ਜਗਰਾਉਂ, ਅਗਸਤ 2019 -(ਜਸਮੇਲ ਸਿੰਘ ਗਾਲਿਬ, ਮਨਜਿੰਦਰ ਗਿੱਲ , ਸਤਪਾਲ ਸਿੰਘ ਦੇਹੜਕਾ, ਇਕਬਾਲ ਸਿੰਘ ਰਸੂਲਪੁਰ)-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ ਸਰੀਰਕ ਤੌਰ 'ਤੇ ਤੁਰ ਜਾਣ ਦੇ 76 ਵਰ੍ਹੇ ਬਾਅਦ ਅੱਜ 28 ਅਗਸਤ 2019 ਨੂੰ ਲੱਖਾਂ ਸੰਗਤਾਂ ਨੇ ਉਸ ਰੱਬੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਸਜਾਏ ਨਗਰ ਕੀਰਤਨ ਵਿਚ ਸਵੇਰ ਵੇਲੇ ਸੰਗਤਾਂ ਦਾ ਸੈਲਾਬ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਉਮੜ ਪਿਆ । ਨਗਰ ਕੀਰਤਨ ਤੋਂ ਪਹਿਲਾਂ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਆਸਣ ਵਿਖੇ ਦੀਵਾਨ ਸਜਾਏ ਗਏ, ਜਿਸ ਵਿਚ ਮਹਾਂਪੁਰਖਾਂ ਨੇ ਪ੍ਰਵਚਨ ਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨ੍ਹਾ ਕੀਰਤਨ ਕੀਤਾ । ਅਰਦਾਸ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਨੇ ਕੀਤੀ ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸੀਸ 'ਤੇ ਬਿਰਾਜਮਾਨ ਕਰ ਕੇ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਕੀਤਾ ।ਜੈਕਾਰਿਆਂ ਦੀ ਗੂੰਜ ਨਾਲ ਇਹ ਨਗਰ ਕੀਰਤਨ ਮੁੱਖ ਦਰਬਾਰ ਸੱਚਖੰਡ ਸਾਹਿਬ ਤੋਂ ਸ਼ੁਰੂ ਹੋਇਆ | ਇਸ ਨਗਰ ਕੀਰਤਨ ਵਿਚ ਬੈਂਡ ਵਾਜਿਆਂ ਦੀਆਂ ਟੀਮਾਂ ਧਾਰਮਿਕ ਧੁੰਨਾਂ ਰਾਹੀਂ ਫਿਜ਼ਾ ਅੰਦਰ ਰੂਹਾਨੀਅਤ, ਗਤਕਾ ਪਾਰਟੀਆਂ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਵਿਚ ਜੋਸ਼ ਭਰ ਰਹੀਆਂ ਸਨ । ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਕੇ ਆਪਣੀ ਸ਼ਰਧਾ ਪ੍ਰਗਟਾ ਰਹੀਆਂ ਸਨ । ਫੁੱਲਾਂ ਨਾਲ ਸਜਿਆ ਪੂਰਾ ਦਰਬਾਰ ਇਕ ਮਨਮੋਹਕ ਦਿ੍ਸ਼ ਪੇਸ਼ ਕਰ ਰਿਹਾ ਸੀ । ਇਹ ਨਗਰ ਕੀਰਤਨ ਮੁੱਖ ਦਰਬਾਰ ਤੋਂ ਸ਼ੁਰੂ ਹੋ ਕੇ ਸਰੋਵਰ ਦੀ ੍ਰਪਰਿਕਰਮਾ ਕਰ ਕੇ ਮੁੜ ਮੁੱਖ ਦਰਬਾਰ ਵਿਖੇ ਹੀ ਸਮਾਪਤ ਹੋਇਆ । ਇਸ ਮੌਕੇ ਸੰਤ ਬਾਬਾ ਲੱਖਾਂ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਵਾਲੇ, ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਸੰਤ ਬਾਬਾ ਜੋਰਾ ਸਿੰਘ ਬੱਧਨੀ, ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ, ਬਾਬਾ ਗੁਰਬਖਸ਼ ਸਿੰਘ ਬੱਧਨੀ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਰਵਿੰਦਰ ਸਿੰਘ ਤਖਾਣਬੱਧ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਕਰਨੈਲ ਸਿੰਘ ਝੋਰੜਾਂ, ਬਾਬਾ ਆਗਿਆਪਾਲ ਸਿੰਘ ਆਦਿ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਕਿਹਾ । ਉਨ੍ਹਾਂ ਵਲੋਂ ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮਿ੍ਤਪਾਨ ਕਰਨ ਲਈ ਵੀ ਆਖਿਆ ਗਿਆ । ਇਸ ਤੋਂ ਇਲਾਵਾ ਪੂਰੀ ਰਾਤ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ । ਮਹਾ ਪੁਰਸ਼ਾਂ ਵਲੋਂ ਪਾਠੀ ਸਿੰਘਾਂ ਨੂੰ ਪ੍ਰਸਾਦਾ ਆਪਣੇ ਹੱਥੀ ਸਕਾਇਆ ਗਿਆ। ਬਾਬਾ ਹਰਬੰਸ ਸਿੰਘ ਜੀ ਨਾਨਕਸਰ ਨੇ ਦੱਸਿਆ ਕਿ ਨਾਨਕਸਰ ਕਲੇਰਾਂ ਜਗਰਾਉਂ ਵਿਖੇ 29 ਅਗਸਤ 2019 ਨੂੰ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਸਵੇਰੇ 10 ਵਜੇ ਪਾਉਣ ਉਪਰੰਤ ਦੀਵਾਨ ਸਜਣਗੇ, ਜਿਸ ਵਿਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੰਤ ਮਹਾਂਪੁਰਖ, ਕੀਰਤਨੀ ਜਥਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕਰਨਗੇ । ਇਸ ਤੋਂ ਇਲਾਵਾ ਨਾਨਕਸਰ ਵਿਖੇ ਬਾਬਾ ਗੇਜਾ ਸਿੰਘ ਨਾਨਕਸਰ ਤੇ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦਾ ਜਥਾ ਸਵੇਰੇ 11 ਵਜੇ ਅੰਮਿ੍ਤ ਘਰ ਨਾਨਕਸਰ ਵਿਖੇ ਅੰਮਿ੍ਤਪਾਨ ਕਰਵਾਉਣਗੇ ।
(ਇਹ ਸਾਰਾ ਅੱਖੀਂ ਡਿੱਠਾ ਹਾਲ ਦੇਖੋ ਵੀਡੀਓ)