਂ ਵਿਚ ਕੀਤਾ ਜਾਏਗਾ

 ਸ਼ੁਰੂਆਤ 6 ਨਵੰਬਰ ਤੋਂ
ਲੁਧਿਆਣਾ 27 ਅਕਤੂਬਰ (ਟੀ. ਕੇ.) 
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਚ 6 ਨਵੰਬਰ  ਤੋਂ 17 ਨਵੰਬਰ  ਤੱਕ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ। ਪਹਿਲਾ ਪੜਾਅ 6 ਨਵੰਬਰ ਤੋਂ 9 ਨਵੰਬਰ ਤੱਕ ਅਤੇ ਦੂਸਰਾ ਪੜਾਅ 15 ਨਵੰਬਰ ਤੋਂ 17 ਨਵੰਬਰ ਤਕ ਹੋਵੇਗਾ। ਇਹ ਜਾਣਕਾਰੀ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦਿੱਤੀ। ਇਸ ਵਕਤ ਵਿਦਿਆਰਥੀਆਂ ਵਿਚ ਇਸ ਮੇਲੇ ਲਈ ਭਾਰੀ ਉਤਸ਼ਾਹ  ਅਤੇ ਚਾਅ ਪਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਬੜੀਆਂ ਜ਼ਿਕਰਯੋਗ ਕਾਰਗੁਜ਼ਾਰੀਆਂ ਦਰਜ ਕਰਦੇ ਹਨ। ਖੇਤੀਬਾੜੀ ਤੇ ਵੈਟਨਰੀ ਯੂਨੀਵਰਸਿਟੀਆਂ ਦੇ ਸਰਬ ਹਿੰਦ ਯੁਵਕ ਮੇਲਿਆਂ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਅਹਿਮ ਪ੍ਰਤੀਯੋਗਤਾਵਾਂ ਵਿੱਚ ਇਨਾਮ ਹਾਸਿਲ ਕੀਤੇ ਹਨ, ਇਸ ਲਈ ਆਪਣੀ ਯੂਨੀਵਰਸਿਟੀ ਵਿੱਚ ਕਰਵਾਇਆ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਲੱਭਣ ਦਾ ਇਕ ਵਧੀਆ ਮੰਚ ਬਣਦਾ ਹੈ। ਡਾ. ਰਾਮਪਾਲ ਨੇ ਦੱਸਿਆ ਕਿ ਮੇਲੇ ਦੇ ਸਾਰੇ ਕਾਰਜਾਂ ਤੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਸਿਰੇ ਚੜਾਉਣ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ।
ਮੇਲੇ ਵਿੱਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਏ ਪੀ ਐਸ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਪੜਾਅ ਵਿਚ ਵਿੱਚ 6 ਨਵੰਬਰ ਨੂੰ ਫੋਟੋਗ੍ਰਾਫੀ, ਕਵਿਜ਼, ਕਾਰਟੂਨ ਬਨਾਉਣ ਅਤੇ ਪੋਸਟਰ ਬਨਾਉਣ, 7 ਨਵੰਬਰ ਨੂੰ ਕੋਲਾਜ ਮੇਕਿੰਗ, ਕਲੇ ਮਾਡਲਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ, 8 ਨਵੰਬਰ ਨੂੰ ਰੰਗੋਲੀ, ਇੰਸਟਾਲੇਸ਼ਨ ਅਤੇ ਮੌਕੇ ’ਤੇ ਚਿੱਤਰਕਾਰੀ, 9 ਨਵੰਬਰ ਨੂੰ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਮੁਕਾਬਲੇ ਹੋਣਗੇ ਜਦੋਂ ਕਿ ਦੂਸਰੇ ਪੜਾਅ ਵਿਚ 15 ਨਵੰਬਰ ਨੂੰ ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਹੋਣਗੇ, 16 ਨਵੰਬਰ ਨੂੰ ਮਾਈਮ, ਸਕਿਟ, ਮਿਮਕਰੀ ਅਤੇ ਇਕਾਂਗੀ ਨਾਟਕ ਜਦਕਿ ਸਮਾਪਨ ਦਿਨ 17 ਨਵੰਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਦੇ ਮੁਕਾਬਲੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਇਸੇ ਦਿਨ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਜਾਵੇਗਾ। ਡਾ. ਨਿਧੀ ਸ਼ਰਮਾ, ਸਹਿ-ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਅਜਿਹੇ ਮੇਲਿਆਂ ਨਾਲ ਵਿਦਿਆਰਥੀਆਂ ਦਾ ਜਿੱਥੇ ਆਪਸ ਵਿੱਚ ਸਹਿਚਾਰ ਵਧਦਾ ਹੈ ਉੱਥੇ ਉਨ੍ਹਾਂ ਅੰਦਰ ਨਵਾਂ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਯੁਵਕ ਮੇਲਾ ਪੂਰਨ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ।
ਡਾ. ਰਾਮਪਾਲ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ।