ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਐੱਨਆਈਏ ਵੱਲੋਂ ਚਾਰਜਸ਼ੀਟ ਦਾਇਰ

ਮੁੰਬਈ, ਮਈ- ਵੱਖਰਾ ਰਾਜ ਖਾਲਿਸਤਾਨ ਬਣਾਉਣ ਦੇ ਉਦੇਸ਼ ਨਾਲ ਸਿੱਖ ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮਹਾਰਾਸ਼ਟਰ ਏਟੀਐੱਸ ਨੇ ਇਸ ਸਬੰਧੀ ਪੁਣੇ ਤੋਂ ਹਰਪਾਲ ਸਿੰਘ ਨਾਇਕ ਨੂੰ ਗ੍ਰਿਫ਼ਤਾਰ ਕਰਕੇ ਦਸੰਬਰ 2018 ਵਿੱਚ ਕੇਸ ਦਰਜ ਕੀਤਾ ਸੀ। ਏਟੀਐੱਸ ਨੇ ਨਾਇਕ ਤੋਂ ਇੱਕ ਹਥਿਆਰ ਤੇ ਪੰਜ ਕਾਰਤੂਸ ਬਰਾਮਦ ਕੀਤੇ ਸਨ। ਨਾਇਕ ਦੀ ਗ੍ਰਿਫ਼ਤਾਰੀ ਤੋਂ ਕੁੱਝ ਦਿਨ ਬਾਅਦ ਮੋਹਿਉੂਦੀਨ ਸਿੱਦੀਕੀ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਇਸ ਤੋਂ ਬਾਅਦ ਏਟੀਐੱਸ ਨੇ ਇਹ ਕੇਸ ਐਨਆਈਏ ਨੂੰ ਸੌਂਪ ਦਿੱਤਾ ਸੀ।
ਐੱਨਆਈਏ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਨਾਇਕ, ਸਿੱਦੀਕੀ ਅਤੇ ਭਗੌੜੇ ਮੁਲਜ਼ਮ ਗੁਰਜੀਤ ਸਿੰਘ ਨਿੱਝਰ ਨੇ ਖਾਲਿਸਤਾਨ ਕਾਇਮ ਕਰਨ ਲਈ ਅਤਿਵਾਦੀ ਵਾਰਦਾਤ ਦੀ ਸਾਜਿਸ਼ ਘੜੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਇਹ ਤਿੰਨੇ ਦੇਸ਼ ਦੀ ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਲਈ ਖਤਰਾ ਹਨ ਤੇ ਸਿੱਖ ਖਾੜਕੂਵਾਦ ਮੁੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਗਤਾਰ ਸਿੰਘ ਹਵਾਰਾ ਅਤੇ ਅਪਰੇਸ਼ਨ ਬਲਿਊ ਸਟਾਰ ਦੀਆਂ ਵੀਡੀਓ ਤੇ ਫੋਟੋਆਂ ਦੀ ਵੀ ਆਪਣੇ ਮਕਸਦ ਲਈ ਵਰਤੋਂ ਕਰਦੇ ਸਨ। ਇਸ ਕੇਸ ਵਿੱਚ ਪੰਜਾਬ ਵਾਸੀ ਨਿੱਝਰ ਦੇ ਇਸ ਸਮੇਂ ਸਾਈਪਰਸ ਵਿੱਚ ਹੋਣ ਬਾਰੇ ਪਤਾ ਲੱਗਾ ਹੈ। ਚਾਰਜਸ਼ੀਟ ਵਿੱਚ ਇਨ੍ਹਾਂ ਵਿਰੁੱਧ 120ਬੀ, ਆਰਮਜ਼ ਐਕਟ, ਮਹਾਰਾਸ਼ਟਰ ਪੁਲੀਸ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਪੁਣੇ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿੱਚ ਐਨਆਈਏ ਨੇ ਦਿੱਲੀ ਤੋਂ ਸੁੰਦਰ ਲਾਲ ਪ੍ਰਾਸ਼ਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਸਿੱਦੀਕੀ ਨੂੰ ਦੇਸੀ ਪਿਸਤੌਲ ਦਿੱਤਾ ਸੀ। ਪ੍ਰਾਸ਼ਰ ਦਾ ਨਾਂ ਵੀ ਦੋਸ਼ ਪੱਤਰ ’ਚ ਸ਼ਾਮਲ ਹੈ।