ਗੁ: ਦਮਦਮਾ ਸਾਹਿਬ ਪਾ:ਛੇਵੀਂ ਕਿਲਾ ਰਾਏਪੁਰ ਵਿਖੇ ਬੰਦੀ ਛੋੜ  ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਣਗੇ

 

  ਲੁਧਿਆਣਾ 16 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਬੁੱਢਾ ਦਲ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਦੂਸਰੀ ਸ਼ਹੀਦੀ ਸ਼ਤਾਬਦੀ 14 ਮਾਰਚ 2023 ਵਿੱਚ ਆ ਰਹੀ ਹੈ ਸਮੁੱਚੇ ਖਾਲਸਾ ਪੰਥ ਵਲੋਂ ਚੜਦੀ ਕਲਾ ਨਾਲ ਮਨਾਈ ਜਾਵੇਗੀ, ਇਸ ਸਮੇਂ ਬੁੱਢਾ ਦਲ ਵੱਲੋਂ ਅਪਣੀਆਂ ਛਾਉਣੀਆਂ ਤੇ ਗੁਰਦੁਆਰਾ ਸਾਹਿਬਾਨ ਵਿੱਚ ਮਨਾਏ ਜਾਣ ਵਾਲੇ ਸਾਰੇ ਧਾਰਮਿਕ ਸਮਾਗਮ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤੇ ਗਏ ਹਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਬਿਆਨ ਵਿੱਚ ਦਸਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਪਾ: ਛੇਵੀਂ ਕਿਲਾ ਰਾਏਪੁਰ ਵਿਖੇ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਪੂਰਨ ਸਰਧਾ ਭਾਵਨਾ ਨਾਲ ਬੁੱਢਾ ਦਲ ਵਲੋਂ ਮਨਾਇਆ ਜਾਵੇਗਾ। ਗੁਰਦੁਆਰਾ ਸਾਹਿਬ ਦੇ ਮਹੰਤ ਸੇਵਾਦਾਰ ਬਾਬਾ ਨਿੱਕਾ ਸਿੰਘ ਹਨ ਜੋ ਪ੍ਰਬੰਧਕੀ ਤਿਆਰੀਆਂ ਦੀ ਦੇਖ ਰੇਖ ਕਰ ਰਹੇ ਹਨ। ਸ. ਬੇਦੀ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਕਿਲਾ ਰਾਏਪੁਰ ਵਿਖੇ ਬੰਦੀ ਛੋੜ ਪੁਰਬ ਅਤੇ ਦੀਵਾਲੀ ਨੁੰ ਸਮਰਪਿਤ ਸਾਰੇ ਗੁਰਮਤਿ ਸਮਾਗਮ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਤਾਬਦੀ ਨੁੰ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀਬਾਣੀ ਦੇ ਸ੍ਰੀ ਆਖੰਡ ਪਾਠ ਅਰੰਭ ਹੋਣਗੇ ਅਤੇ 22 ਅਕਤੂਬਰ ਨੂੰ ਸਵੇਰੇ 10:30 ਵਜੇ ਭੋਗ ਪੈਣਗੇ ਉਪਰੰਤ ਧਾਰਮਿਕ ਦੀਵਾਨ ਸੱਜਣਗੇ ਜਿਨ੍ਹਾਂ ਵਿੱਚ ਰਾਗੀ, ਢਾਡੀ, ਕਵੀਸ਼ਰ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।