ਪਾਕਿਸਤਾਨੀ ਤਸਕਰ ਭਾਰਤ ਨੂੰ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਨ ਲਈ ਜਿਆਦਾਤਰ ਡਰੋਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਬੀ.ਐਸ.ਐਫ ਦੇ ਜਵਾਨਾਂ ਨੇ ਹੁਣ ਤੱਕ ਕਈ ਪਾਕਿਸਤਾਨੀ ਡਰੋਨਾਂ ਨੂੰ ਮਾਰ ਡਿਗਾਇਆ ਹੈ ਅਤੇ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਵੀ ਬਰਾਮਦ ਕੀਤੇ ਹਨ। ਸੀਮਾ ਸੁਰੱਖਿਆ ਬਲਾਂ ਤੇ ਪੁਲਿਸ ਵੱਲੋਂ ਗੁਰਦਾਸਪੁਰ ਵਿੱਚ ਫੜੇ ਗਏ ਪਾਕਿਸਤਾਨੀ ਡਰੋਨਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਵੱਡੇ ਤੋਂ ਛੋਟੇ ਡਰੋਨਾਂ ਬਾਰੇ ਜਾਣਕਾਰੀ ਦਿੱਤੀ ਗਈ ।
ਜਾਣਕਾਰੀ ਦਿੰਦਿਆਂ ਡੀ.ਐਸ.ਪੀ ਮੇਜਰ ਡਾ: ਸ਼ੀਤਲ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਭਾਰਤ ਨੂੰ ਨਸ਼ੇ ਅਤੇ ਹਥਿਆਰ ਭੇਜਣ ਲਈ ਕਈ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਵਾਲੇ ਡਰੋਨਾਂ ਦੀ ਵਰਤੋਂ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਅਜਿਹੇ ਕਈ ਡਰੋਨ ਫੜੇ ਗਏ ਹਨ ਅਤੇ ਕਈ ਗੋਲੀਬਾਰੀ ਕਰਕੇ ਮਾਰ ਡਿਗਾਏ ਹਨ , ਜਿਨ੍ਹਾਂ ਦੀ ਵਰਤੋਂ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਾਕਿਸਤਾਨ ਨੇ ਪਹਿਲੀ ਵਾਰ ਡਰੋਨ ਰਾਹੀਂ ਡਰੱਗ ਭੇਜਣੀ ਸ਼ੁਰੂ ਕੀਤੀ ਸੀ ਤਾਂ 2020 'ਚ ਬੀ.ਐੱਸ.ਐੱਫ ਦੇ ਜਵਾਨਾਂ ਨੇ ਚੀਨ ਦੀ ਇਕ ਕੰਪਨੀ ਦਾ ਬਹੁਤ ਵੱਡਾ ਡੀ.ਜੀ.ਆਈ. ਪ੍ਰੋ ਮੈਕਸ ਡਰੋਨ ਫੜਿਆ ਸੀ ਅਤੇ ਉਸ ਸਮੇਂ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਪਾਕਿਸਤਾਨ ਡਰੋਨਾਂ ਰਾਹੀਂ ਭਾਰਤ ਨੂੰ ਡਰੱਗਜ਼ ਭੇਜ ਸਕਦਾ ਹੈ। ਪਾਕਿਸਤਾਨ ਹਮੇਸ਼ਾ ਨਵੀਂ ਤਕਨੀਕ ਵਾਲੇ ਡਰੋਨਾਂ ਦੀ ਵਰਤੋਂ ਕਰਕੇ ਭਾਰਤ ਨੂੰ ਡਰੱਗਜ਼ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਜ਼ਿਆਦਾਤਰ ਚੀਨ ਦੇ ਡੀ.ਜੀ.ਆਈ.ਮੈਟਟਰੈਸ ਅਤੇ ਮੈਵਿਕ ਦੀ ਵਰਤੋਂ ਕਰ ਰਿਹਾ ਹੈ, ਜੋ ਦਿੱਖ ਵਿੱਚ ਬਹੁਤ ਛੋਟੇ ਹੁੰਦੇ ਹਨ ਅਤੇ 5 ਕਿਲੋ ਤੱਕ ਦਾ ਭਾਰ ਚੁੱਕ ਸਕਦੇ ਹਨ, ਇਹਨਾਂ ਦਾ ਸ਼ੋਰ ਵੀ ਘੱਟ ਹੈ ਅਤੇ ਇਹਨਾਂ ਡਰੋਨਾਂ ਦੀ ਰੇਂਜ 7 ਤੋਂ 8 ਕਿਲੋਮੀਟਰ ਤੱਕ ਹੈ। ਆਪਰੇਟਰ ਪਾਕਿਸਤਾਨ ਵਿੱਚ ਬੈਠ ਕੇ ਇਸਨੂੰ ਆਸਾਨੀ ਨਾਲ ਆਪਰੇਟ ਕਰ ਸਕਦੇ ਹਨ ਪਰ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਕੋਲ ਨਵੀਂ ਤਕਨੀਕ ਦੇ ਐਂਟੀ ਡਰੋਨ ਸਿਸਟਮ ਹੋਣ ਕਾਰਨ ਇਨ੍ਹਾਂ ਡਰੋਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਮਾਰ ਡਿਗਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਅਜਿਹੇ ਡਰੋਨਾਂ ਦਾ ਪਤਾ ਲਗਾ ਕੇ ਵੱਡੀ ਗਿਣਤੀ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਜੋ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਗਏ ਸਨ |