You are here

ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦਾ ਛੇਵਾਂ ਇਜਲਾਸ ਸਫ਼ਲਤਾ ਪੂਰਵਕ  ਨੇਪਰੇ ਚੜ੍ਹਿਆ

ਲੁਧਿਆਣਾ 06 ਅਗਸਤ (ਟੀ. ਕੌਰ) -ਅੱਜ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ, ਪੰਜਾਬ ਦਾ ਛੇਵਾਂ ਇਜਲਾਸ ਕੀਤਾ ਗਿਆ। ਇਜਲਾਸ ਵਿੱਚ ਵੱਖ-ਵੱਖ ਕਾਰਖਾਨਿਆਂ ਦੇ ਲਗਭਗ 90 ਮਜਦੂਰਾਂ ਨੇ ਹਿੱਸਾ ਲਿਆ। ਇਸ ਇਜਲਾਸ ਵਿੱਚ ਪਿਛਲੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ ਸਿਆਸੀ-ਜਥੇਬੰਦਕ  ਰਿਪੋਰਟ ਪੜ੍ਹੀ ਗਈ ਜਿਸ ਪ੍ਰਾਪਤੀਆਂ ਤੇ ਕਮੀਆਂ ਦਾ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਕੰਮਾਂ ਉੱਤੇ ਨੁਕਤਾਵਾਰ ਗੱਲ ਕੀਤੀ। ਇਸ ਤੋਂ ਬਾਅਦ ਵਿੱਚ ਸਰਗਰਮੀ ਰਿਪੋਰਟ ਤੇ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਗਈ।
 ਇਜਲਾਸ ਚ ਪੁੱਜੇ ਮੈਂਬਰਾਂ ਨੇ ਜਥੇਬੰਦੀ ਦੇ ਸਾਬਕਾ ਪ੍ਰਧਾਨ ਸਾਥੀ ਰਾਜਵਿੰਦਰ ਅਤੇ ਉਪ-ਪ੍ਰਧਾਨ ਗੁਰਦੀਪ ਨੂੰ ਸ਼ੁਭਕਾਮਨਾਵਾਂ ਸਹਿਤ ਕਮੇਟੀ ਵਿੱਚੋਂ ਵਿਦਾਈ ਦਿੱਤੀ। ਆਉਣ ਵਾਲੇ ਸਮੇਂ ਦੌਰਾਨ ਜੱਥੇਬੰਦੀ ਦੇ ਕੰਮ ਸੁਚਾਰੂ ਢੰਗ ਨਾਲ਼ ਚਲਾਉਣ ਲਈ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ ਅਤੇ 11 ਮੈਂਬਰੀ ਕਮੇਟੀ ਨੇ ਜਗਦੀਸ਼ ਸਿੰਘ ਨੂੰ ਪ੍ਰਧਾਨ, ਵਿਸ਼ਾਲ ਨੂੰ ਜਨਰਲ ਸਕੱਤਰ, ਛੋਟੇ ਲਾਲ ਨੂੰ ਖਜ਼ਾਨਚੀ ਅਤੇ ਰਾਮ ਸਿੰਘ, ਧਰਮੇਸ਼, ਪ੍ਰਮੋਦ, ਰਵਿੰਦਰ, ਵਿਸ਼ਵਨਾਥ, ਗੁਰਪ੍ਰੀਤ, ਬੁੱਧਰਤਨ ਤੇ ਸੰਜੂ ਨੂੰ ਕਮੇਟੀ ਮੈਂਬਰ ਚੁਣਿਆ। ਇਸ ਮੌਕੇ 'ਤੇ ਭਾਈਚਾਰਾ ਜਥੇਬੰਦੀ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ ਨੇ ਵਧਾਈ ਦਿੱਤੀ।

ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਨੇ ਕਿਹਾ ਕਿ ਅੱਜ ਮਜਦੂਰ ਜਮਾਤ ਇੱਕ ਬੇਹੱਦ ਚਣੌਤੀਪੂਰਣ ਹਲਾਤਾਂ ਵਿੱਚੋਂ ਲੰਘ ਰਹੀ ਹੈ ਜਦੋਂ ਇੱਕ ਪਾਸੇ ਤਾਂ ਲੱਕ ਤੋੜ ਮਹਿੰਗਾਈ ਦੀ ਮਾਰ ਹੈ ਅਤੇ ਵੱਡੀ ਅਬਾਦੀ ਆਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕਰ ਪਾ ਰਹੀ ਅਤੇ ਦੂਜੇ ਪਾਸੇ ਸਰਕਾਰ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਤਹਿਤ ਸਰਮਾਏਦਾਰਾਂ ਨੂੰ ਖੁੱਲ੍ਹ ਦੇ ਕੇ ਮਜਦੂਰ-ਕਿਰਤੀਆਂ ਦੀ ਲੁੱਟ ਤੇਜ ਕਰ ਰਹੀ ਹੈ। ਰੋਜਾਨਾ ਹੁੰਦੀਆਂ ਛਾਂਟੀਆਂ, ਤਾਲਾਬੰਦੀਆਂ ਕਾਰਨ ਬੇਰੋਜਗਾਰੀ ਦੀ ਝੰਬੀ ਵੱਡੀ ਮਜ਼ਦੂਰ ਅਬਾਦੀ ਅੱਜ ਪਹਿਲਾਂ ਨਾਲੋਂ ਵੀ ਘੱਟ ਤਨਖਾਹ ਅਤੇ ਪੀਸਰੇਟ ਤੇ ਕੰਮ ਕਰਨ ਲਈ ਮਜ਼ਬੂਰ ਹੋ ਗਈ ਹੈ। ਕਾਰਖਾਨਿਆਂ ਚ ਬੁਨਿਆਦੀ ਹੱਕ ਵੀ ਲਾਗੂ ਨਹੀਂ ਅਤੇ ਮਜਦੂਰਾਂ ਨੂੰ ਸਖ਼ਤ ਅਸੁਰੱਖਿਤ ਥਾਵਾਂ ਤੇ ਕੰਮ ਕਰਨਾ ਪੈ ਰਿਹਾ ਹੈ। ਇਹਨਾਂ ਹਲਾਤਾਂ ਵਿੱਚ ਮਜ਼ਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਸ਼ੁਰੂ ਤੋਂ ਹੀ ਮਜ਼ਦੂਰ-ਕਿਰਤੀ ਅਬਾਦੀ ਨੂੰ ਸਿੱਖਿਅਤ ਅਤੇ ਲਾਮਬੰਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਮਜ਼ਦੂਰਾਂ-ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੇਗੀ।

ਇਜਲਾਸ ਵਿੱਚ ਮਨੀਪੁਰ-ਹਿੰਸਾ ਦੇ ਵਿਰੋਧ, ਨੂਹ(ਮੇਵਾਤ) ਚ ਸਰਕਾਰ ਦੀ ਸ਼ੈਅ ਤੇ ਭੜਕੀ ਹਿੰਸਾ, ਕਿਰਤ ਕਨੂੰਨਾਂ ਚ ਮਜ਼ਦੂਰ ਵਿਰੋਧੀ ਸੋਧਾਂ, ਵੱਧਦੀ ਮਹਿੰਗਾਈ ਦੇ ਵਿਰੋਧ ਵਿੱਚ ਅਤੇ ਉੜੀਸਾ ਹਾਦਸੇ ਦੀ ਜਿੰਮੇਵਾਰ ਭਾਜਪਾ ਸਰਕਾਰ ਦੇ ਵਿਰੋਧ ਚ ਮਤੇ ਪਾਸ ਕੀਤੇ ਗਏ। ਇਜਲਾਸ ਸਮੇਂ ਮੰਚ-ਸੰਚਾਲਨ ਸਾਥੀ ਵਿਸ਼ਾਲ ਨੇ ਕੀਤਾ। ਇਸ ਮੌਕੇ ਇਨਕਲਾਬੀ ਸੱਭਿਆਚਾਰਕ ਮੰਚ ਦਸਤਕ ਵੱਲੋਂ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।