ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਲੁਧਿਆਣਾ 24 ਸਤੰਬਰ (   ਕਰਨੈਲ ਸਿੰਘ ਐੱਮ ਏ      ) ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਇਹ ਨਾਮ ਅਭਿਆਸ ਸਮਾਗਮ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਗੁਰਮਤਿ ਵੀਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਫਰੀਦ ਜੀ ਦੇ ਜੀਵਨ ਰਾਹੀ ਕਿਹਾ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ  ਨਾਲ ਜੁੜ ਕੇ ਬਾਬਾ ਫਰੀਦ ਜੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜਿਹੜੇ ਵਿਅਕਤੀ ਨਾਮ ਰਸ ਵਿੱਚ ਭਿੱਜ ਜਾਂਦੇ ਹਨ ਉਹ ਬਾਹਰੀ ਵਸਤੂਆਂ ਬਾਰੇ ਨਹੀਂ ਸੋਚਦੇ ਹਨ। ਕਿਉਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਸੰਸਾਰ ਦੀ ਸਮੁੱਚੀ ਤਾਕਤ ਸਮਾਈ ਹੋਈ ਹੈ ਸਿਮਰਨ ਕੀਤਿਆਂ ਸੰਸਾਰ ਦੀ ਹਰ ਵਸਤੂ ਪ੍ਰਾਪਤ ਹੋ ਸਕਦੀ ਹੈ।ਸਤਿਗੁਰਾਂ ਨੇ ਬਾਣੀ ਰਾਹੀਂ ਸਮਝਾਉਣਾ ਕੀਤਾ ਹੈ ਕਿ ਪਰਮਾਤਮਾ ਸਾਰੀਆਂ ਦਾਤਾਂ ਦਾ ਮਾਲਕ ਹੈ ਤੇ ਜੋ ਵਾਹਿਗੁਰੂ ਕਿਸੇ ਨੂੰ ਕੁੱਝ ਨਾ ਦੇਣਾ ਚਾਹੇ ਤੇ ਸੰਸਾਰ ਦੀਆਂ ਲੱਖਾਂ ਬਾਹਵਾਂ ਜ਼ੋਰ ਲਾ ਲੈਣ ਨਹੀਂ ਮਿਲ ਸਕਦਾ ਤੇ ਜੇ ਪਰਮੇਸ਼ਰ ਦੇਣ ਤੇ ਆ ਜਾਏ ਫਿਰ ਸੰਸਾਰ ਜ਼ੋਰ ਲਾ ਲਵੇ ਨਹੀਂ ਖੋਹ ਸਕਦਾ। ਇਸ ਕਰਕੇ ਦਾਤਾਂ ਨਾਲ ਜੁੜਨ ਨਾਲੋਂ ਉਸ ਦਾਤਾਰ ਨਾਲ ਜੁੜਨਾ ਚਾਹੀਦਾ ਹੈ। ਦਾਤਾਂ ਛੱਪੜ ਸਮਾਨ ਹਨ ਤੇ ਪਰਮੇਸ਼ਰ ਸਮੁੰਦਰ ਹੈ ਇਸ ਕਰਕੇ ਸਮੁੰਦਰ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਦਾ ਸਿਮਰਨ ਕਰਕੇ ਜੀਵਨ ਨੂੰ ਲੇਖੇ ਲਾਉਣ ਦਾ ਜਤਨ ਕਰਨਾ ਚਾਹੀਦਾ ਹੈ। ਉਪਰੰਤ ਧੰਨ ਧੰਨ ਬਾਬਾ ਸ਼੍ਰੀ ਗੁਰੂ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ ਨੇ ਆਪਣਾ ਸਾਰਾ ਜੀਵਨ ਬੰਦਗੀ ਕਰਦਿਆਂ ਉਦਾਸੀਨ ਸੰਪਰਦਾ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।