You are here

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 41 ਵਾਂ ਦਿਨ 

ਸ਼ਹੀਦਾਂ ਦੀ ਚਰਨ ਛੂਹ ਭੋਏਂ ‘ਤੇ ਜਦ ਮਾਨਵੀ ਹੱਕਾਂ ਲਈ ਜੂਝਣ ਦਾ ਤਹੱਈਆ ਕਰਕੇ ਭੁੱਖ ਹੜਤਾਲ ‘ਤੇ ਬੈਠਦੇ ਹਾਂ ਤਾਂ ਜਜ਼ਬਾ ਤੇ ਚਾਓ ਚੜ੍ਹ ਜਾਂਦਾ ਹੈ-ਦੇਵ ਸਰਾਭਾ
ਮੁੱਲਾਂਪੁਰ ਦਾਖਾ 2 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ)-ਅਸੀਂ ਬਾਬਾ ਜੀ (ਸ਼ਹੀਦ ਕਰਤਾਰ ਸਿੰਘ ਸਰਾਭਾ) ਵਰਗੇ ਸ਼ਹੀਦਾਂ ਦੀ ਚਰਨ ਧੂੜ ਬਰਾਬਰ ਵੀ ਨਹੀਂ ਹਾਂ। ਪਰ, ਉਨ੍ਹਾਂ ਦੇ ਚਰਨ ਛੂਹ ਭੋਏਂ ‘ਤੇ ਸਿਜ਼ਦਾ ਕਰਕੇ, ਜਦ ਮਾਨਵੀ ਹੱਕਾਂ ਲਈ ਜੂਝਣ ਦਾ ਤਹੱਈਆ ਕਰਕੇ ਭੁੱਖ ਹੜਤਾਲ ‘ਤੇ ਬੈਠਦੇ ਹਾਂ ਤਾਂ ਅਜ਼ੀਬ ਜੇਹੀ ਕਸ਼ਸ਼, ਅਜ਼ੀਬ ਜਿਹਾ ਸਕੂਨ, ਅਜੀਬ ਜਿਹਾ ਜਜ਼ਬਾ ਤੇ ਚਾਓ ਚੜ੍ਹ ਜਾਂਦਾ ਹੈ, ਕਿ ਮੇਰੇ ਵਰਗਿਆਂ ਦੇ ਜੀਵਨ ਦਾ ਕੁਝ ਹਿੱਸਾ ਕਿਸੇ ਲਈ ਕੰਮ ਤਾਂ ਆ ਰਿਹਾ ਹੈ। ਅਸੀਂ ਮਾਨਵੀ ਹੱਕਾਂ ਲਈ ਅਵਾਜ਼ ਤਾਂ ਬਣ ਰਹੇ ਹਾਂ।
41 ਦਿਨਾਂ ਤੋਂ ਨਿਰੰਤਰ ਰੋਜਾਨਾ ਭੁੱਖ ਹੜਤਾਲ ‘ਤੇ ਬੈਠਦੇ ਆ ਰਹੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਮੀਡੀਆ ਸਨਮੁੱਖ ਗੱਲਬਾਤ ਕਰਦਿਆਂ ਕਿਹਾ ਕਿ ਇਕ ਗੱਲ ਸਪੱਸ਼ਟ ਕਰ ਦੇਵਾਂ ਕਿ ਸ਼ਾਂਤਮਈ ਤੇ ਬਿਨਾ ਕਿਸੇ ਲੋਭ-ਲਾਲਚ ਦੇ ਮਾਨਵੀ ਹੱਕਾਂ ਲਈ ਜੂਝਣ ਦਾ ਜਜ਼ਬਾ ਸਾਡੇ ਪੁਰਖਿਆਂ ਨੇ ਪੱਲੇ ਬੰਨਿਆ, ਬੇ-ਸ਼ੱਕ ਕੋਈ ਜੂਝਾਰੂ ਬਿਰਤੀ ਮੰਨੇ, ਇਹ ਤਾਂ ਸਾਡੇ ਬਾਬਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਬਖਸ਼ਿਸ਼ ਹੋ ਸਕਦੀ ਹੈ। ਸ਼ਾਇਦ ਇਸੇ ਕਰਕੇ ਇੱਥੇ ਲਗਾਤਾਰ ਬੈਠਣ ਦਾ ਸੁਭਾਗ ਅਵਸਰ ਨਸੀਬ ਹੁੰਦਿਆਂ ਮਾਣ ਵੀ ਮਹਿਸੂਸ ਹੁੰਦਾ ਹੈ। ਉਨ੍ਹਾਂ ਅਸਿੱਧੇ ਰੂਪ ‘ਚ ਸੱਤ੍ਹਾ ਦਾ ਅਨੰਦ ਮਾਨਣ ਵਾਲਿਆਂ ‘ਤੇ ਤੰਜ਼ ਕਸਦਿਆਂ ਕਿਹਾ ਚੰਡੀਗੜ੍ਹ ਦੀ ਹਿੱਕ ‘ਤੇ ਖੜ੍ਹ ਕੇ ਜਦ ਕੇਂਦਰੀ ਗ੍ਰਹਿ ਮੰਤਰੀ ਚੰਡੀਗੜ੍ਹ ਸਬੰਧੀ ਕੁਝ ਬੋਲ ਗਿਆ ਤਾਂ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਦੀ ਹੁਣ ਤੱਕ ਚੁੰਝ ਕਿਉਂ ਬੰਦ ਰਹੀ? ਕਿਉਂ ਨਾ ਦੱਸਿਆ ਗਿਆ ਕਿ ਪੰਜਾਬ ਦੇ 28 ਪਿੰਡ ਉਜਾੜ ਕੇ ਵਸਾਏ ਚੰਡੀਗੜ੍ਹ ਤੋਂ ਕਿਸਾਨ-ਮਜ਼ਦੂਰ ਨੂੰ ਉਜਾੜਿਆ ਤੇ ਹੁਣ ਸਾਡੀ ਮਾਂ ਬੋਲੀ ‘ਪੰਜਾਬੀ’ ਤੇ ਪੰਜਾਬੀਆਂ ਨੂੰ ਬਾਹਰ ਭਜਾਉਣ ਦਾ ਸਿੱਧਾ ਹਮਲਾ ਹੈ। ਸਾਹਮਣੇ ਦਿਸਦੇ ਮੁਨਾਫੇ ਨਾਲੋਂ ਲੁਕਵੇਂ ਵੱਡੇ ਨੁਕਸਾਨ ਨੂੰ ਵੀ ਸਮਝੋ। ‘ਦੇਵ ਸਰਾਭਾ’ ਨੇ  ਦੱਸਿਆ ਕਿ ਪੰਜਾਬੀਆਂ ਨੇ 117 ਵਿਧਾਇਕ, 13 ਮੈਂਬਰ ਪਾਰਲੀਮੈਂਟ ਤੇ ਰਾਜ ਸਭਾ ਮੈਂਬਰ ਹੱਕਾਂ ਦੀ ਹਿਫਾਜ਼ਤ ਲਈ ਚੁਣੇ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਬਿਆਨਬਾਜੀ ਨਾਲੋਂ ਸਪੱਸ਼ਟ ਕਾਰਵਾਈ ਕਰਨੀ ਚਾਹੀਦੀ ਹੈ।ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਸ਼ਾਸ਼ਨ/ਪ੍ਰਸ਼ਾਸ਼ਨ ‘ਤੇ ਦਬਾਅ ਬਣਾਇਆ ਜਾਵੇ।ਬੰਦੀ ਸਿੰਘਾਂ ਦੀ ਰਿਹਾਈ ਲਈ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਗ੍ਰੰਥੀ ਸਭਾ ਦੇ ਕੌਮੀ ਵਾਈਸ ਪ੍ਰਧਾਨ ਦਵਿੰਦਰ ਸਿੰਘ ਭਨੋਹਡ਼,ਮੋਹਣ ਸਿੰਘ ਮੋਮਨਾਬਾਦੀ,ਹਰਬੰਸ ਸਿੰਘ, ਪਰਮਿੰਦਰ ਸਿੰਘ ਬਿੱਟੂ ਸਰਾਭਾ ਆਦਿ ਸਹਿਯੋਗੀਆਂ ਸਮੇਤ ਬਲਦੇਵ ਸਿੰਘ ਦੇਵ ਸਰਾਭਾ ਭੁੱਖ ਹਡ਼ਤਾਲ ਤੇ ਬੈਠੇ ਇਨ੍ਹਾਂ ਤੋਂ ਇਲਾਵਾ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਲਖਵਿੰਦਰ ਸਿੰਘ ਖਾਲਸਾ ਨਾਰੰਗਵਾਲ ਕਲਾ,ਜਗਵਿੰਦਰ ਸਿੰਘ ਖਾਲਸਾ ਨਾਰੰਗਵਾਲ,ਬਲੌਰ ਸਿੰਘ ਸਰਾਭਾ ,ਕੁਲਦੀਪ ਸਿੰਘ ਬਿੱਲੂ ਕਿਲ੍ਹਾ ਰਾਏਪੁਰ,ਕੈਪਟਨ ਰਾਮਲੋਕ ਸਿੰਘ ਸਰਾਭਾ,ਦਵਿੰਦਰ ਸਿੰਘ ਟੂਸੇ,ਹਰਬੰਸ ਸਿੰਘ ਹਿਸੋਵਾਲ,ਗੁਰਪ੍ਰੀਤ ਸਿੰਘ ਨਾਰੰਗਵਾਲ,ਦਲਜੀਤ ਸਿੰਘ ਟੂਸੇ,ਕੁਲਜੀਤ ਸਿੰਘ ਭੰਵਰਾ ਸਰਾਭਾ , ਹਰਦੀਪ ਸਿੰਘ,ਤੇਜ ਕੌਰ ਟੂਸੇ,ਸੁਖਵਿੰਦਰ ਸਿੰਘ ਸਹੌਲੀ ,ਬਲਦੇਵ ਸਿੰਘ ਈਸ਼ਨਪੁਰ,ਮਨਜਿੰਦਰ ਸਿੰਘ ਸਰਾਭਾ, ਬਲਵਿੰਦਰ ਸਿੰਘ, ਸਰਾਭਾ ਰਾਮਪਾਲ ਸਿੰਘ ਸਰਾਭਾ,ਸਨੀ ਕੁਮਾਰ ਆਦਿ ਨੇ ਹਾਜ਼ਰੀ ਭਰੀ।